ਧਰਨਾ ਦੇ ਰਹੇ ਕਲਰਕਾਂ ’ਤੇ ‘ਨੋ ਵਰਕ, ਨੋ ਪੇਅ’ ਨਿਯਮ ਲਾਗੂ
ਪੀ.ਪੀ. ਵਰਮਾ
ਪੰਚਕੂਲਾ, 31 ਜੁਲਾਈ
ਹਰਿਆਣਾ ਸਰਕਾਰ ਨੇ ਸੂਬੇ ਵਿੱਚ ਧਰਨੇ ਉੱਤੇ ਬੈਠੇ ਕਲਰਕਾਂ ਖਿਲਾਫ਼ ਸਖ਼ਤੀ ਵਿਖਾਉਂਦੇ ਹੋਏ ਭਲਕੇ (ਇੱਕ ਅਗਸਤ) ਤੋਂ ਨੋ ਵਰਕ ਨੋ ਪੇਅ ਦਾ ਨਿਯਮ ਲਾਗੂ ਕੀਤਾ ਹੈ। ਬੀਤੇ ਇੱਕ ਮਹੀਨੇ ਤੋਂ ਡੀਸੀ ਦਫ਼ਤਰਾਂ ਦੇ ਕਲਰਕ ਆਪਣੀ ਤਨਖਾਹ ਵਧਾਉਣ ਨੂੰ ਲੈਕੇ ਧਰਨੇ ’ਤੇ ਬੈਠੇ ਹਨ। ਜਿਨ੍ਹਾਂ ਕਾਰਨ ਲੋਕ ਐੱਸਡੀਐਮ ਦਫ਼ਤਰ, ਤਹਿਸੀਲਦਾਰ ਦਫ਼ਤਰ ਅਤੇ ਡੀਸੀ ਦਫ਼ਤਰ ਵਿੱਚ ਆਪਣੇ ਕੰਮਾਂ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਹਨ। ਹਰਿਆਣਾ ਸਰਕਾਰ ਨੇ ਮੂਲ ਵੇਤਨ 21,700 ਐਲਾਨ ਕੀਤਾ ਸੀ ਅਤੇ ਇਸ ਨਾਲ ਕੁਝ ਹੋਰ ਵੀ ਫਾਇਦੇ ਦੇਣੇ ਸਨ ਪਰੰਤੂ ਇਸਦੇ ਬਾਵਜੂਦ ਵੀ ਕਲਰਕਾਂ ਆਪਣੀ ਹੜਤਾਲ ਸਮਾਪਤ ਨਹੀਂ ਕਰ ਰਹੇ। ਸਰਕਾਰੀ ਬੁਲਾਰੇ ਅਨੁਸਾਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਦੇ ਕਲਰਕਾਂ ਨੂੰ ਯੂਪੀ, ਪੰਜਾਬ ਅਤੇ ਹਿਮਾਚਲ ਨਾਲੋਂ ਵੱਧ ਤਨਖਾਹਾਂ ਦੇਣ ਨਾਲ ਕਈ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪਰ ਹਰਿਆਣਾ ਦੇ ਕਲਰਕ ਜ਼ਿੱਦ ਤੇ ਬੈਠੇ ਹਨ ਅਤੇ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਧਰਨੇ ਤੇ ਬੈਠੇ ਹਨ। ਕਲਰਕ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਘੱਟੋ-ਘੱਟ ਵੇਤਨ 35400 ਰੁਪਏ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਨੂੰ ਇਹ ਨਹੀਂ ਦਿੱਤਾ ਜਾਂਦਾ ਤਾਂ ਉਹ ਹੜਤਾਲ ਜਾਰੀ ਰੱਖਣਗੇ।