ਦਿਗਵਿਜੈ ਚੌਟਾਲਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 31 ਅਗਸਤ
ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਡੱਬਵਾਲੀ ਤੋਂ ਜਨਨਾਇਕ ਜਨਤਾ ਪਾਰਟੀ (ਜਜਪਾ) ਦੇ ਉਮੀਦਵਾਰ ਦਿਗਵਿਜੈ ਚੌਟਾਲਾ ਨੂੰ ਪਿੰਡਾਂ ਵਿੱਚ ਈ-ਲਾਇਬ੍ਰੇਰੀਆਂ ਦੇ ਉਦਘਾਟਨ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਹੈ। ਡੱਬਵਾਲੀ ਦੇ ਐੱਸਡੀਐੱਮ-ਕਮ-ਰਿਟਰਨਿੰਗ ਅਧਿਕਾਰੀ ਅਰਪਿਤ ਸੰਗਲ ਵੱਲੋਂ ਉਨ੍ਹਾਂ ਕੋਲੋਂ 48 ਘੰਟੇ ਵਿੱਚ ਜਵਾਬ ਮੰਗਿਆ ਗਿਆ ਹੈ।
ਨੋਟਿਸ ਵਿੱਚ ਦਿਗਵਿਜੈ ਚੌਟਾਲਾ ’ਤੇ ਗ੍ਰਾਮ ਪੰਚਾਇਤ ਅਤੇ ਬਲਾਕ ਪੰਚਾਇਤ ਸਮਿਤੀ ਦਫ਼ਤਰ ਦੀ ਮਨਜ਼ੂਰੀ ਤੋਂ ਬਿਨਾਂ 24 ਅਗਸਤ ਨੂੰ ਪਿੰਡ ਬਿੱਜੂਵਾਲੀ ਦੀ ਬੀਸੀ ਚੌਪਾਲ ’ਚ ਲਾਇਬ੍ਰੇਰੀ ਦਾ ਉਦਘਾਟਨ ਕਰਨ ਦਾ ਦੋਸ਼ ਲਾਇਆ ਗਿਆ ਹੈ। ਨੋਟਿਸ ਵਿੱਚ ਜਾਂਚ ਅਧਿਕਾਰੀ ਬੀਡੀਪੀਓ ਡੱਬਵਾਲੀ ਦੀ ਜਾਂਚ ਰਿਪੋਰਟ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਦੀ ਪੁਸ਼ਟੀ ਦਾ ਆਧਾਰ ਦੱਸਿਆ ਗਿਆ ਹੈ।
ਇਸ ਨੋਟਿਸ ਵਿੱਚ ਪਿੰਡ ਮਸੀਤਾਂ ਦੇ ਮਹਿਲਾ ਸੰਸਕ੍ਰਿਤਿਕ ਚੌਪਾਲ ਭਵਨ ’ਤੇ ਜਨਨਾਇਕ ਚੌਧਰੀ ਦੇਵੀ ਲਾਲ ਈ-ਲਾਈਬ੍ਰੇਰੀ ਮਸੀਤਾਂ ਦੇ ਬੈਨਰ ਦਾ ਜ਼ਿਕਰ ਵੀ ਹੈ। ਇਹ ਕਾਰਵਾਈ ਕਾਂਗਰਸ ਆਗੂ ਵਿਨੋਦ ਬਾਂਸਲ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਦੋ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਹਟਵਾਏ ਗਏ ਇਸ ਬੈਨਰ ਨੂੰ ਮੁੜ ਤੋਂ ਲਗਾ ਦਿੱਤਾ ਗਿਆ।
ਦਿਗਵਿਜੈ ਵੱਲੋਂ ਮਸੀਤਾਂ ਈ-ਲਾਇਬ੍ਰੇਰੀ ਦਾ ਦੌਰਾ
ਜਜਪਾ ਉਮੀਦਵਾਰ ਦਿਗਵਿਜੇ ਚੌਟਾਲਾ ਨੇ ਮਾਮਲਾ ਗਰਮਾਉਣ ਮਗਰੋਂ ਮਸੀਤਾਂ ਈ-ਲਾਇਬ੍ਰੇਰੀ ਦਾ ਦੌਰਾ ਕੀਤਾ। ਦਿਗਵਿਜੈ ਨੇ ਲੋਕਾਂ ਤੋਂ ਪੁੱਛਿਆ ਕਿ ਉਹ ਨਸ਼ੇ ਦੀ ਦੁਕਾਨ ਖੋਲ੍ਹ ਰਹੇ ਹਨ ਜਾਂ ਸਿੱਖਿਆ ਦੀ ਦੁਕਾਨ ਖੋਲ੍ਹ ਰਹੇ ਹਨ। ਜਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਲੋਕਪੱਖੀ ਕਾਰਜ ਵਿਰੋਧੀ ਦਲਾਂ ਦੇ ਗਲੇ ਦੀ ਹੱਡੀ ਬਣ ਰਹੇ ਹਨ। ਉਨ੍ਹਾਂ ਬੱਚਿਆਂ ਦਾ ਮਾਰਗਦਰਸ਼ਨ ਕਰ ਕੇ ਉਨ੍ਹਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।