ਭਵਿੱਖ ’ਚ ਕਿਸੇ ਵੀ ਟੌਲ ਪਲਾਜ਼ੇ ਦੀ ਮਿਆਦ ਨਹੀਂ ਵਧੇਗੀ: ਮਾਨ
ਮਹਿੰਦਰ ਿਸੰਘ ਰੱਤੀਅਾਂ, ਗੁਰਜੰਟ ਕਲਸੀ
ਮੋਗਾ/ਸਮਾਲਸਰ, 5 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਰ੍ਹਦੇ ਮੀਂਹ ਵਿਚ ਮੋਗਾ-ਕੋਟਕਪੂਰਾ ਕੌਮੀ ਮਾਰਗ ’ਤੇ ਪਿੰਡ ਚੰਦ ਪੁਰਾਣਾ ਦਾ ਟੌਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਸੂਬੇ ਦੀ ‘ਆਪ’ ਸਰਕਾਰ ਹੁਣ ਤੱਕ 10 ਟੌਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿਚ ਵੀ ਕਿਸੇ ਟੌਲ ਪਲਾਜ਼ੇ ਦੀ ਮਿਆਦ ਨਹੀਂ ਵਧਾਈ ਜਾਵੇਗੀ। ਟੌਲ ਪਲਾਜ਼ਿਆਂ ਰਾਹੀਂ ਲੋਕਾਂ ਤੋਂ ਲੁੱਟਿਆ ਗਿਆ ਇਕ-ਇਕ ਪੈਸਾ ਸਬੰਧਤ ਕੰਪਨੀਆਂ ਤੋਂ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਟੌਲ ਪਲਾਜ਼ੇ ਬੰਦ ਕਰਵਾਏ ਜਾਣਗੇ। ਟੌਲ ਪਲਾਜ਼ਾ ਬੰਦ ਹੋਣ ਨਾਲ ਪੰਜਾਬ ਸਣੇ ਹਰਿਆਣਾ ਤੇ ਰਾਜਸਥਾਨ ਦੇ ਵਾਹਨ ਚਾਲਕਾਂ ਨੂੰ ਫਾਇਦਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਆਗੂਆਂ ਉੱਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਗੁਮਰਾਹਕੁਨ ਬਿਆਨ ਦੇਣ ਲਈ ਕਾਂਗਰਸੀ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਅਸਲ ਵਿੱਚ ਕਾਂਗਰਸ ਨੇ ਮਿਆਦ ਪੂਰੀ ਹੋਣ ਉੱਤੇ ਵੀ ਇਨ੍ਹਾਂ ਟੌਲ ਪਲਾਜ਼ਿਆਂ ਦੀ ਸਰਪ੍ਰਸਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਟੌਲ ਕਰੀਬ ਸਾਢੇ ਤਿੰਨ ਸਾਲ ਪਹਿਲਾਂ 31 ਦਸੰਬਰ 2019 ਨੂੰ ਬੰਦ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਕਿਸਾਨ ਅੰਦੋਲਨ ਅਤੇ ਕੋਵਿਡ ਮਹਾਮਾਰੀ ਦੇ ਬਹਾਨੇ ਮਿਆਦ ਵਧਾਉਣ ਦੀ ਮੰਗ ਕਰ ਰਹੀ ਸੀ, ਪਰ ਸਰਕਾਰ ਨੇ ਸਾਫ ਇਨਕਾਰ ਕਰ ਦਿੱਤਾ। ਟੌਲ ਪਲਾਜ਼ੇ ਤੋਂ ਲੰਘਣ ਮੌਕੇ ਲੋਕਾਂ ਨੂੰ ਰੋਜ਼ਾਨਾ 4.68 ਲੱਖ ਰੁਪਏ ਟੌਲ ਦੇਣਾ ਪੈਂਦਾ ਸੀ।
ਅੰਸਾਰੀ ਮਾਮਲੇ ਵਿੱਚ 55 ਲੱਖ ਰੁਪਏ ਦੀ ਰਿਕਵਰੀ ਯਕੀਨੀ ਬਣਾਵਾਂਗੇ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁਖਤਾਰ ਅੰਸਾਰੀ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ 55 ਲੱਖ ਰੁਪਏ ਦੀ ਰਿਕਵਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੰਸਾਰੀ ਦੇ ਪੁੱਤ ਤੇ ਭਤੀਜੇ ਨੂੰ ਰੂਪਨਗਰ ਵਿੱਚ ਵਕਫ਼ ਬੋਰਡ ਦੀ ਮਹਿੰਗੀ ਜ਼ਮੀਨ ਅਲਾਟ ਕਰਨ ਦੀ ਵੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਤੋਂ ਜ਼ਰੂਰ ਪੁੱਛਣ ਕਿ ਉਹ ਕਿੰਨੀ ਵਾਰ ਅੰਸਾਰੀ ਨੂੰ ਮਿਲਿਆ ਸੀ।