ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੁਸ਼ਹਾਲੀ ਦੇ ਵਖਰੇਵੇਂ ਲੱਭਣ ਵਾਲੇ ਤਿੰਨ ਅਰਥਸ਼ਾਸਤਰੀਆਂ ਨੂੰ ਨੋਬੇਲ

10:20 AM Oct 20, 2024 IST
ਡੈਰੋਨ ਐਕੇਮੋਗਲੂ, ਸਿਮੌਨ ਜੌਹਨਸਨ, ਜੇਮਸ ਏ. ਰੌਬਿਨਸਨ

ਕ੍ਰਿਸ਼ਨ ਕੁਮਾਰ ਰੱਤੂ (ਡਾ.)

Advertisement

ਇਸ ਵਰ੍ਹੇ ਦਾ ਨੋਬੇਲ ਅਰਥਸ਼ਾਸਤਰ ਪੁਰਸਕਾਰ ਵਿਸ਼ਵ ਦੇ ਤਿੰਨ ਵੱਡੇ ਅਰਥਸ਼ਾਸਤਰੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਖੋਜਾਰਥੀਆਂ ਅਤੇ ਵਿਦਵਾਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਤੇ ਸਹੂਲਤਾਂ ਦੀ ਪੂਰਤੀ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਇਆ ਹੁੰਦਾ ਹੈ।
ਰਾਇਲ ਸਵੀਡਿਸ਼ ਅਕੈਡਮੀ ਨੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਜਿਨ੍ਹਾਂ ਤਿੰਨ ਵੱਡੇ ਅਰਥਸ਼ਾਸਤਰੀਆਂ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੇ ਵਿਸ਼ਵ ਸੰਸਥਾਵਾਂ ਨੂੰ ਆਉਣ ਵਾਲੀਆਂ ਨਸਲਾਂ ਲਈ ਅਰਥਚਾਰੇ ਨੂੰ ਸੁਰੱਖਿਅਤ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਣ ਸਬੰਧੀ ਖੋਜ ਕੀਤੀ ਹੈ। ਇਨ੍ਹਾਂ ਵਿਦਵਾਨਾਂ ’ਚੋਂ ਦੋ ਡੈਰੋਨ ਐਕੇਮੋਗਲੂ ਅਤੇ ਸਿਮੌਨ ਜੌਹਨਸਨ ਦਾ ਸਬੰਧ ਕੈਂਬਰਿਜ ਦੀ ਮੈਸੇਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਨਾਲ ਹੈ ਜਦੋਂਕਿ ਤੀਜੇ ਵਿਦਵਾਨ ਯੂਨੀਵਰਸਿਟੀ ਆਫ ਸ਼ਿਕਾਗੋ ਦੇ ਜੇਮਸ ਏ. ਰੌਬਿਨਸਨ ਹਨ।
