ਟਰੂਡੋ ਦੇ ਬਿਆਨ ’ਚ ਕੁਝ ਵੀ ਨਵਾਂ ਨਹੀਂ: ਜੈਸਵਾਲ
ਨਵੀਂ ਦਿੱਲੀ, 28 ਮਾਰਚ
ਪਿਛਲੇ ਸਾਲ ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ’ਚ ਕੋਈ ‘ਨਵੀਂ ਗੱਲ’ ਨਹੀਂ ਹੈ।
ਜੈਸਵਾਲ ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਦੇ ਤਰਜਮਾਨ ਅਰਿੰਦਮ ਬਾਗਚੀ ਨੇ 21 ਸਤੰਬਰ ਨੂੰ ਕਿਹਾ ਸੀ ਕਿ ਜੇਕਰ ਨਿੱਝਰ ਦੀ ਹੱਤਿਆ ਮਾਮਲੇ ’ਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਕੋਈ ਸਬੂਤ ਦੇਵੇਗਾ ਤਾਂ ਭਾਰਤ ਉਸ ਦੀ ਜਾਂਚ ਕਰਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਵੀ ਇਹ ਦੁਹਰਾਉਣਾ ਚਾਹੁਣਗੇ ਕਿ ਜੇਕਰ ਕਿਸੇ ਵੀ ਖਾਸ ਅਤੇ ਠੋਸ ਜਾਣਕਾਰੀ ਨੂੰ ਭਾਰਤ ਨਾਲ ਸਾਂਝਾ ਕੀਤਾ ਜਾਂਦਾ ਹੈ ਤਾਂ ਅਸੀਂ ਜਾਂਚ ਕਰਨ ਲਈ ਤਿਆਰ ਹਾਂ। ਜੈਸਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਵੱਲੋਂ ਭਾਰਤ ਨਾਲ ਅਜੇ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ,‘‘ਅਸੀਂ ਰਾਜਨੀਤੀ ਖੇਡਣ ਅਤੇ ਕੱਟੜਪੰਥੀਆਂ ਨੂੰ ਤਰਜੀਹ ਦੇਣ ਵਿਰੁੱਧ ਵੀ ਟਰੂਡੋ ਨੂੰ ਸਾਵਧਾਨ ਕੀਤਾ ਹੈ।’’
ਜ਼ਿਕਰਯੋਗ ਹੈ ਕਿ ਟਰੂਡੋ ਨੇ ਕੈਨੇਡਾ ਆਧਾਰਿਤ ਕੇਬਲ ਪਬਲਿਕ ਅਫੇਅਰਜ਼ ਚੈਨਲ ਨੂੰ ਦੱਸਿਆ ਕਿ ਕੈਨੇਡੀਅਨ ਧਰਤੀ ’ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਅਜਿਹੀ ਗੱਲ ਹੈ ਜਿਸ ਨੂੰ ਸਾਰਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਕਿ ਪਿਛਲੇ ਸਾਲ 18 ਸਤੰਬਰ ਨੂੰ ਉਨ੍ਹਾਂ ਇਹ ਗੱਲ ਹਲਕੇ ਤੌਰ ’ਤੇ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਦੀ ਤਹਿ ਤੱਕ ਜਾਣ ਲਈ ਭਾਰਤ ਸਰਕਾਰ ਨਾਲ ਉਸਾਰੂ ਢੰਗ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। -ਆਈਏਐੱਨਐੱਸ