ਪ੍ਰਧਾਨ ਮੰਤਰੀ ਖ਼ਿਲਾਫ਼ ਮਰਿਆਦਾ ਮਤੇ ਦਾ ਨੋਟਿਸ
* ਲੋਕ ਸਭਾ ’ਚ ਬਜਟ ’ਤੇ ਬਹਿਸ ਦੌਰਾਨ ਭਾਜਪਾ ਆਗੂ ਨੇ ਵਿਰੋਧੀ ਧਿਰ ਦੇ ਨੇਤਾ ਖ਼ਿਲਾਫ਼ ਕੀਤੀਆਂ ਸਨ ਟਿੱਪਣੀਆਂ
ਨਵੀਂ ਦਿੱਲੀ, 31 ਜੁਲਾਈ
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਮਰਿਆਦਾ ਮਤਾ ਲਿਆਉਣ ਲਈ ਅੱਜ ਸਪੀਕਰ ਓਮ ਬਿਰਲਾ ਨੂੰ ਨੋਟਿਸ ਦਿੱਤਾ ਹੈ। ਚੰਨੀ ਨੇ ਇਹ ਨੋਟਿਸ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਕਸ ’ਤੇ ਇਕ ਵੀਡੀਓ ਪੋਸਟ ਕੀਤੇ ਜਾਣ ਦੇ ਸਬੰਧ ਵਿਚ ਦਿੱਤਾ ਹੈ। ਇਸ ਵੀਡੀਓ ਵਿਚ ਭਾਜਪਾ ਐੱਮਪੀ ਅਨੁਰਾਗ ਠਾਕੁਰ ਵੱਲੋਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖਿਲਾਫ਼ ਕੀਤੀਆਂ (ਵਿਵਾਦਿਤ) ਟਿੱਪਣੀਆਂ ਦਾ ਕਥਿਤ ਕੁਝ ਹਿੱਸਾ ਸ਼ਾਮਲ ਹੈ। ਠਾਕੁਰ ਨੇ ਲੰਘੇ ਦਿਨ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਚੱਲ ਰਹੀ ਬਹਿਸ ਦੌਰਾਨ ਇਹ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਇਤਰਾਜ਼ ਮਗਰੋਂ ਸਦਨ ਦੀ ਕਾਰਵਾਈ ’ਚੋਂ ਹਟਾ ਦਿੱਤਾ ਗਿਆ ਸੀ।
ਕਾਂਗਰਸ ਦੇ ਦਲਿਤ ਸੰਸਦ ਮੈਂਬਰ ਚੰਨੀ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਰਾਹੀਂ ਦਿੱਤੇ ਨੋਟਿਸ ਵਿਚ ਰੂਲਜ਼ ਆਫ਼ ਪ੍ਰੋਸੀਜ਼ਰ ਦੇ ਨੇਮ 222 ਤਹਿਤ ਪ੍ਰਧਾਨ ਮੰਤਰੀ ਖਿਲਾਫ਼ ਮਰਿਆਦਾ ਮਤਾ ਲਿਆਉਣ ਦੀ ਮੰਗ ਕੀਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰੰਤਰੀ ਨੇ ਬਿਰਲਾ ਨੂੰ ਲਿਖੇ ਪੱਤਰ ਵਿਚ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਵੱਲੋਂ ਐਕਸ ’ਤੇ ਕੁਝ ਟਿੱਪਣੀਆਂ, ਜਿਨ੍ਹਾਂ ਨੂੰ ਚੇਅਰ ਨੇ ਸਦਨ ਦੀ ਕਾਰਵਾਈ ਵਿਚੋਂ ਹਟਾ ਦਿੱਤਾ ਸੀ, ਸਾਂਝੀਆਂ ਕਰਨ ਖਿਲਾਫ਼ ਲੋਕ ਸਭਾ ਵਿਚ ਰੂਲਜ਼ ਆਫ਼ ਪ੍ਰੋਸੀਜ਼ਰ ਤੇ ਕੰਡਕਟ ਆਫ਼ ਬਿਜ਼ਨਸ ਦੇ ਨੇਮ 222 ਤਹਿਤ ਪ੍ਰਧਾਨ ਮੰਤਰੀ ਖਿਲਾਫ਼ ਮਰਿਆਦਾ ਮਤਾ ਲਿਆਉਣ ਲਈ ਨੋਟਿਸ ਦਿੱਤਾ ਹੈ।’’ ਚੰਨੀ ਨੇ ਕਿਹਾ ਕਿ ਠਾਕੁਰ ਨੇ 30 ਜੁਲਾਈ 2024 ਨੂੰ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਜਿਨ੍ਹਾਂ ਨੂੰ ਲੋਕ ਸਭਾ ਸਪੀਕਰ ਨੇ ਸਦਨ ਦੀ ਕਾਰਵਾਈ ਵਿਚੋਂ ਹਟਾ ਦਿੱਤਾ ਸੀ।
ਉਨ੍ਹਾਂ ਕਿਹਾ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਅਨੁੁਰਾਗ ਠਾਕੁਰ ਦੀ ਤਕਰੀਰ ਦੀ ਪੂਰਾ ਵੀਡੀਓ, ਜਿਸ ਵਿਚ ਹਟਾਈਆਂ ਗਈਆਂ ਟਿੱਪਣੀਆਂ ਵੀ ਸ਼ਾਮਲ ਸਨ, ਅੱਗੇ ਐਕਸ ’ਤੇ ਪੋਸਟ ਕਰ ਦਿੱਤੀ। ਸਾਬਕਾ ਮੁੱਖ ਮੰਤਰੀ ਨੇ ‘ਪ੍ਰੈਕਟਿਸ ਤੇ ਪ੍ਰੋਸੀਜ਼ਰ ਆਫ਼ ਪਾਰਲੀਮੈਂਟ’ ਦੇ ਹਵਾਲੇ ਨਾਲੇ ਕਿਹਾ ਕਿ ਸੰਸਦੀ ਕਾਰਵਾਈ ’ਚੋਂ ਹਟਾਈਆਂ ਗਈਆਂ ਟਿੱਪਣੀਆਂ ਨੂੰ ਅੱਗੇ ਸਾਂਝਿਆਂ ਜਾਂ ਨਸ਼ਰ ਕਰਨਾ ਸੰਸਦੀ ਮਰਿਆਦਾ ਦੀ ਉਲੰਘਣਾ ਹੈ। ਚੰਨੀ ਨੇ ਕਿਹਾ ਕਿ ਸਤਿਕਾਰਯੋਗ ਸੁਪਰੀਮ ਕੋਰਟ ਨੇ ਸਰਚਲਾਈਟ ਕੇਸ ਵਿਚ ਇਸ ਤੱਥ ਦੀ ਪੈਰਵੀ ਕੀਤੀ ਸੀ। ਕਾਂਗਰਸ ਆਗੂ ਨੇ ਆਪਣੇ ਪੱਤਰ ਵਿਚ ਕਿਹਾ, ‘‘ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਦੀ ਕਾਰਵਾਈ ’ਚੋਂ ਹਟਾਈਆਂ ਗਈਆ ਟਿੱਪਣੀਆਂ ਨੂੰ ਅੱਗੇ ਟਵੀਟ ਕਰਨਾ ਸਪਸ਼ਟ ਰੂਪ ਵਿਚ ਸਦਨ ਦੀ ਮਰਿਆਦਾ ਦੀ ਉਲੰਘਣਾ ਤੇ ਹੱਤਕ ਹੈ। ਇਸ ਲਈ ਮੈਨੂੰ ਪ੍ਰਧਾਨ ਮੰਤਰੀ ਖਿਲਾਫ਼ ਮਰਿਆਦਾ ਮਤਾ ਲਿਆਉਣ ਬਾਰੇ ਸੋਚਣਾ ਪਿਆ।
