ਮਨੀਸ਼ ਸਿਸੋਦੀਆ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ
ਨਵੀਂ ਦਿੱਲੀ, 15 ਜਨਵਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਅੱਜ ਜੰਗਪੁਰਾ ਵਿਧਾਨ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਮੰਦਰ ਵਿੱਚ ਮੱਥਾ ਟੇਕਿਆ ਤੇ ਉਪਰੰਤ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਨੇ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਕਿਲੋਕਰੀ ਸਥਿਤ ਅੰਗੂਰੀ ਮਾਤਾ ਮੰਦਰ ਵਿੱਚ ਪੂਜਾ ਕੀਤੀ। ਇਸ ਮਗਰੋਂ ਸਿਸੋਦੀਆ ਨੇ ‘ਭਾਈ ਹੋ ਤੋ ਐਸਾ, ਕੇਜਰੀਵਾਲ ਜੈਸਾ’ ਦੇ ਬੈਨਰ ਹੇਠ ਰੋਡ ਸ਼ੋਅ ਸ਼ੁਰੂ ਕੀਤਾ। ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਵਿਧਾਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ। ਜ਼ਿਕਰਯੋਗ ਹੈ ਕਿ ਜੰਗਪੁਰਾ ਵਿਧਾਨ ਸੀਟ ਤੋਂ ਭਾਜਪਾ ਨੇ ਤਰਵਿੰਦਰ ਸਿੰਘ ਮਾਰਵਾਹ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਕਾਂਗਰਸ ਨੇ ਫਰਹਾਦ ਸੂਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜੰਗਪੁਰਾ ਹਲਕੇ ਵਿੱਚ ਲਗਪਗ 1.47 ਲੱਖ ਵੋਟਰ ਹਨ, ਜਿਨ੍ਹਾਂ ਵਿੱਚ 79,510 ਪੁਰਸ਼ ਅਤੇ 68,271 ਮਹਿਲਾ ਵੋਟਰ ਹਨ। ਚਾਰ ਟਰਾਂਸਜ਼ੈਂਡਰ ਵੋਟਰ ਹਨ। ਦਿੱਲੀ ਵਿੱਚ ਵਿਧਾਨ ਚੋਣਾਂ ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ ਤੇ ਨਤੀਜੇ ਅੱਠ ਫਰਵਰੀ ਨੂੰ ਐਲਾਨੇ ਜਾਣਗੇ। -ਪੀਟੀਆਈ
‘ਆਪ’ ਨੇ ਹਰੀ ਨਗਰ ਤੇ ਨਰੇਲਾ ਹਲਕਿਆਂ ਤੋਂ ਉਮੀਦਵਾਰ ਬਦਲੇ
ਨਵੀਂ ਦਿੱਲੀ:
ਦਿੱਲੀ ਵਿਧਾਨ ਸਭਾ ਚੋਣਾਂ ਲਈ ਕੁਝ ਹਫ਼ਤਿਆਂ ਦਾ ਸਮਾਂ ਬਾਕੀ ਹੈ। ਅੱਜ ਆਮ ਆਦਮੀ ਪਾਰਟੀ (ਆਪ) ਨੇ ਹਰੀ ਨਗਰ ਤੇ ਨਰੇਲਾ ਹਲਕੇ ਤੋਂ ਆਪਣੇ ਉਮੀਦਵਾਰ ਬਦਲ ਦਿੱਤੇ ਹਨ। ਹਰੀ ਨਗਰ ਤੋਂ ਮੌਜੂਦਾ ਵਿਧਾਇਕਾ ਰਾਜਕੁਮਾਰੀ ਢਿੱਲੋਂ ਦੀ ਥਾਂ ਸੁਰਿੰਦਰ ਸੇਤੀਆ ਨੂੰ ਮੁੜ ਉਮੀਦਵਾਰ ਬਣਾਇਆ ਹੈ। ਸ਼ਰਦ ਚੌਹਾਨ ਦੀ ਜਗ੍ਹਾ ਨਰੇਲਾ ਤੋਂ ਦਿਨੇਸ਼ ਭਾਰਦਵਾਜ ਨੂੰ ਮੈਦਾਨ ’ਚ ਉਤਾਰਿਆ ਗਿਆ। ਇਹ ਬਦਲਾਅ ‘ਆਪ’ ਵੱਲੋਂ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਲਗਭਗ ਇੱਕ ਮਹੀਨੇ ਬਾਅਦ ਆਇਆ ਹੈ। ‘ਆਪ’ ਨੇ ਆਪਣੇ ਐਕਸ ਤੋਂ ਉਮੀਦਵਾਰਾਂ ਦੀ ਸੋਧੀ ਹੋਈ ਸੂਚੀ ਸਾਂਝੀ ਕੀਤੀ ਹੈ। ਨਰੇਲਾ ਤੋਂ ਦੋ ਵਾਰ ‘ਆਪ’ ਵਿਧਾਇਕ ਰਹੇ ਚੌਹਾਨ ਨੂੰ ਇਸ ਵਾਰ ਬਾਹਰ ਕਰ ਦਿੱਤਾ ਗਿਆ ਅਤੇ ਭਾਰਦਵਾਜ ਦਾ ਨਾਂ ਪਿਛਲੇ ਸਾਲ ਦਸੰਬਰ ’ਚ ਐਲਾਨੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ’ਚ ਸ਼ਾਮਲ ਸੀ। ਪਾਰਟੀ ਸੂਤਰਾਂ ਨੇ ਦਾਅਵਾ ਕੀਤਾ ਕਿ ਨਰੇਲਾ ਅਤੇ ਹਰੀ ਨਗਰ ਸੀਟ ਤੋਂ ਜ਼ਮੀਨੀ ਰਿਪੋਰਟਾਂ ਦੇ ਆਧਾਰ ’ਤੇ ਉਮੀਦਵਾਰ ਬਦਲੇ ਗਏ ਹਨ। -ਪੀਟੀਆਈ