ਆਪਣੇ ਐਲਾਨਨਾਮੇ ’ਚ ਅਕੈਡਮੀ ਨੇ ਦੱਸਿਆ ਹੈ ਕਿ ਇਨ੍ਹਾਂ ਵਿਦਵਾਨਾਂ ਦੀ ਖੋਜ ਉਨ੍ਹਾਂ ਕਾਰਨਾਂ ਸਬੰਧੀ ਹੈ ਕਿ ਕੁਝ ਦੇਸ਼ ਕਿਉਂ ਖੁਸ਼ਹਾਲ ਹੁੰਦੇ ਹਨ ਤੇ ਕੁਝ ਹੋਰ ਖੁਸ਼ਹਾਲੀ ਦੇ ਰਾਹ ’ਤੇ ਕਿਉਂ ਨਹੀਂ ਵਧ ਸਕਦੇ। ਦੂਸਰੇ ਸ਼ਬਦਾਂ ’ਚ ਖੁਸ਼ਹਾਲੀ ਦੇ ਵਖਰੇਵਿਆਂ ਦੇ ਖੋਜ ਕਾਰਜ ਲਈ ਇਹ ਪੁਰਸਕਾਰ ਇਨ੍ਹਾਂ ਵਿਦਵਾਨਾਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਤੋਂ ਦੂਜੀ ਕੌਮ ਦਰਮਿਆਨ ਖੁਸ਼ਹਾਲੀ ਦੇ ਵਖਰੇਵੇਂ ਨੂੰ ਸਮਝਣ ’ਚ ਮਦਦ ਕੀਤੀ ਹੈ ਤੇ ਉਨ੍ਹਾਂ ਆਪਣੀ ਖੋਜ ਤੋਂ ਜੋ ਸਿੱਟੇ ਕੱਢੇ ਹਨ, ਉਨ੍ਹਾਂ ਤੋਂ ਸੇਧ ਲੈਂਦਿਆਂ ਆਉਣ ਵਾਲੀਆਂ ਮਾਨਵੀ ਪੀੜ੍ਹੀਆਂ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਦਵਾਨਾਂ ਅਨੁਸਾਰ ਕਿਸੇ ਦੇਸ਼ ਦੀ ਖੁਸ਼ਹਾਲੀ ਲਈ ਉਸ ਦੀਆਂ ਸਮਾਜਿਕ ਸੰਸਥਾਵਾਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਜੇ ਅਮਨ-ਕਾਨੂੰਨ ਦੀ ਸਥਿਤੀ ਠੀਕ ਨਹੀਂ ਅਤੇ ਆਬਾਦੀ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਤਾਂ ਅਜਿਹੀਆਂ ਸਮਾਜਿਕ ਸੰਸਥਾਵਾਂ ਤੋਂ ਸਮਾਜ ਦੀ ਬਿਹਤਰੀ ਜਾਂ ਤਬਦੀਲੀ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹ ਖੋਜ ਸਾਨੂੰ ਸਮਝਾਉਂਦੀ ਹੈ ਕਿ ਜਦੋਂ ਯੂਰਪੀ ਦੇਸ਼ਾਂ ਨੇ ਦੁਨੀਆ ਦੇ ਹੋਰ ਦੇਸ਼ਾਂ/ਥਾਵਾਂ ’ਤੇ ਨਿਵੇਸ਼ ਕੀਤਾ ਤਾਂ ਕਿਵੇਂ ਉੱਥੋਂ ਦੀਆਂ ਸਮਾਜਿਕ ਸੰਸਥਾਵਾਂ ਦੀ ਕਾਰਗੁਜ਼ਾਰੀ ’ਚ ਤਬਦੀਲੀ ਆ ਗਈ ਹਾਲਾਂਕਿ ਇਹ ਵਰਤਾਰਾ ਹਰ ਜਗ੍ਹਾ ਇੱਕੋ ਜਿਹਾ ਨਹੀਂ ਸੀ। ਕੁਝ ਥਾਵਾਂ ’ਤੇ ਇਸ ਦਾ ਮੰਤਵ ਸਥਾਨਕ ਲੋਕਾਂ ਦਾ ਸੋਸ਼ਣ ਕਰਨਾ ਅਤੇ ਸਾਮਰਾਜਵਾਦੀਆਂ ਲਈ ਸਰੋਤਾਂ ਦਾ ਲਾਭ ਉਠਾਉਣਾ ਵੀ ਸੀ। ਉਨ੍ਹਾਂ ਆਪਣੀਆਂ ਬਸਤੀਆਂ ਤੋਂ ਲੰਮੇ ਸਮੇਂ ਤੱਕ ਆਰਥਿਕ ਲਾਭ ਉਠਾਉਣ ਵਾਸਤੇ ਸਿਆਸੀ ਅਤੇ ਆਰਥਿਕ ਨੀਤੀਆਂ ਵੀ ਘੜੀਆਂ। ਨੋਬੇਲ ਪੁਰਸਕਾਰ ਜੇਤੂਆਂ ਨੇ ਆਪਣੀ ਖੋਜ ’ਚ ਦੱਸਿਆ ਹੈ ਕਿ ਬਸਤੀਵਾਦੀ ਦੌਰ ਦੌਰਾਨ ਜਿਹੜੀਆਂ ਸਮਾਜਿਕ ਸੰਸਥਾਵਾਂ ਦੀ ਉਸਾਰੀ ਹੋਈ, ਉਨ੍ਹਾਂ ਵੀ ਦੇਸ਼ਾਂ ਦੀ ਖੁਸ਼ਹਾਲੀ ’ਚ ਵੱਖੋ ਵੱਖ ਤਰ੍ਹਾਂ ਯੋਗਦਾਨ ਪਾਇਆ ਅਤੇ ਖੋਜਾਰਥੀਆਂ ਨੇ ਇਨ੍ਹਾਂ ਵਖਰੇਵਿਆਂ ਦੇ ਆਧਾਰ ’ਤੇ ਹੀ ਖੁਸ਼ਹਾਲੀ ਦੀ ਵਿਆਖਿਆ ਕੀਤੀ ਹੈ।
ਹੁਣ ਦੁਨੀਆ ਨਵੇਂ ਖ਼ਤਰਿਆਂ ਅਤੇ ਨਵੀਆਂ ਚੁਣੌਤੀਆਂ ਨਾਲ ਜੂਝਦਿਆਂ ਅਰਥਸ਼ਾਸਤਰ ਦੇ ਨਵੇਂ ਅਰਥ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭ ਰਹੀ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜਿੱਥੇ ਸਾਰਾ ਵਿਸ਼ਵ ਭਾਈਚਾਰਾ ਆਤਮ-ਚਿੰਤਨ ਕਰਦਿਆਂ ਅਰਥਸ਼ਾਸਤਰ ਦੀਆਂ ਡੂੰਘਾਈਆਂ ਨੂੰ ਵਾਚ ਰਿਹਾ ਹੈ ਅਤੇ ਇਹੀ ਹੁਣ ਨਵੇਂ ਅਰਥਸ਼ਾਸਤਰ ਦੀ ਵਿਆਖਿਆ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮੁੱਢਲੀਆਂ ਮਾਨਵੀ ਸਮੱਸਿਆਵਾਂ ਦੇ ਵੇਲੇ ਦੇ ਆਰਥਿਕ ਹਾਲਾਤ ਤੋਂ ਲੈ ਕੇ ਹੁਣ ਤੱਕ ਅਰਥਚਾਰੇ ’ਚ ਜੋ ਵੀ ਬਦਲਾਅ ਆਇਆ ਹੈ ਉਹ ਸਾਹਮਣੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਅਰਸੇ ਦੀਆਂ ਰਾਜਨੀਤਕ ਸਥਿਤੀਆਂ ਤੇ ਵਿਚਾਰਧਾਰਾਵਾਂ ਨੂੰ ਪਰਖਦਿਆਂ ਹੀ ਭਵਿੱਖ ਦੀਆਂ ਸਮੱਸਿਆਵਾਂ ਦੇ ਹੱਲ ਲੱਭੇ ਜਾ ਸਕਦੇ ਹਨ।
ਬਹੁਕੌਮੀ ਕੰਪਨੀਆਂ ਵਾਲੇ ਇਸ ਤੇਜ਼ ਰਫ਼ਤਾਰ ਯੁੱਗ ’ਚ ਜਦੋਂ ਪਦਾਰਥਵਾਦੀ ਤੇ ਭੌਤਿਕਵਾਦੀ ਕਦਰਾਂ-ਕੀਮਤਾਂ ਬਦਲ ਰਹੀਆਂ ਹਨ ਤਾਂ ਸਮਾਜਿਕ ਲੋੜਾਂ ’ਚ ਵੀ ਤਬਦੀਲੀ ਆ ਰਹੀ ਹੈ ਜਿਸ ਨੇ ਅਰਥਚਾਰੇ ਨੂੰ ਵੀ ਨਵਾਂ ਮੋੜਾ ਦੇ ਦਿੱਤਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਨੋਬੇਲ ਪੁਰਸਕਾਰ ਕਮੇਟੀ ਅਨੁਸਾਰ ਪਰਮਾਣੂ ਹਥਿਆਰਾਂ ਦੀ ਦੌੜ, ਜੰਗਾਂ, ਬਿਮਾਰੀਆਂ, ਪਦਾਰਥਵਾਦ ਅਤੇ ਨਵੀਂ ਤਕਨਾਲੋਜੀ ਨੇ ਅਰਥਚਾਰੇ ਅਤੇ ਰਾਜਨੀਤਕ ਪ੍ਰਣਾਲੀਆਂ ’ਤੇ ਵੀ ਅਸਰ ਪਾਇਆ ਹੈ। ਇਸ ਨਾਲ ਅਰਥਚਾਰੇ ਦੀ ਪ੍ਰਸੰਗਕਤਾ ਤੇ ਉਸ ਦਾ ਭਵਿੱਖ ਵੀ ਬਦਲ ਗਿਆ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਸਮਾਜਿਕ ਸੰਸਥਾਵਾਂ ਮਨੁੱਖਤਾ ਦੀ ਭਲਾਈ ਲਈ ਕਿਸ ਤਰ੍ਹਾਂ ਦੇ ਯਤਨ ਕਰ ਸਕਦੀਆਂ ਹਨ ਅਤੇ ਕਿਵੇਂ ਗ਼ਰੀਬੀ ਤੋਂ ਉੱਪਰ ਉੱਠ ਕੇ ਜੀਵਨ ਦਰਸ਼ਨ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਜਾ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਅਰਥਚਾਰਾ ਉਸ ਤਰ੍ਹਾਂ ਦਾ ਨਹੀਂ ਰਹੇਗਾ, ਜਿਸ ਤਰ੍ਹਾਂ ਦਾ ਰਾਜਨੀਤਕ ਧਾਰਾਵਾਂ ਨਾਲ ਜੋੜਿਆ ਜਾ ਸਕਦਾ ਸੀ। ਇੱਥੇ ਜ਼ਿਕਰਯੋਗ ਹੈ ਕਿ ਕਈ ਦੇਸ਼ਾਂ ’ਚ ਹਾਲੇ ਵੀ ਰਾਜਾਸ਼ਾਹੀ ਅਤੇ ਤਾਨਾਸ਼ਾਹੀ ਸਮੇਤ ਲੋਕਤੰਤਰ ਦੀਆਂ ਅਜਿਹੀਆਂ ਧਾਰਾਵਾਂ ਹਨ ਜਿੱਥੇ ਜ਼ਿੰਦਗੀ ਨੂੰ ਵੱਖੋ ਵੱਖਰੇ ਨਜ਼ਰੀਏ ਨਾਲ ਦੇਖਿਆ ਤੇ ਪਰਖਿਆ ਜਾਂਦਾ ਹੈ। ਇਸ ਦੇ ਬਾਵਜੂਦ ਦੁੱਖ ਦੀ ਗੱਲ ਇਹ ਹੈ ਕਿ ਆਮ ਆਦਮੀ ਨੂੰ ਸਸਤੀ ਰੋਟੀ, ਸਿਰ ’ਤੇ ਛੱਤ ਅਤੇ ਪਾਣੀ ਮੁਹੱਈਆ ਕਰਵਾਉਣ ਜਿਹੇ ਮਸਲੇ ਹਾਲੇ ਵੀ ਸਭ ਤੋਂ ਵੱਡੇ ਹਨ। ਅਰਥਸ਼ਾਸਤਰੀ ਡੈਰੋਨ ਨੇ ਉਨ੍ਹਾਂ ਦੁਸ਼ਵਾਰੀਆਂ ਨੂੰ ਵੀ ਉਭਾਰਿਆ ਹੈ, ਜਿਨ੍ਹਾਂ ਨੇ ਅੱਜ ਦੁਨੀਆ ਭਰ ਨੂੰ ਘੇਰਿਆ ਹੋਇਆ ਹੈ।
ਇੱਕ ਅਨੁਮਾਨ ਅਨੁਸਾਰ ਵਿਸ਼ਵ ਦੀ 40 ਫ਼ੀਸਦੀ ਆਬਾਦੀ ਅੱਜ ਵੀ ਖਾਣ ਪੀਣ ਦੀਆਂ ਮੁੱਢਲੀਆਂ ਵਸਤਾਂ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਤੋਂ ਵਾਂਝੀ ਹੈ। ਇਨ੍ਹਾਂ ਨੂੰ ਸਿਹਤ ਸੇਵਾਵਾਂ ਵੀ ਨਹੀਂ ਮਿਲੀਆਂ ਤੇ ਇਹ ਬਿਮਾਰੀਆਂ ਨਾਲ ਜੂਝਦੇ ਰਹਿੰਦੇ ਹਨ। ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀਆਂ ਨੇ ਇਸ ਸਥਿਤੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਸਮਝਣ ਦਾ ਯਤਨ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਨਵੀਆਂ ਨਸਲਾਂ ਦੀ ਸੰਭਾਲ ਤੇ ਆਰਥਿਕ ਸੁਰੱਖਿਆ ਲਈ ਹੋਰ ਯਤਨ ਕਰਨੇ ਪੈਣਗੇ।
ਉਨ੍ਹਾਂ ਦੇ ਦੱਸਣ ਮੁਤਾਬਿਕ ਅਰਥਸ਼ਾਸਤਰ ਦੀ ਇਸ ਖੋਜ ਦਾ ਮਕਸਦ ਆਮ ਇਨਸਾਨ ਲਈ ਰੋਜ਼ੀ ਰੋਟੀ, ਸਿਰ ਢਕਣ ਲਈ ਛੱਤ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਲੋੜ ਤੋਂ ਸਭ ਨੂੰ ਜਾਣੂ ਕਰਵਾਉਣਾ ਹੈ ਕਿਉਂਕਿ ਦੁਨੀਆ ਦੇ ਹਰ ਖੇਤਰ ਵਿੱਚ ਹਰ ਵਿਅਕਤੀ ਦਾ ਇਹ ਬੁਨਿਆਦੀ ਅਧਿਕਾਰ ਹੈ। ਦਰਅਸਲ, ਆਰਥਿਕ ਨਾਬਰਾਬਰੀ ਕਾਰਨ ਪੂਰੀ ਦੁਨੀਆ ਵਿੱਚ ਲੋਕ ਪ੍ਰੇਸ਼ਾਨ ਹਨ ਅਤੇ ਆਰਥਿਕ ਪਾੜਾ ਵਧਦਾ ਹੀ ਜਾ ਰਿਹਾ ਹੈ। ਇਸ ਵਿੱਚ ਸੰਸਥਾਵਾਂ ਦੀ ਭੂਮਿਕਾ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ। ਅਜਿਹੇ ਮੌਕੇ ਅਰਥਸ਼ਾਸਤਰ ਦਾ ਇਹ ਪੁਰਸਕਾਰ ਇਨ੍ਹਾਂ ਤਿੰਨਾਂ ਅਰਥਸ਼ਾਸਤਰੀਆਂ ਨੂੰ ਮਿਲਣਾ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਰਥਸ਼ਾਸਤਰ ਦੇ ਮੁਹਾਜ਼ ’ਤੇ ਨਵੀਆਂ ਵਿਚਾਰਧਾਰਾਵਾਂ ਤੇ ਖੋਜਾਂ ਦੇਖਣ ਨੂੰ ਮਿਲਣਗੀਆਂ। ਸਿਆਸੀ ਵਿਚਾਰਧਾਰਾਵਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਦੁਨੀਆ ਭਰ ਦੇ ਆਮ ਲੋਕਾਂ ਲਈ ਉਨ੍ਹਾਂ ਸਭ ਸੰਸਥਾਵਾਂ ਦੇ ਵਸੀਲਿਆਂ ਨੂੰ ਵਿਕਸਤ ਕੀਤਾ ਜਾਵੇ ਤਾਂ ਜੋ ਹਰ ਮਨੁੱਖ ਨੂੰ ਸਨਮਾਨਯੋਗ ਜ਼ਿੰਦਗੀ ਜਿਊਣ ਦੇ ਸਾਧਨ ਮੁਹੱਈਆ ਹੋ ਸਕਣ।
ਸੰਪਰਕ: 94787-30156

Advertisement
Advertisement