For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਗੰਧਲੇ ਹੋ ਰਹੇ ਦਰਿਆਵਾਂ ਨੂੰ ਬਚਾਉਣ ਦਾ ਸੱਦਾ

08:26 AM Aug 25, 2024 IST
ਪੰਜਾਬ ਦੇ ਗੰਧਲੇ ਹੋ ਰਹੇ ਦਰਿਆਵਾਂ ਨੂੰ ਬਚਾਉਣ ਦਾ ਸੱਦਾ
ਲੁਧਿਆਣਾ ਵਿੱਚ ਦਰਿਆਵਾਂ ’ਚ ਵਧ ਰਹੇ ਪ੍ਰਦੂਸ਼ਣ ਖ਼ਿਲਾਫ਼ ਰੋਸ ਮਾਰਚ ਕਰਦੇ ਹੋਏ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 24 ਅਗਸਤ
ਬੁੱਢਾ ਦਰਿਆ ਦੇ ਪ੍ਰਦੂਸ਼ਿਤ ਪਾਣੀ ਕਾਰਨ ਗੰਧਲੇ ਹੋ ਰਹੇ ਸਤਲੁਜ ਦਰਿਆ ਦੇ ਪਾਣੀ ਨੂੰ ਬਚਾਉਣ ਲਈ ਅੱਜ ਇਥੇ ਫਿਰੋਜ਼ਪੁਰ ਰੋਡ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਵਿੱਚ ਪੰਜਾਬ ਸਣੇ ਰਾਜਸਥਾਨ ਅਤੇ ਹਰਿਆਣਾ ਦੇ ਵੱਡੀ ਗਿਣਤੀ ਕਿਸਾਨਾਂ ਅਤੇ ਵਾਤਾਵਰਨ ਹਿਤੈਸ਼ੀਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਜਾਇਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਹੋਣਾ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਕਾਲੇ ਪਾਣੀ ਦਾ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਬੁੱਢਾ ਅਤੇ ਸਤਲੁਜ ਦਰਿਆ ਵਿੱਚ ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ ਲਈ ਸਮੇਂ ਦੀਆਂ ਦੀਆਂ ਸਰਕਾਰਾਂ, ਸਬੰਧਤ ਵਿਭਾਗਾਂ ਅਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਆਪਸੀ ਮਿਲੀਭੁਗਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਕਾਲੇ ਪਾਣੀ ਦਾ ਮੋਰਚਾ’ ਦੇ ਸੱਦੇ ’ਤੇ ਵਾਤਾਵਰਨ ਹਿਤੈਸ਼ੀ ਵੇਰਕਾ ਮਿਲਕ ਪਲਾਂਟ ਕੋਲ ਇਕੱਠੇ ਹੋਏ। ਦੁਪਹਿਰ ਤੱਕ ਵੱਡੇ ਇਕੱਠ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਸੁਖਦੇਵ ਸਿੰਘ ਸਿਰਸਾ ਨੇ ਕਿਹਾ, ‘‘ਜੇ ਸਾਡਾ ਪਾਣੀ ਅਤੇ ਹਵਾ ਹੀ ਪ੍ਰਦੂਸ਼ਣ ਮੁਕਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਸ ਤਰ੍ਹਾਂ ਤੰਦਰੁਸਤ ਰਹਿ ਸਕਣਗੀਆਂ।’’ ਕਿਸਾਨ ਆਗੂਆਂ ਅਤੇ ਹੋਰ ਬੁਲਾਰਿਆਂ ਨੇ ਦਰਿਆਵਾਂ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਰਕਾਰ ਵੱਲੋਂ ਕੋਈ ਸਖ਼ਤ ਕਾਰਵਾਈ ਨਾ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਇਸ ਦੇ ਗੰਦੇ ਪਾਣੀ ਨੂੰ ਸਤਲੁਜ ਵਿੱਚ ਡਿੱਗਣ ਤੋਂ ਰੋਕਣ ਅਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ 15 ਸਤੰਬਰ ਨੂੰ ਬੰਨ੍ਹ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਬਿੰਦਰ ਸਿੰਘ, ਮਨਜੀਤ ਸਿੰਘ ਰਾਏ, ਬਲਦੇਵ ਸਿੰਘ ਜ਼ੀਰਾ, ਮਨਜੀਤ ਸਿੰਘ ਧਨੇਰ, ਦਿਲਬਾਗ ਸਿੰਘ, ਸਤਨਾਮ ਸਿੰਘ ਪੰਨੂ, ਕਾਲਾ ਪਾਣੀ ਮੋਰਚਾ ਦੇ ਕਮੇਟੀ ਮੈਂਬਰ ਲੱਖਾ ਸਿਧਾਣਾ, ਪੱਤਰਕਾਰ ਹਮੀਰ ਸਿੰਘ ਮੌਜੂਦ ਸਨ। ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੇਰਕਾ ਮਿਲਕ ਪਲਾਂਟ ਤੋਂ ਭਾਈ ਵਾਲਾ ਚੌਕ ’ਤੇ ਲੱਗੇ ਸ਼ਹੀਦ ਕਰਤਾਰ ਸਿੰਘ ਦੇ ਬੁੱਤ ਤੱਕ ਰੋਸ ਮਾਰਚ ਵੀ ਕੀਤਾ।

Advertisement
Advertisement
Author Image

sukhwinder singh

View all posts

Advertisement
×