ਲੋਕ ਸਭਾ ਚੋਣ ਲੜਨ ’ਚ ਰੁਚੀ ਨਹੀਂ: ਖੁੱਡੀਆਂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 13 ਨਵੰਬਰ
‘ਲੋਕ ਸਭਾ ਚੋਣ ਲੜਨ ’ਚ ਮੇਰੀ ਰੁਚੀ ਨਹੀਂ। ਜਿੱਥੇ ਦਿਲਚਸਪੀ ਸੀ, ਉੱਥੇ ਧੁੰਨੀ ’ਚ ਤੀਰ ਵੱਜ ਗਿਆ। ਹੁਣ ਮੈਂ ਪੂਰਾ ਸੰਤੁਸ਼ਟ ਹਾਂ।’ ਇਹ ਤਿੱਖਾ ਕਟਾਖ਼ਸ਼ ਲੰਬੀ ਹਲਕੇ ਤੋਂ ਜਿੱਤ ਕੇ ਖੇਤੀ ਮੰਤਰੀ ਬਣੇ ਗੁਰਮੀਤ ਸਿੰਘ ਖੁੱਡੀਆਂ ਨੇ ਇੱਥੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦੇ ਕੇ ਰਾਜਸੀ ਵਿਰੋਧੀਆਂ ’ਤੇ ਕੀਤਾ।
ਵਿਸ਼ਵਕਰਮਾ ਦਿਵਸ ਮੌਕੇ ਇੱਥੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ਼ਿਰਕਤ ਕਰਨ ਪੁੱਜੇ ਸ੍ਰੀ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਉਨ੍ਹਾਂ ’ਤੇ ਅਪਾਰ ਮਿਹਰ ਕਰ ਕੇ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲੰਬੀ ਹਲਕੇ ਤੋਂ ਟਿਕਟ ਦੇ ਕੇ ਅਤੇ ਬਾਅਦ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਵਾਲੇ ਮਹਿਕਮੇ ਦਾ ਮੰਤਰੀ ਪਦ ਦੇ ਕੇ ਉਨ੍ਹਾਂ ਦੇ ਮੋਢਿਆਂ ’ਤੇ ਵੱਡੇ ਫ਼ਰਜ਼ਾਂ ਦਾ ਭਾਰ ਰੱਖਿਆ ਗਿਆ ਹੈ। ਉਂਜ, ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਫ਼ਤਹਿ ਹਾਸਲ ਕਰਨ ਲਈ ਉਹ ਸ਼ਿੱਦਤ ਨਾਲ ਮਿਹਨਤ ਕਰਨ ਲਈ ਹੁਣ ਤੋਂ ਤਿਆਰ ਹਨ।
ਇਸ ਮੌਕੇ ਮਾਰਕਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਚੇਅਰਮੈਨ ਇੰਪਰੂਵਮੈਂਟ ਟਰਸਟ ਬਠਿੰਡਾ ਜਤਿੰਦਰ ਸਿੰਘ ਭੱਲਾ ਅਤੇ ਪਾਰਟੀ ਦੇ ਹੋਰ ਆਗੂ ਮੌਜੂਦ ਸਨ।