ਹੁਣ ਤੇਜ਼ੀ ਨਾਲ ਤਰੱਕੀ ਕਰ ਰਿਹੈ ਭਾਰਤ: ਧਨਖੜ
ਨਾਗਪੁਰ, 15 ਸਤੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਇੱਥੇ ਕਿਹਾ ਕਿ ਭਾਰਤ ਹੁਣ ‘ਸੁਸਤ ਅਵਸਥਾ’ ਵਿੱਚ ਨਹੀਂ ਹੈ ਸਗੋਂ ਦੇਸ਼ ਹੁਣ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇੱਥੇ ਰਾਮਦੇਵਬਾਬਾ ਯੂਨੀਵਰਸਿਟੀ ਵਿੱਚ ਡਿਜੀਟਲ ਟਾਵਰ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਕਿ ਸਿੱਖਿਆ ਇੱਕ ਸੇਵਾ ਹੈ, ਵਪਾਰ ਨਹੀਂ। ਉਨ੍ਹਾਂ ਕਿਹਾ, ‘‘ਗੁਣਵੱਤਾਪੂਰਨ ਸਿੱਖਿਆ ਲੋਕਤੰਤਰ ਨੂੰ ਪਰਿਭਾਸ਼ਿਤ ਕਰਦੀ ਹੈ ਅਤੇ ਜੋ ਗੁਣਵੱਤਾਪੂਰਨ ਸਿੱਖਿਆ ਤੁਸੀਂ ਹਾਸਲ ਕਰ ਰਹੇ ਹੋ ਉਹ ਵਿਕਾਸ ਨੂੰ ਪਰਿਭਾਸ਼ਿਤ ਕਰਦੀ ਹੈ ਅਤੇ 2047 ਤੱਕ ਪੂਰੀ ਤਰ੍ਹਾਂ ਵਿਕਸਤ ਰਾਸ਼ਟਰ ਬਣਨ ਦੇ ਸਾਡੇ ਟੀਚੇ ਨੂੰ ਤੇਜ਼ੀ ਨਾਲ ਅੱਗੇ ਵਧਾਏਗੀ।”
ਉਨ੍ਹਾਂ ਕੌਮਾਂਤਰੀ ਲੋਕਤੰਤਰ ਦਿਵਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਚੰਗੇ ਸ਼ਾਸਨ ਦਾ ਸਾਧਨ ਹੈ। ਧਨਖੜ ਨੇ ਕਿਹਾ ਕਿ ਦੇਸ਼ ਹੁਣ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਇਸ ਦੀ ਤਰੱਕੀ ਹੁਣ ਰੋਕੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਤੇਜ਼ੀ ਨਾਲ ਹੋਇਆ ਹੈ ਅਤੇ ਆਲਮੀ ਸੰਸਥਾਵਾਂ ਅਨੁਸਾਰ ਦੇਸ਼ ਨਿਵੇਸ਼ ਅਤੇ ਮੌਕਿਆਂ ਲਈ ਇੱਕ ਤਰਜੀਹੀ ਮੰਜ਼ਿਲ ਹੈ। ਉਨ੍ਹਾਂ ਕਿਹਾ, ‘‘ਭ੍ਰਿਸ਼ਟਾਚਾਰ ਸਾਡੇ ਸਮਾਜ ਨੂੰ ਖਾ ਰਿਹਾ ਸੀ। ਭ੍ਰਿਸ਼ਟਾਚਾਰ ਤੋਂ ਬਿਨਾ ਕੋਈ ਨੌਕਰੀ ਠੇਕਾ ਅਤੇ ਮੌਕਾ ਨਹੀਂ ਮਿਲਦਾ ਸੀ। ਸੱਤਾ ਦੇ ਗਲਿਆਰੇ ਭ੍ਰਿਸ਼ਟਾਚਾਰ ਨਾਲ ਭਰੇ ਹੋਏ ਸਨ ਅਤੇ ਨੌਜਵਾਨ ਲੜਕੇ-ਲੜਕੀਆਂ ਲਈ ਇਹ ਬਹੁਤ ਨਿਰਾਸ਼ਾਜਨਕ ਸੀ।’’ ਧਨਖੜ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਸੱਤਾ ਦੇ ਗਲਿਆਰਿਆਂ ਤੋਂ ਹਮੇਸ਼ਾ ਲਈ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, “ਹੁਣ ਸੱਤਾ ਦੇ ਗਲਿਆਰੇ ਇਨ੍ਹਾਂ ਭ੍ਰਿਸ਼ਟ ਅਨਸਰਾਂ ਤੋਂ ਮੁਕਤ ਹੋ ਗਏ ਹਨ।” ਉਨ੍ਹਾਂ ਕਿਹਾ ਕਿ ਸਿੱਖਿਆ ਇੱਕ ਸੇਵਾ ਹੈ, ਵਪਾਰ ਨਹੀਂ। ਉਨ੍ਹਾਂ ਕਿਹਾ ਕਿ ਤਕਨੀਕ ਦੇ ਖੇਤਰ ਵਿੱਚ ਬੇਅੰਤ ਮੌਕੇ ਹਨ। -ਪੀਟੀਆਈ