ਪੰਜਾਬ ਵਿੱਚ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ
ਆਤਿਸ਼ ਗੁਪਤਾ
ਚੰਡੀਗੜ੍ਹ, 29 ਦਸੰਬਰ
ਪੰਜਾਬ ਵਿੱਚ ਦੋ ਦਿਨ ਪਏ ਮੀਂਹ ਤੇ ਗੜੇਮਾਰੀ ਤੋਂ ਬਾਅਦ ਸੂਬੇ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਅੱਜ ਸਵੇਰੇ ਪਈ ਸੰਘਣੀ ਧੁੰਦ ਨੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ। ਸੰਘਣੀ ਧੁੰਦ ਕਾਰਨ ਸੜਕਾਂ ’ਤੇ ਦੂਰ ਤੱਕ ਦਿਖਣ ਦੀ ਹੱਦ ਸੀਮਤ ਹੀ ਰਹੀ, ਜਿਸ ਕਾਰਨ ਰਾਹਗੀਰਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਹੋਰਨਾਂ ਇਲਾਕਿਆਂ ਵਿੱਚ ਧੁੰਦ ਦਾ ਕਹਿਰ ਜ਼ਿਆਦਾ ਰਿਹਾ ਹੈ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਗੁਰਦਾਸਪੁਰ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ 30 ਦਸੰਬਰ ਨੂੰ ਵੀ ਸੀਤ ਲਹਿਰ ਚੱਲਣ ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਪੰਜਾਬ ਵਿੱਚ ਅੱਜ ਤੜਕੇ ਤੋਂ ਹੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਰਿਹਾ। ਇੰਨਾ ਹੀ ਨਹੀਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਅੱਜ ਸੂਰਜ ਦੇ ਦਰਸ਼ਨ ਤੱਕ ਨਹੀਂ ਹੋਏ ਤੇ ਸਾਰਾ ਦਿਨ ਬੱਦਲਵਾਈ ਰਹੀ ਹੈ। ਧੁੱਪ ਨਾ ਨਿਕਲਣ ਕਾਰਨ ਲੋਕਾਂ ਨੂੰ ਵੀ ਕੰਬਣੀ ਛਿੜੀ ਰਹੀ। ਠੰਢ ਵਧਣ ਕਾਰਨ ਨਿੱਤ ਕਮਾ ਕੇ ਖਾਉਣ ਵਾਲੇ ਦਿਹਾੜੀਦਾਰ ਕਾਮਿਆਂ ਦਾ ਕੰਮ-ਕਾਜ ਵੀ ਪ੍ਰਭਾਵਿਤ ਹੋਇਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 9.3, ਲੁਧਿਆਣਾ ਵਿੱਚ 7.6, ਪਟਿਆਲਾ ਵਿੱਚ 10.5, ਬਠਿੰਡਾ ਵਿੱਚ 7.4, ਫਰੀਦਕੋਟ ’ਚ 7 , ਬਰਨਾਲਾ ਵਿੱਚ 8.1, ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ 10.8, ਫਾਜ਼ਿਲਕਾ ਵਿੱਚ 6.3, ਮੋਗਾ ਵਿੱਚ 8.6, ਰੂਪਨਗਰ ਵਿੱਚ 10.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ 30 ਦਸੰਬਰ ਨੂੰ ਸੀਤ ਲਹਿਰ ਚੱਲਣ ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਓਰੈਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।