ਦਿੱਲੀ-ਐੱਨਸੀਆਰ ਵਿੱਚ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜਨਵਰੀ
ਦਿੱਲੀ-ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੀ ਰਹੀ। ਇਥੇ ਲਕਸ਼ਮੀ ਨਗਰ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਸ਼ੰਕਰ ਵਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿੱਚ ਬੁੱਧਵਾਰ ਸਵੇਰੇ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਈਐੱਮਡੀ ਨੇ ਸੋਮਵਾਰ ਨੂੰ ਸੰਘਣੀ ਧੁੰਦ ਕਾਰਨ ਦਿੱਲੀ ਵਿੱਚ ‘ਓਰੇਂਜ ਅਲਰਟ’ ਜਾਰੀ ਕੀਤਾ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਪੂਰਾ ਹਫ਼ਤਾ ਦੂਰ-ਦੁਰਾਡੇ ਇਲਾਕਿਆਂ ਵਿੱਚ ਇਹੀ ਹਾਲਾਤ ਬਣੇ ਰਹਿ ਸਕਦੇ ਹਨ। ਮੌਸਮ ਵਿਭਾਗ ਨੇ ਸਾਰੇ ਯਾਤਰੀਆਂ ਨੂੰ ਯਾਤਰਾ ਵਿੱਚ ਕਿਸੇ ਵੀ ਸੰਭਾਵੀ ਦੇਰੀ ਬਾਰੇ ਜਾਣਨ ਲਈ ਏਅਰਲਾਈਨਾਂ ਅਤੇ ਰੇਲਵੇ ਨਾਲ ਸੰਪਰਕ ਰੱਖਣ ਦੀ ਅਪੀਲ ਕੀਤੀ ਸੀ। ਸੰਘਣੀ ਧੁੰਦ ਕਾਰਨ ਬੁੱਧਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇਰੀ ਦਾ ਮੁੱਖ ਕਾਰਨ ਵਿਜ਼ੀਬਿਲਟੀ ਘੱਟ ਹੋਣਾ ਰਿਹਾ ਹੈ। ਦਿੱਲੀ ਹਵਾਈ ਅੱਡੇ ਦੇ ਆਪਰੇਟਰ ਡਾਇਲ ਨੇ ਕਿਹਾ ਕਿ ਹਵਾਈ ਅੱਡੇ ’ਤੇ ਲੈਂਡਿੰਗ ਅਤੇ ਟੇਕਆਫ ਜਾਰੀ ਰਹਿਣ ਦੌਰਾਨ, ਸੀਏਟੀ III-ਅਨੁਕੂਲ ਨਾ ਹੋਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹਾਲਾਂਕਿ ਉਡਾਣਾਂ ਰੱਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸੀਏਟੀ-III ਸਹੂਲਤ ਘੱਟ ਵਿਜ਼ੀਬਿਲਟੀ ਵਰਗੀਆਂ ਸਥਿਤੀਆਂ ਵਿੱਚ ਉਡਾਣ ਸੰਚਾਲਨ ਦੀ ਆਗਿਆ ਦਿੰਦੀ ਹੈ। ਫਲਾਈਟਰਾਡਾਰ 24 ਡਾਟ ਕੌਮ ’ਤੇ ਉਪਲਬਧ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਸਵੇਰੇ 7.35 ਵਜੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਮੁਸਾਫਰਾਂ ਨੂੰ ਅੱਪਡੇਟ ਕੀਤੀ ਉਡਾਣ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਕੌਮੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜ਼ਾਨਾ ਲਗਭਗ 1,300 ਉਡਾਣਾਂ ਦਾ ਸੰਚਾਲਨ ਹੁੰਦਾ ਹੈ।
