ਮੋਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦੋਸ਼ ਨਹੀਂ: ਸ਼ਾਹ
ਨਵੀਂ ਦਿੱਲੀ, 10 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਖ਼ਿਲਾਫ਼ ਪਿਛਲੇ 10 ਸਾਲਾਂ ’ਚ ਭ੍ਰਿਸ਼ਟਾਚਾਰ ਦਾ ਇਕ ਵੀ ਦੋਸ਼ ਨਹੀਂ ਲੱਗਾ ਹੈ। ਉਨ੍ਹਾਂ ਕਿਹਾ ਕਿ ਨੀਤੀਗਤ ਫ਼ੈਸਲੇ ਲੈਣ ’ਚ ਜਿਹੜੀ ਖੜੋਤ ਆ ਗਈ ਸੀ, ਉਸ ਨੂੰ ਵੀ ਸਰਕਾਰ ਨੇ ਖ਼ਤਮ ਕੀਤਾ ਅਤੇ ਮੁਲਕ ਨੂੰ ਪੰਜ ਕਮਜ਼ੋਰ ਅਰਥਚਾਰਿਆਂ ’ਚੋਂ ਬਾਹਰ ਕੱਢ ਕੇ ਆਕਰਸ਼ਕ ਟਿਕਾਣੇ ਵਜੋਂ ਬਦਲ ਦਿੱਤਾ ਹੈ। ਸ਼ਾਹ ਨੇ ਇਥੇ ਪੀਐੱਚਡੀ ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2047 ਤੱਕ ਮੋਦੀ ਸਰਕਾਰ ਦੀਆਂ ਵੱਖ ਵੱਖ ਨੀਤੀਆਂ ਕਾਰਨ ਭਾਰਤ ਦੁਨੀਆ ਦੇ ਸਭ ਤੋਂ ਵਿਕਸਤ ਮੁਲਕ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਜਭਾਰ ਸੰਭਾਲਿਆ ਹੈ, ਸਰਕਾਰ ਨੇ ਵੱਖ ਵੱਖ ਖੇਤਰਾਂ ’ਚ ਸੁਧਾਰ ਕੀਤੇ ਹਨ। ਇਸ ਦੇ ਨਤੀਜੇ ਵਜੋਂ ਬੁਨਿਆਦੀ ਢਾਂਚਾ ਬਿਹਤਰ ਹੋਇਆ, ਸੰਪਰਕ ਸਹੂਲਤ ਵਧੀਆ ਹੋਈ, ਡਿਜੀਟਲ ਅਰਥਚਾਰੇ ਤੇ ਰੇਲਵੇ ਨੈੱਟਵਰਕ ਦਾ ਵਿਸਥਾਰ ਹੋਇਆ ਅਤੇ ਸੈਮੀਕੰਡਕਟਰ ਤੇ ਇਲੈਕਟ੍ਰਿਕ ਵਾਹਨ ਬਣਾਉਣ ਦੀਆਂ ਇਕਾਈਆਂ ਸਥਾਪਤ ਹੋਈਆਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਮੋਦੀ ਸਰਕਾਰ ਨੇ ਅਤਿਵਾਦ, ਨਕਸਲਵਾਦ ਅਤੇ ਉੱਤਰ-ਪੂਰਬੀ ਕੱਟੜਪੰਥੀਆਂ ਨੂੰ ਜ਼ਮੀਨ ਦੇ 200 ਗਜ਼ ਹੇਠਾਂ ਦਫ਼ਨ ਕਰ ਦਿੱਤਾ। ਸ਼ਾਹ ਨੇ ਪਿਛਲੇ 10 ਸਾਲਾਂ ’ਚ ਗਰੀਬਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇ ਰਹੀ ਹੈ, ਪੰਜ ਕਰੋੜ ਲੋਕਾਂ ਨੂੰ ਮੁਫ਼ਤ ਘਰ ਦਿੱਤੇ ਗਏ, 12 ਕਰੋੜ ਪਖਾਨੇ ਬਣਾਏ ਗਏ, 11 ਕਰੋੜ ਲੋਕਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਅਤੇ 15 ਕਰੋੜ ਲੋਕਾਂ ਨੂੰ ਪੀਣ ਦਾ ਪਾਣੀ ਦਿੱਤਾ ਗਿਆ ਹੈ। -ਪੀਟੀਆਈ