ਮਾਰਕੀਟਾਂ ’ਚ ਸ਼ਰਾਬ ਪੀਣ ਵਾਲਿਆਂ ਦੀ ਖੈਰ ਨਹੀਂ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 24 ਅਗਸਤ
ਮੁਹਾਲੀ ਪੁਲੀਸ ਨੇ ਸ਼ਹਿਰ ਦੀਆਂ ਵੱਖ-ਵੱਖ ਗੇੜੀ ਰੂਟ ਮਾਰਕੀਟਾਂ ਵਿੱਚ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਅਤੇ ਕਾਰਾਂ ਵਿੱਚ ਬੈਠ ਕੇ ਅਤੇ ਜਨਤਕ ਥਾਵਾਂ ’ਤੇ ਸ਼ਰੇਆਮ ਜਾਮ ਛਲਕਾਉਣ ਵਾਲਿਆਂ ਖ਼ਿਲਾਫ਼ ਅਪਰੇਸ਼ਨ ਕਾਰ-ਓ-ਬਾਰ ਸ਼ੁਰੂ ਕੀਤਾ ਹੈ ਜਿਸ ਤਹਿਤ ਪੁਲੀਸ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਜਨਤਕ ਤੌਰ ’ਤੇ ਸ਼ਰਾਬ ਪੀਣ ਵਾਲੇ ਨੌਜਵਾਨਾਂ ਦੇ ਕਰੀਬ ਤਿੰਨ ਦਰਜਨ ਵਾਹਨਾਂ ਦੇ ਨਾ ਸਿਰਫ਼ ਚਲਾਨ ਕੀਤੇ ਗਏ ਬਲਕਿ ਇਨ੍ਹਾਂ ਵਾਹਨਾਂ ਨੂੰ ਜ਼ਬਤ ਵੀ ਕਰ ਲਿਆ ਗਿਆ।
ਪੁਲੀਸ ਦੀ ਇਸ ਕਾਰਵਾਈ ਦੀ ਅਗਵਾਈ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਖ਼ੁਦ ਕੀਤੀ ਅਤੇ ਉਨ੍ਹਾਂ ਨੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਖੜ੍ਹੇ ਹੁੱਲੜਬਾਜ਼ ਨੌਜਵਾਨਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਮਾਰਕੀਟਾਂ ਵਿੱਚ ਨੌਜਵਾਨ ਹੁੱਲੜਬਾਜ਼ੀ ਕਰਦੇ ਹਨ ਅਤੇ ਸ਼ਰੇਆਮ ਗੱਡੀਆਂ ਵਿੱਚ ਬੈਠ ਕੇ ਸ਼ਰਾਬ ਪੀਂਦੇ ਹਨ ਅਤੇ ਕਈ ਵਾਰ ਤਾਂ ਇਹ ਨੌਜਵਾਨ ਉੱਚੀ ਆਵਾਜ਼ ਵਿੱਚ ਮਿਊਜ਼ਿਕ ਚਲਾ ਕੇ ਗੱਡੀਆਂ ਦੇ ਬੋਨਟ ਅਤੇ ਪਿੱਛੇ ਡਿੱਗੀ ’ਤੇ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਜਾਮ ਛਲਕਾਉਂਦੇ ਹਨ ਜਿਸ ਕਾਰਨ ਜਿੱਥੇ ਆਮ ਸ਼ਹਿਰੀ ਆਪਣੇ ਪਰਿਵਾਰਾਂ ਸਮੇਤ ਮਾਰਕੀਟਾਂ ਵਿੱਚ ਆਉਣ ਤੋਂ ਪ੍ਰਹੇਜ਼ ਕਰਦੇ ਹਨ ਤੇ ਲੋਕਾਂ ਵਿੱਚ ਡਰ ਫੈਲਦਾ ਹੈ। ਐੱਸਐੱਸਪੀ ਨੇ ਕਿਹਾ ਕਿ ਹਾਲਾਂਕਿ ਮੁਹਾਲੀ ਪੁਲੀਸ ਵੱਲੋਂ ਰੋਜ਼ਾਨਾ ਗਸ਼ਤ ਕੀਤੀ ਜਾਂਦੀ ਹੈ ਪ੍ਰੰਤੂ ਹੁੱਲੜਬਾਜ਼ਾਂ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਪਰੇਸ਼ਨ ਕਾਰ-ਓ-ਬਾਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਰਕੀਟਾਂ ਵਿੱਚ ਆਮ ਲੋਕਾਂ ਖਾਸ ਕਰਕੇ ਔਰਤਾਂ ਲਈ ਭੈਅ ਮੁਕਤ ਮਾਹੌਲ ਸਿਰਜਿਆ ਜਾਵੇਗਾ।