For the best experience, open
https://m.punjabitribuneonline.com
on your mobile browser.
Advertisement

ਕਿਸਾਨ ਨਹੀਂ ਸਗੋਂ ਸੌੜੀ ਸੋਚ ਵਾਲੇ ਲੋਕ ਨੇ ਮੇਰੇ ਵਿਰੋਧੀ: ਤਰਨਜੀਤ ਸੰਧੂ

10:48 AM Apr 14, 2024 IST
ਕਿਸਾਨ ਨਹੀਂ ਸਗੋਂ ਸੌੜੀ ਸੋਚ ਵਾਲੇ ਲੋਕ ਨੇ ਮੇਰੇ ਵਿਰੋਧੀ  ਤਰਨਜੀਤ ਸੰਧੂ
ਸਰਹੱਦੀ ਖੇਤਰ ਦਾ ਦੌਰਾ ਕਰਦੇ ਹੋਏ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਅਤੇ ਹੋਰ।
Advertisement

ਰਾਜਨ ਮਾਨ
ਰਮਦਾਸ, 13 ਅਪਰੈਲ
ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਸਗੋਂ ਸੌੜੀ ਸੋਚ ਵਾਲੇ ਲੋਕ ਹਨ। ਉਨ੍ਹਾਂ ਅੱਜ ਭਾਰਤ-ਪਾਕਿਸਤਾਨ ਸਰਹੱਦ ’ਤੇ ਸ਼ਾਹਪੁਰ ਬੀਐੱਸਐੱਫ਼ ਚੌਕੀ ਨੇੜੇ ਜ਼ੀਰੋ ਲਾਈਨ ’ਤੇ ਪਹੁੰਚ ਕੇ ਕੰਡਿਆਲੀ ਤਾਰ ਤੋਂ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਜਿਹਾ ਕੋਈ ਮੁੱਦਾ ਨਹੀਂ ਹੈ ਜਿਸ ਦਾ ਹੱਲ ਨਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਾਂ। ਉਨ੍ਹਾਂ ਸਰਹੱਦੀ ਖੇਤਰ ’ਤੇ ਜ਼ੀਰੋ ਲਾਈਨ ’ਤੇ ਭਾਜਪਾ ਦੇ ਹਲਕਾ ਇੰਚਾਰਜ ਅਤੇ ਓਬੀਸੀ ਮੋਰਚਾ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨਾਲ ਸਰਹੱਦੀ ਖੇਤਰ ਦਾ ਮੁਆਇਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਤਾਰਾਂ ਤੋਂ ਪਾਰ ਕਿਸਾਨਾਂ ਨੂੰ ਖੇਤੀ ਕਰਨ ’ਚ ਆ ਰਹੀ ਮੁਸ਼ਕਲ ਬਾਰੇ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ। ਉਨ੍ਹਾਂ ਤੋਂ ਇਹ ਮਸਲਾ ਹੱਲ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਜ਼ੀਰੋ ਲਾਈਨ ’ਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਪ੍ਰੋਸੈੱਸ ਅਧੀਨ ਹੈ। ਉਨ੍ਹਾਂ ਯਕੀਨ ਦਿਵਾਉਂਦਿਆਂ ਕਿਹਾ ਕਿ ਬਾਕੀ ਦੇ ਮਸਲੇ ਵੀ ਮਿਲ ਕੇ ਜ਼ਰੂਰ ਹੱਲ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਇਕ ਅੱਧੀ ਕਿਸਾਨ ਯੂਨੀਅਨ ਵਾਲੇ ਜੋ ਉਨ੍ਹਾਂ ’ਤੇ ਪੱਥਰ ਸੁੱਟਣ ਦੀ ਸੋਚ ਰਹੇ ਹਨ ਉਹ ਅਸਲ ਵਿਚ ਕਿਸਾਨ ਹਿਤੈਸ਼ੀ ਬਿਲਕੁਲ ਨਹੀਂ ਹਨ, ਉਹ ਕਿਸਾਨਾਂ ਦੇ ਨਾਮ ’ਤੇ ਸੌੜੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਅਤੇ ਸਰਹੱਦੀ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕੀਤੇ ਜਾਣੇ ਜ਼ਰੂਰੀ ਹਨ।
ਸੁਖਬੀਰ ਬਾਦਲ ਵੱਲੋਂ ਭਾਜਪਾ ’ਚ ਜਾਣ ਵਾਲੇ ਸਿੱਖਾਂ ਪ੍ਰਤੀ ਕੀਤੀ ਗਈ ਟਿੱਪਣੀ ’ਤੇ ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਨੂੰ ਸਿਹਤ ਸਹੂਲਤਾਂ ਅਤੇ ਹਸਪਤਾਲਾਂ ਦੀ ਜ਼ਰੂਰਤ ਹੈ, ਉਹ ਇਥੇ ਇਹ ਸਹੂਲਤਾਂ ਮੁਹੱਈਆ ਕਰਾ ਦੇਣ ਅਤੇ ਕਿਸੇ ਦਾ ਵੀ ਮੈਡੀਕਲ ਟਸਟ ਕਰਾ ਲੈਣ। ਇਸ ਮੌਕੇ ਰਾਜਬੀਰ ਸ਼ਰਮਾ, ਰਾਮ ਸ਼ਰਨ ਪ੍ਰਾਸ਼ਰ, ਪ੍ਰੋ. ਸਰਚਾਂਦ‌ ਸਿੰਘ ਖਿਆਲਾ, ਬਲਵਿੰਦਰ ਸਿੰਘ , ਸਵਰਨ ਸਿੰਘ, ਸੁਖਦੇਵ ਸਿੰਘ ਤੇ ਮੁਖਤਾਰ ਸਿੰਘ ਮੌਜੂਦ ਸਨ।

