ਖੇਤੀਬਾੜੀ ਸਭਾ ਖੱਟੜਾ ਦੀ ਚੋਣ ਮੁਲਤਵੀ
ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਅਕਤੂਬਰ
ਦਿ ਖੱਟੜਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਖੰਨਾ ਖੁਰਦ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਅੱਜ ਅਚਾਨਕ ਮੁਲਤਵੀ ਹੋ ਗਈ ਜਿਸ ਕਾਰਨ ਬਹੁਮਤ ਵਾਲੀ ਧਿਰ ਵੱਲੋਂ ਸੂਬਾ ਸਰਕਾਰ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਗਏ। ਮੈਂਬਰਾਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਦਬਾਅ ਹੇਠ ਸਹਾਇਕ ਰਜਿਸਟਰਾਰ ਵੱਲੋਂ ਚੋਣ ਮੌਕੇ ’ਤੇ ਮੁਲਤਵੀ ਕੀਤੀ ਗਈ ਹੈ।
ਜਥੇਦਾਰ ਰਣਬੀਰ ਸਿੰਘ ਖੱਟੜਾ ਅਤੇ ਇਫਕੋ ਦੇ ਡੈਲੀਗੇਟ ਨਵਤੇਜ ਸਿੰਘ ਖੱਟੜਾ ਨੇ ਕਿਹਾ ਕਿ ਖੇਤੀਬਾੜੀ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਅੱਜ ਚੋਣ ਕਰਵਾਈ ਜਾਣੀ ਸੀ। ਇਸ 11 ਮੈਂਬਰੀ ਕਮੇਟੀ ਵਿੱਚ ਉਨ੍ਹਾਂ ਕੋਲ 7 ਮੈਂਬਰ ਹੋਣ ਕਾਰਨ ਪੂਰਾ ਬਹੁਮਤ ਹੈ, ਪਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਹੈ ਜਿਸ ਕਾਰਨ ਅਸਿਸਟੈਂਟ ਰਜਿਸਟਰਾਰ ਵੱਲੋਂ ਅੱਜ ਮੌਕੇ ’ਤੇ ਚੋਣ ਮੁਲਤਵੀ ਕਰ ਦਿੱਤੀ ਗਈ।
ਰਿਟਰਨਿੰਗ ਅਫ਼ਸਰ ਦੀ ਤਬੀਅਤ ਖਰਾਬ ਹੋਣ ਕਾਰਨ ਚੋਣ ਮੁਲਤਵੀ ਕਰਨੀ ਪਈ: ਏਆਰ
ਅਸਿਸਟੈਂਟ ਰਜਿਸਟਰਾਰ ਪ੍ਰਭਪ੍ਰੀਤ ਕੌਰ ਢਿੱਲੋਂ ਨੇ ਦੱਸਿਆ ਕਿ ਸਭਾ ਦੀ ਅੱਜ 22 ਅਕਤੂਬਰ ਨੂੰ ਚੋਣ ਕਰਵਾਈ ਜਾਣੀ ਸੀ ਪਰ ਰਿਟਰਨਿੰਗ ਅਫ਼ਸਰ ਅਤੇ ਅਲਟਰਨੇਟਿਵ ਰਿਟਰਨਿੰਗ ਅਫ਼ਸਰ ਵੱਲੋਂ ਇਸ ਦਫ਼ਤਰ ਨੂੰ ਰਿਪੋਰਟ ਕੀਤੀ ਗਈ ਹੈ ਕਿ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਕਾਰਨ ਅੱਜ ਦੀ ਛੁੱਟੀ ਲਈ ਗਈ ਹੈ ਜਿਸ ਤਹਿਤ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਨਹੀਂ ਕਰਵਾਈ ਜਾ ਸਕਦੀ ਜਿਸ ਕਾਰਨ ਇਹ ਚੋਣ ਮੁਲਤਵੀ ਕਰਨੀ ਪਈ ਹੈ।