For the best experience, open
https://m.punjabitribuneonline.com
on your mobile browser.
Advertisement

ਨਿਗਮ ਦੀ ਮੀਟਿੰਗ ਦੌਰਾਨ ਰੌਲਾ-ਰੱਪਾ

07:08 AM Jul 10, 2024 IST
ਨਿਗਮ ਦੀ ਮੀਟਿੰਗ ਦੌਰਾਨ ਰੌਲਾ ਰੱਪਾ
ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਮਤਿਆਂ ’ਤੇ ਬਹਿਸ ਕਰਦੇ ਹੋਏ ਕੌਂਸਲਰ। -ਫੋਟੋ: ਵਿੱਕੀ ਘਾਰੂ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 9 ਜੁਲਾਈ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੰਗਲਵਾਰ ਨੂੰ ਹੋਈ ਮਹੀਨਾਵਾਰ ਮੀਟਿੰਗ ’ਚ ਹਾਕਮ ਧਿਰ ‘ਆਪ’-ਕਾਂਗਰਸ ਗੱਠਜੋੜ ਦੇ ਮੇਅਰ ਦੀ ਅਗਵਾਈ ’ਚ ਨੇ ਸ਼ਹਿਰ ਦੇ ਹਰ ਪਰਿਵਾਰ ਨੂੰ ਵੀਹ ਹਜ਼ਾਰ ਲਿਟਰ ਪ੍ਰਤੀ ਮਹੀਨਾ ਮੁਫ਼ਤ ਪਾਣੀ ਮੁਹੱਈਆ ਕਰਵਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਰੱਦ ਮਤੇ ਨੂੰ ਮੁੜ ਤੋਂ ਵਿਸ਼ੇਸ਼ ਮਤੇ ਤਹਿਤ ਪਾਸ ਕਰ ਦਿੱਤਾ। ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਨਿਗਮ ਹਾਊਸ ਦੀ ਆਪਣੀ ਅਹਿਮੀਅਤ ਹੈ ਅਤੇ ਨਿਗਮ ਦੇ ਕੌਂਸਲਰ ਜਨਤਾ ਦੀ ਤਰਫ਼ੋਂ ਚੁਣੇ ਜਾਂਦੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਅਧਿਕਾਰੀ ਨਿਗਮ ਸਦਨ ਵੱਲੋਂ ਪਾਸ ਕੀਤੇ ਮੁੱਦੇ ’ਤੇ ਅੜਿੱਕੇ ਡਾਹ ਕੇ ਸਦਨ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਹਨ। ਉਨ੍ਹਾਂ ਮਿਸਾਲ ਦਿੱਤੀ ਕਿ ਪ੍ਰਸ਼ਾਸਨ ਨੇ ਬਿਨਾਂ ਜਾਂਚ ਕੀਤੇ ਨਿਗਮ ਸਦਨ ਵੱਲੋਂ ਸ਼ਹਿਰ ਨੂੰ ਮੁਫ਼ਤ ਪਾਣੀ ਦੇਣ ਦੇ ਪਾਸ ਕੀਤੇ ਮਤੇ ਨੂੰ ਰੱਦ ਕਰਨ ਦਾ ਪੱਤਰ ਜਾਰੀ ਕਰ ਦਿੱਤਾ।
ਚੰਡੀਗੜ੍ਹ ਨਗਰ ਨਿਗਮ ਸਦਨ ਦੀ ਮੀਟਿੰਗ ਵਿੱਚ ਪਹਿਲੀ ਵਾਰ ਪੁੱਜੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੁਫ਼ਤ ਪਾਣੀ ਅਤੇ ਮੁਫ਼ਤ ਪਾਰਕਿੰਗ ਦਾ ਏਜੰਡਾ ਰੱਦ ਕਰਨਾ ਸੰਵਿਧਾਨ ਮੁਤਾਬਕ ਨਹੀਂ ਹੈ। ਉਨ੍ਹਾਂ ਸਮੁੱਚੇ ਸਦਨ ਨੂੰ ਇਕੱਠੇ ਹੋ ਕੇ ਕਾਨੂੰਨ ਅਨੁਸਾਰ ਪ੍ਰਸ਼ਾਸਨ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ’ਤੇ ‘ਆਪ’-ਕਾਂਗਰਸ ਦੇ ਕੌਂਸਲਰਾਂ ਨੇ ਕਿਹਾ ਕਿ ਉਹ ਨਿਗਮ ਹਾਊਸ ਵੱਲੋਂ ਪਹਿਲਾਂ ਪਾਸ ਕੀਤੇ ਮਤੇ ਨੂੰ ਲਾਗੂ ਕਰਨ ਲਈ ਬਜ਼ਿੱਦ ਹਨ ਅਤੇ ਇਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
‘ਆਪ’ ਕੌਂਸਲਰ ਜਸਵਿੰਦਰ ਸਿੰਘ ਲਾਡੀ ਨੇ ਆਪਣੇ ਵਾਰਡ ਵਿੱਚ ਵਿਕਾਸ ਕਾਰਜਾਂ ਦੇ ਟੈਂਡਰ ਜਾਰੀ ਕਰਨ ਵਿੱਚ ਨਿਗਮ ਅਧਿਕਾਰੀਆਂ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ। ਨਿਗਮ ਕਮਿਸ਼ਨਰ ਨੇ ਉਨ੍ਹਾਂ ਨੂੰ ਨਗਰ ਨਿਗਮ ਹਾਊਸ ਦੇ ਭ੍ਰਿਸ਼ਟ ਅਧਿਕਾਰੀਆਂ ਦੇ ਨਾਂ ਉਜਾਗਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਿਗਮ ਵਿੱਚ ਵਿੱਤੀ ਸੰਕਟ ਕਾਰਨ ਨਵੇਂ ਟੈਂਡਰ ਰੁਕੇ ਹੋਏ ਹਨ।
ਸ਼ਹਿਰ ਦੇ ਸਾਬਕਾ ਮੇਅਰ, ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ‘ਆਪ’ ਆਗੂ ਪ੍ਰਦੀਪ ਛਾਬੜਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਦਨ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਮਰਹੂਮ ਛਾਬੜਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਕਰੀਬ ਦੋ ਘੰਟੇ ਬਾਅਦ ਭਾਜਪਾ ਪਾਰਟੀ ਦੇ ਕੌਂਸਲਰਾਂ ਵੱਲੋਂ ਮੀਟਿੰਗ ਦੀ ਕਾਰਵਾਈ ਦੌਰਾਨ ‘ਆਪ’ ਅਤੇ ਕਾਂਗਰਸੀ ਆਗੂਆਂ ਦੇ ਬੈਠਣ ’ਤੇ ਇਤਰਾਜ਼ ਕੀਤੇ ਜਾਣ ਮਗਰੋਂ ਸਦਨ ਵਿੱਚ ਹੰਗਾਮਾ ਹੋ ਗਿਆ। ਇਸ ਦੌਰਾਨ ਭਾਜਪਾ ਕੌਂਸਲਰਾਂ ਨੇ ਕਰੀਬ 10 ਮਿੰਟ ਤੱਕ ਮੀਟਿੰਗ ਦਾ ਬਾਈਕਾਟ ਕੀਤਾ। ਇਸ ਹੰਗਾਮੇ ਦੇ ਦੌਰਾਨ ਮੇਅਰ ਨੇ ਸਦਨ ਦੀ ਕਾਰਵਾਈ ਸਮਾਪਤ ਕਰ ਦਿੱਤੀ। ਮੀਟਿੰਗ ਦੌਰਾਨ ਪੇਸ਼ ਕੀਤੇ ਅੱਧੇ-ਅਧੂਰੇ ਮਤੇ ਪਾਸ ਕਰ ਦਿੱਤੇ ਗਏ ਅਤੇ ਵਿਚ ਵਿਚਾਲੇ ਮੀਟਿੰਗ ਸਮਾਪਤ ਹੋਣ ਕਾਰਨ ਕਈ ਮਤੇ ਅਗਲੀ ਮੀਟਿੰਗ ਤਕ ਲਟਕ ਗਏ।

