ਫ਼ਰੀਦਾਬਾਦ ਵਿੱਚ ਪਾਣੀ ਨਾਲ ਭਰੇ ਅੰਡਰਪਾਸ ’ਚ ਐੱਸਯੂਵੀ ਫਸੀ, ਦੋ ਵਿਅਕਤੀਆਂ ਦੀ ਮੌਤ
ਫ਼ਰੀਦਾਬਾਦ (ਹਰਿਆਣਾ), 14 ਸਤੰਬਰ
ਓਲਡ ਫ਼ਰੀਦਾਬਾਦ ਰੇਲਵੇ ਅੰਡਰਪਾਸ ਵਿੱਚ ਪਾਣੀ ਭਰੇ ਹੋਣ ਕਾਰਨ ਇਕ ਕਾਰ ਪਾਣੀ ਵਿੱਚ ਫਸ ਗਈ ਤੇ ਇਸ ਦੌਰਾਨ ਕਾਰ ਵਿੱਚ ਸਵਾਰ ਦੋ ਬੈਂਕ ਕਰਮਚਾਰੀਆਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਮੁਤਾਬਕ, ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ। ਕਾਰ ਸਵਾਰ ਪੁਣਿਆਸ਼੍ਰੇਅ ਸ਼ਰਮਾ (48) ਅਤੇ ਵਿਰਾਜ (26) ਗੁਰੂਗ੍ਰਾਮ ਤੋਂ ਗ੍ਰੇਟਰ ਫ਼ਰੀਦਾਬਾਦ ਸਥਿਤ ਆਪਣੇ ਘਰ ਪਰਤ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਕਾਰਲ ‘ਅੰਡਰਪਾਸ’ ਵਿੱਚ ਪਾਣੀ ਭਰ ਗਿਆ ਸੀ ਅਤੇ ਇਹਤਿਆਤ ਵਜੋਂ ਕਾਰਾਂ ਨੂੰ ਅੰਡਰਪਾਸ ਵੱਲ ਨਾ ਜਾਣ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਰਾਤ ਕਰੀਬ 11.50 ਵਜੇ ਐੱਸਯੂਵੀ 700 ਸਾਰੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੰਡਰਪਾਸ ’ਚ ਦਾਖ਼ਲ ਹੋ ਗਈ ਅਤੇ ਡੂੰਘੇ ਪਾਣੀ ’ਚ ਫਸ ਗਈ ਜਿਸ ਕਰ ਕੇ ਪਾਣੀ ਕਾਰ ਅੰਦਰ ਵੜ ਗਿਆ। ਪੁਲੀਸ ਨੇ ਦੱਸਿਆ ਕਿ ਰਾਹਗੀਰਾਂ ਨੇ ਕਾਰ ’ਚ ਫਸੇ ਦੋਵੇਂ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਅਤੇ ਕਾਫੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਪਰ ਵਿਰਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਰਮਾ ਨੂੰ ਬਾਦਸ਼ਾਹ ਖਾਨ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