ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੋਟਿਸ ਮਾਮਲਾ: ਰਾਜਾ ਵੜਿੰਗ ਵੱਲੋਂ ਵਿਧਾਇਕਾ ਮਾਣੂੰਕੇ ਤੇ ਅਧਿਕਾਰੀਆਂ ਨੂੰ ਨਸੀਹਤ

08:21 AM Aug 25, 2024 IST
ਜਗਰਾਉਂ ’ਚ ਪੀੜਤ ਪਰਿਵਾਰਾਂ ਨੂੰ ਸੰਬੋਧਨ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਅਗਸਤ
ਇੱਥੇ ਪੰਜਾਹ ਤੋਂ ਵੱਧ ਘਰਾਂ ਨੂੰ ਢਾਹੁਣ ਦੇ ਮਿਲੇ ਨੋਟਿਸਾਂ ਤੋਂ ਬਾਅਦ ਬੀਤੀ ਰਾਤ ਇਨ੍ਹਾਂ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਮਾਮਲਾ ਅੱਜ ਉਦੋਂ ਹੋਰ ਭਖ ਗਿਆ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਪਹੁੰਚ ਗਏ। ਭਾਵੇਂ ਬੀਤੀ ਅੱਧੀ ਰਾਤ ਤੋਂ ਬਾਅਦ ਲੋਕਾਂ ਦੇ ਰੋਹ ਅਤੇ ਕਈ ਆਗੂਆਂ ਦੇ ਯਤਨਾਂ ਮਗਰੋਂ ਬਿਜਲੀ ਕੁਨੈਕਸ਼ਨ ਜੋੜ ਦਿੱਤੇ ਗਏ ਸਨ, ਪਰ ਇਹ ਮਾਮਲਾ ਹੁਣ ਵੱਡਾ ਮਸਲਾ ਬਣ ਗਿਆ ਹੈ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਐੱਨਜੀਟੀ ਕੋਲ ਪਹੁੰਚ ਕਰ ਕੇ ਸਾਰਾ ਕੇਸ ਉਨ੍ਹਾਂ ਅੱਗੇ ਰੱਖਣ ਦਾ ਸੁਝਾਅ ਦਿੱਤਾ। ਇਸ ਕੰਮ ’ਚ ਉਨ੍ਹਾਂ ਪਹਿਲ ਕਰਨ ਕਰਕੇ ਮੀਟਿੰਗ ਦਾ ਸਮਾਂ ਲੈਣ ਤੇ ਬਾਕੀ ਪ੍ਰਬੰਧ ਕਰਨ ਦਾ ਵੀ ਜ਼ਿੰਮਾ ਚੁੱਕਿਆ। ਕਦੇ ਨਗਰ ਕੌਂਸਲ ਵੱਲੋਂ ਘਰ ਢਾਹੁਣ, ਕਦੇ ਪਾਵਰਕੌਮ ਵੱਲੋਂ ਬਿਜਲੀ ਕੁਨੈਕਸ਼ਨ ਕੱਟਣ ਅਤੇ ਕਦੇ ਹਾਕਮ ਧਿਰ ਜਾਂ ਹੋਰ ਅਧਿਕਾਰੀ ਵੱਲੋਂ ਅੜਿੱਕੇ ਖੜ੍ਹੇ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਰਜਨਾਂ ਗਰੀਬ ਪਰਿਵਾਰਾਂ ਨਾਲ ਜੁੜੇ ਮਾਮਲੇ ਦਾ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਵੜਿੰਗ ਨੇ ਕਿਹਾ ਕਿ ਕੋਈ ਵਿਧਾਇਕ ਜਾਂ ਐੱਮਪੀ ਬਣ ਕੇ ਖ਼ੁਦਾ ਨਹੀਂ ਬਣ ਜਾਂਦਾ ਸਗੋਂ ਆਪਣੀ ਹਊਮੈ ਛੱਡ ਕੇ ਵੱਡਾਪਣ ਦਿਖਾਉਣਾ ਚਾਹੀਦਾ ਹੈ। ਫਿਰ ਉਹ ਸਖ਼ਤ ਹੋ ਗਏ ਅਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਲੋਕਾਂ ’ਚ ਜਾ ਕੇ ਮੁਆਫ਼ੀ ਮੰਗਣ ਅਤੇ ਨਾਲ ਖੜ੍ਹਨ ਦਾ ਭਰੋਸਾ ਦੇਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਬੀਬੀ ਮਾਣੂੰਕੇ ਨੂੰ ਜਗਰਾਉਂ ਦੇ ਲੋਕਾਂ ਨੇ ਦੋ ਵਾਰ ਵਿਧਾਇਕ ਬਣਾਇਆ ਹੈ। ਉਨ੍ਹਾਂ ਨੂੰ ਹੁਣ ਵੀ ਆ ਕੇ ਕਹਿ ਦੇਣਾ ਚਾਹੀਦਾ ਹੈ ਕਿ ਜੋ ਹੋ ਗਿਆ, ਸੋ ਹੋ ਗਿਆ, ਹੁਣ ਉਹ ਲੋਕਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਇਸੇ ਤਰ੍ਹਾਂ ਏਕਾ ਬਣਾ ਕੇ ਰੱਖਣ ਲਈ ਕਿਹਾ। ਉਨ੍ਹਾਂ ਵਿਧਾਇਕਾ ਦੇ ਨਾਲ ਅਧਿਕਾਰੀਆਂ ਨੂੰ ਵੀ ਹਾਕਮਾਂ ਦੇ ਕਰਿੰਦੇ ਬਣ ਕੇ ਕੰਮ ਕਰਨ ਦੀ ਥਾਂ ਕਾਨੂੰਨ ਮੁਤਾਬਕ ਕੰਮ ਕਰਨ ਅਤੇ ਫ਼ਰਜ਼ਾਂ ਦੀ ਪੂਰਤੀ ਦੀ ਨਸੀਹਤ ਦਿੱਤੀ। ਇਸ ਮੌਕੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਰਛਪਾਲ ਸਿੰਘ ਚੀਮਨਾ, ਕੌਂਸਲਰ ਰਵਿੰਦਰਪਾਲ ਰਾਜੂ, ਜਰਨੈਲ ਸਿੰਘ ਲੋਹਟ, ਮੇਸ਼ੀ ਸਹੋਤਾ, ਹਿਮਾਂਸ਼ੂ ਮਲਿਕ, ਬੌਬੀ ਕਪੂਰ, ਹਰਦੀਪ ਜੱਸੀ, ਸਤਿੰਦਰਜੀਤ ਤਤਲਾ, ਸਰਪੰਚ ਹਰਦੀਪ ਸਿੰਘ ਲੱਕੀ, ਡਾ. ਇਕਬਾਲ ਧਾਲੀਵਾਲ, ਵਿਕਰਮ ਜੱਸੀ ਆਦਿ ਮੌਜੂਦ ਸਨ।

Advertisement

Advertisement
Advertisement