Advertisement

ਅਨਿਲ ਮਸੀਹ ਖ਼ਿਲਾਫ਼ ਨਾਅਰੇਬਾਜ਼ੀ

ਨਿਗਮ ਹਾਊਸ ਦੀ ਮੀਟਿੰਗ ਵਿੱਚ ਹਿੱਸਾ ਲੈਣ ਪੁੱਜੇ ਅਨਿਲ ਮਸੀਹ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਮੀਟਿੰਗ ਵਿੱਚ ਦੁਪਹਿਰ ਬਾਅਦ ਉਸ ਸਮੇਂ ਹੋਰ ਹੰਗਾਮਾ ਹੋ ਗਿਆ ਜਦੋਂ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੇ ਇੱਕ ਮਤੇ ’ਤੇ ਚੱਲ ਰਹੀ ਚਰਚਾ ਦੌਰਾਨ ਆਪਣਾ ਸੁਝਾਅ ਦੇ ਦਿੱਤਾ। ਇਸ ਤੋਂ ਬਾਅਦ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਕੌਂਸਲਰ ਆਪਸ ਵਿੱਚ ਬਹਿਸ ਕਰਨ ਲੱਗੇ ਤੇ ਭਾਜਪਾ ਕੌਂਸਲਰ ਮੇਅਰ ਦੇ ਸਾਹਮਣੇ ਧਰਨੇ ’ਤੇ ਬੈਠ ਗਏ। ਮੇਅਰ ਨੂੰ ਭਾਜਪਾ ਕੌਂਸਲਰਾਂ ਅਤੇ ਨਾਮਜ਼ਦ ਕੌਂਸਲਰਾਂ ਨੂੰ ਬਾਹਰ ਕੱਢਣ ਲਈ ਮਾਰਸ਼ਲ ਬੁਲਾਉਣੇ ਪਏ। ਇਸ ਦੌਰਾਨ ਕੌਂਸਲਰ ਸੌਰਭ ਜੋਸ਼ੀ ਨੇ ਦੱਸਿਆ ਕਿ ਉਹ ਮਾਰਸ਼ਲਾਂ ਵੱਲੋਂ ਕੀਤੇ ਧੱਕੇ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਜਾਣਾ ਪਿਆ।

Advertisement

ਸਿਆਸਤ ਤੋਂ ਉੱਪਰ ਉੱਠ ਕੇ ਪੂਰੇ ਸ਼ਹਿਰ ਲਈ ਕੰਮ ਕਰਾਂਗਾ: ਤਿਵਾੜੀ

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿੱਚ ਪਹਿਲੀ ਵਾਰ ਪੁੱਜੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਪੂਰੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ। ਭਾਜਪਾ ਕੌਂਸਲਰਾਂ ਨੇ ਵੀ ਮਨੀਸ਼ ਤਿਵਾੜੀ ਨੂੰ ਸ਼ਹਿਰ ਦੇ ਵਿਕਾਸ ਲਈ ਸਮਰਥਨ ਦੇਣ ਦੀ ਗੱਲ ਕਹੀ।

Advertisement
Author Image

sukhwinder singh

View all posts

Advertisement