ਬੁੱਧਵਾਰ ਸਵੇਰੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਧੁੰਦ ਦੀ ਸੰਘਣੀ ਪਰਤ ਛਾਈ ਰਹੀ, ਜਿਸ ਕਾਰਨ ਸ਼ਹਿਰ ਭਰ ਵਿੱਚ ਵਿਜ਼ੀਬਿਲਟੀ ਘੱਟ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਪੂਰੇ ਉੱਤਰੀ ਭਾਰਤ ਵਿੱਚ ਹਵਾ ਪ੍ਰਦੂਸ਼ਣ ਵਧਿਆ ਹੈ। ਭਾਰਤੀ ਰੇਲਵੇ ਨੇ ਕੁੱਲ 26 ਰੇਲਗੱਡੀਆਂ ਦੇਰੀ ਨਾਲ ਚੱਲਣ ਦੀ ਰਿਪੋਰਟ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਖਰਾਬ ਮੌਸਮ ਕਾਰਨ ਰੇਲ ਸੰਚਾਲਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਸੰਘਣੀ ਧੁੰਦ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਧੁੰਦ ਕਾਰਨ ਕਈ ਰੇਲਾਂ ਦੇਰ ਨਾਲ ਚੱਲੀਆਂ
ਸੰਘਣੀ ਧੁੰਦ ਕਾਰਨ ਦੇਸ਼ ਭਰ ਵਿੱਚ ਕਈ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਮੁੱਖ ਦੇਰੀ ਵਿੱਚ ਬਿਹਾਰ ਐੱਸ ਕ੍ਰਾਂਤੀ (12565) ਸ਼ਾਮਲ ਹੈ, ਜੋ 285 ਮਿੰਟ ਦੀ ਦੇਰੀ ਨਾਲ, ਸ਼੍ਰਮ ਸ਼ਕਤੀ ਐਕਸਪ੍ਰੈੱਸ (12561) 290 ਮਿੰਟ ਦੀ ਦੇਰੀ ਨਾਲ, ਗੋਰਖਧਾਮ ਐਕਸਪ੍ਰੈੱਸ (12555) 255 ਮਿੰਟ ਦੀ, ਅਤੇ ਐੱਨਡੀਐੱਲਐੱਸ ਹਮਸਫਰ (12275) 195 ਮਿੰਟ ਦੀ ਦੇਰੀ ਨਾਲ ਹੈ। ਹੋਰ ਮਹੱਤਵਪੂਰਨ ਦੇਰੀ ਵਿੱਚ ਮਹਾਬੋਧੀ ਐਕਸਪ੍ਰੈੱਸ (12397) 160 ਮਿੰਟ ਦੀ, ਅਯੁੱਧਿਆ ਐਕਸਪ੍ਰੈਸ (14205) 189 ਮਿੰਟ ਦੀ, ਅਤੇ ਐੱਲਕੇਓ ਐੱਨਡੀਐੱਲਐੱਸ ਏਸੀ ਐਕਸਪ੍ਰੈਸ (14209) 370 ਮਿੰਟ ਦੀ ਦੇਰੀ ਸ਼ਾਮਲ ਹੈ।
ਦਿੱਲੀ ਦੀ ਹਵਾ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ
ਇਸ ਦੌਰਾਨ ਦਿੱਲੀ ਵਿੱਚ ਹਵਾ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ, ਜਿਸ ਵਿੱਚ ਸਵੇਰੇ 7 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 344 ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਲੋਧੀ ਗਾਰਡਨ ਵਿੱਚ ਏਕਿਊਆਈ 287, ਆਈਆਈਐੱਮਟੀ 291, ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ 368, ਮੰਦਰ ਮਾਰਗ ਵਿੱਚ 378, ਮੁੰਡਕਾ ਵਿੱਚ 372, ਅਤੇ ਐੱਨਐੱਸ ਆਈਟੀ ਦਵਾਰਕਾ ਵਿੱਚ 242 ਦਰਜ ਕੀਤਾ ਗਿਆ। ਨਜਫਗੜ੍ਹ ਵਿੱਚ 255, ਨਰੇਲਾ ਵਿੱਚ 377, ਨਹਿਰੂ ਨਗਰ ਵਿੱਚ 394, ਅਤੇ ਉੱਤਰੀ ਕੈਂਪਸ, ਡੀਯੂ ਵਿੱਚ 382 ਦਰਜ ਕੀਤਾ ਗਿਆ। ਓਖਲਾ ਫੇਜ਼-2 ਵਿੱਚ ਏਕਿਊਆਈ 380 ਦਰਜ ਕੀਤਾ ਗਿਆ, ਜਦੋਂ ਕਿ ਪੜਪੜਗੰਜ ਵਿੱਚ 390 ਅਤੇ ਪੂਸਾ ਵਿੱਚ 355 ਦਰਜ ਕੀਤਾ ਗਿਆ। ਦਰਜ ਕੀਤੇ ਗਏ ਅੰਕੜਿਆਂ ਅਨੁਸਾਰ, ਵਿਵੇਕ ਵਿਹਾਰ ਵਿੱਚ ਸਭ ਤੋਂ ਵੱਧ ਏਕਿਊਆਈ 414 ਦਰਜ ਕੀਤਾ ਗਿਆ, ਜੋ ਕਿ ਗੰਭੀਰ ਪ੍ਰਦੂਸ਼ਣ ਪੱਧਰ ਨੂੰ ਦਰਸਾਉਂਦਾ ਹੈ।