ਮੈਂ ਤੁਹਾਨੂੰ ਅਪੀਲ ਕਰਦਾ ਹਾਂ ਮੇਰੇ ਮਤੇ ਨੂੰ ਸਵੀਕਾਰ ਕਰਕੇ ਤੇ ਇਸ ਨੂੰ ਅੱਗੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ।’’ ਉਧਰ ਕਾਂਗਰਸ ਪਾਰਟੀ ਨੇ ਠਾਕੁਰ ਵੱਲੋਂ ਬਜਟ ’ਤੇ ਬਹਿਸ ਦੌਰਾਨ ਕੀਤੀਆਂ ਟਿੱਪਣੀਆਂ ਨੂੰ ‘ਬਹੁਤ ਹੀ ਅਪਮਾਨਜਨਕ ਤੇ ਗੈਰਸੰਵਿਧਾਨਕ ਭਾਸ਼ਣ’ ਦੱਸਿਆ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ (ਵੀਡੀਓ) ਸਾਂਝੀ ਕਰ ਕੇ ‘ਸੰਸਦੀ ਮਰਿਆਦਾ ਦੀ ਗੰਭੀਰ ਅਵੱਗਿਆ’ ਕੀਤੀ ਹੈ। ਠਾਕੁਰ ਦੀਆਂ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਅੱਜ ਵੀ ਲੋਕ ਸਭਾ ਵਿਚ ਹੰਗਾਮਾ ਹੋਇਆ, ਜਿਸ ਕਰਕੇ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। -ਪੀਟੀਆਈ
ਰਾਹੁਲ ਹਮੇਸ਼ਾ ਦੂਜਿਆਂ ਦੀ ਜਾਤ ਬਾਰੇ ਪੁੱਛਦੇ ਨੇ: ਭਾਜਪਾ
ਨਵੀਂ ਦਿੱਲੀ:
ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਮਰਿਆਦਾ ਮਤਾ ਲਿਆਉਣ ਲਈ ਦਿੱਤੇ ਨੋਟਿਸ ਲਈ ਅੱਜ ਕਾਂਗਰਸ ’ਤੇ ਪਲਟਵਾਰ ਕਰਦਿਆਂ ਕਿਹਾ ਕਿ (ਰਾਹੁਲ) ਗਾਂਧੀ ਦੀ ਜਾਤ ਪੁੱਛਣ ਵਿਚ ਕੀ ਗ਼ਲਤ ਸੀ, ਕਿਉਂਕ ਗਾਂਧੀ ਖੁ਼ਦ ਸਰਕਾਰੀ ਅਧਿਕਾਰੀਆਂ, ਜੱਜਾਂ, ਫੌਜੀਆਂ ਤੇ ਇਥੋਂ ਤੱਕ ਕਿ ਪੱਤਰਕਾਰਾਂ ਸਣੇ ਹੋਰਨਾਂ ਦੀ ਜਾਤ ਬਾਰੇ ਪੁੱਛਦੇ ਰਹੇ ਹਨ। ਸੱਤਾਧਾਰੀ ਪਾਰਟੀ ਨੇ ਜ਼ੋਰ ਦੇ ਕੇ ਆਖਿਆ ਕਿ ਠਾਕੁਰ ਨੇ ਕਿਸੇ ਦਾ ਨਾਮ ਨਹੀਂ ਲਿਆ ਤੇ ਹੈਰਾਨ ਜਤਾਈ ਕਿ ਵਿਰੋਧੀ ਧਿਰ ਦੇ ਆਗੂ ਨੇ ਇਸ ਨੂੰ ਆਪਣੇ ਉੱਤੇ ਹਮਲੇ ਵਜੋਂ ਕਿਉਂ ਲਿਆ ਤੇ ਇਸ ਨੂੰ ਆਪਣਾ ਨਿਰਾਦਰ ਕਿਉਂ ਕਿਹਾ। ਭਾਜਪਾ ਦੇ ਐੱਮਪੀ ਤੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ‘‘ਤੁਸੀਂ ਜਾਤੀ ਜਨਗਣਨਾ ਦੀ ਮੰਗ ਕਰ ਰਹੇ ਹੋ। ਜੇ ਲੋਕ ਸਭਾ ਵਿਚ ਜਾਤ ਬਾਰੇ ਪੁੱਛਣਾ ਨਿਰਾਦਰ ਹੈ ਤਾਂ ਫਿਰ ਦੇਸ਼ ਵਿਚ ਜਾਤੀ ਜਨਗਣਨਾ ਕਿਵੇਂ ਹੋ ਸਕਦੀ ਹੈ? ਗਿਣਤੀ ਕਿਵੇਂ ਹੋਵੇਗੀ।’’ -ਪੀਟੀਆਈ