Advertisement

ਤਰਨਜੀਤ ਸੰਧੂ ਵੱਲੋਂ ਸਨਅਤਕਾਰਾਂ ਨਾਲ ਮੀਟਿੰਗ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਭਾਜਪਾ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੀ ਟੈਕਸਟਾਈਲ ਸਨਅਤ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਟੈਕਸਟਾਈਲ ਪ੍ਰੋਸੈੱਸਰ ਐਸੋਸੀਏਸ਼ਨ ਦੇ ਪ੍ਰਧਾਨ ਕਿਸ਼ਨ ਕੁਮਾਰ ਕੁੱਕੂ ਅਤੇ ਸਾਥੀਆਂ ਵੱਲੋਂ ਆਯੋਜਿਤ ਟੈਕਸਟਾਈਲ ਸਨਅਤ ਨਾਲ ਸਬੰਧਤ ਸਨਅਤਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਸ੍ਰੀ ਸੰਧੂ ਨੇ ਵਾਅਦਾ ਕੀਤਾ ਕਿ ਜਦੋਂ 2027 ਵਿੱਚ ਅੰਮ੍ਰਿਤਸਰ ਦੇ 450 ਸਾਲ ਪੂਰੇ ਹੋਣਗੇ ਤਾਂ ਉਹ ਪ੍ਰਧਾਨ ਮੰਤਰੀ ਤੋਂ ਵਿਸ਼ੇਸ਼ ਪੈਕੇਜ ਲੈ ਕੇ ਸ਼ਹਿਰ ਦਾ ਵਿਕਾਸ ਕਰਨਗੇ ਜੋ ਕਿ ਇੰਦੌਰ ਨੂੰ ਮੁਕਾਬਲਾ ਦੇਵੇਗਾ । ਉਨ੍ਹਾਂ ਦਾਅਵਾ ਕੀਤਾ ਕਿ 2027 ਵਿੱਚ ਆਈਪੀਐੱਲ ਦਾ ਮੈਚ ਗਾਂਧੀ ਮੈਦਾਨ ਵਿੱਚ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਕੱਪੜਾ ਉਦਯੋਗ ’ਚ ਅੰਮ੍ਰਿਤਸਰ ਪਹਿਲੇ ਸਥਾਨ ’ਤੇ ਸੀ ਜੋ ਹੁਣ ਘਟ ਕੇ 25 ਫ਼ੀਸਦੀ ਰਹਿ ਗਿਆ ਹੈ। ਇਸ ਨੂੰ ਠੋਸ ਨੀਤੀਆਂ ਰਾਹੀਂ ਮੁੜ ਸਥਾਪਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਅਮਰੀਕਨ ਕੌਂਸਲੇਟ ਖੁੱਲ੍ਹਵਾਇਆ ਜਾਵੇਗਾ। ਇਸੇ ਤਰ੍ਹਾਂ ਇੱਥੋਂ ਦੀਆਂ ਸਭਿਆਚਾਰਕ ਵਸਤਾਂ ਨਾਲ ਪਰਵਾਸੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੋਣ ਕਾਰਨ ਇੱਥੋਂ ਦੀ ਫੁਲਕਾਰੀ, ਪੰਜਾਬੀ ਜੁੱਤੀਆਂ, ਗਹਿਣਿਆਂ ਦੀ ਪਰਵਾਸੀ ਪੰਜਾਬੀਆਂ ’ਚ ਬਹੁਤ ਮੰਗ ਹੈ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ।

Advertisement
Author Image

sukhwinder singh

View all posts

Advertisement
Advertisement
×