ਕਿਸੇ ਵੀ ਪੱਥਰਬਾਜ਼ ਜਾਂ ਅਤਿਵਾਦੀ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ: ਸ਼ਾਹ
ਨੌਸ਼ਹਿਰਾ, 22 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਤਿਵਾਦ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਅੱਜ ਇੱਥੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਕਿਸੇ ਵੀ ਪੱਥਰਬਾਜ਼ ਜਾਂ ਅਤਿਵਾਦੀ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਅਤਿਵਾਦ ਦਾ ਸਫ਼ਾਇਆ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ।
ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਦੇ ਸਮਰਥਨ ’ਚ ਨੌਸ਼ਹਿਰਾ ਵਿੱਚ ਇੱਕ ਚੋਣ ਰੈਲੀ ਦੌਰਾਨ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ‘ਸ਼ੇਰ’ ਦੱਸਦਿਆਂ ਕਿਹਾ, ‘‘ਮੈਂ ਜੰਮੂ ਕਸ਼ਮੀਰ ਦੇ ਨੌਜਵਾਨਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ।’’ ਸ਼ਾਹ ਨੇ ਕਿਹਾ, ‘‘ਉਹ (ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ) ਪੱਥਰਬਾਜ਼ਾਂ ਅਤੇ ਅਤਿਵਾਦੀਆਂ ਨੂੰ ਰਿਹਾਅ ਕਰਨਾ ਚਾਹੁੰਦੇ ਹਨ (ਜਿਵੇਂ ਕਿ ਉਨ੍ਹਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਹੈ)। ਫਾਰੂਖ ਅਬਦੁੱਲਾ ਜੰਮੂ ਦੀਆਂ ਪਹਾੜੀਆਂ ਵਿੱਚ ਅਤਿਵਾਦ ਦੇ ਫਿਰ ਤੋਂ ਸਿਰ ਚੁੱਕਣ ਦੀ ਗੱਲ ਕਰ ਰਹੇ ਹਨ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਮੋਦੀ ਸਰਕਾਰ ਹੈ ਅਤੇ ਅਸੀਂ ਅਤਿਵਾਦ ਨੂੰ ਪਾਤਾਲ ਵਿੱਚ ਦਫ਼ਨ ਕਰ ਦਿਆਂਗੇ। ਕਿਸੇ ਵੀ ਅਤਿਵਾਦੀ ਜਾਂ ਪੱਥਰਬਾਜ਼ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ।’’ ਭਾਜਪਾ ਨੇਤਾ ਨੇ ਕਿਹਾ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਪੱਖ ਵਿੱਚ ਹਨ। ਉਨ੍ਹਾਂ ਕਿਹਾ, ‘‘ਮੈਂ ਫਾਰੂਖ ਅਬਦੁੱਲਾ ਅਤੇ ਰਾਹੁਲ ਗਾਂਧੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਅਤਿਵਾਦ ਦਾ ਸਫਾਇਆ ਨਹੀਂ ਹੋ ਜਾਂਦਾ, ਉਦੋਂ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਮੈਂ ਆਪਣੇ ਸ਼ੇਰਾਂ (ਜੰਮੂ ਕਸ਼ਮੀਰ ਦੇ ਨੌਜਵਾਨਾਂ) ਨਾਲ ਗੱਲ ਕਰਾਂਗਾ, ਪਾਕਿਸਤਾਨ ਨਾਲ ਨਹੀਂ।’’
ਸ਼ਾਹ ਨੇ ਸਰਹੱਦ ’ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਸਾਲਾਂ ’ਚ ਬਣਾਏ ਗਏ ਜ਼ਮੀਨਦੋਜ਼ ਮੋਰਚਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਢਾਂਚਿਆਂ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਰਹੱਦ ਪਾਰੋਂ ਕਿਸੇ ਕੋਲ ਗੋਲੀ ਚਲਾਉਣ ਦੀ ਤਾਕਤ ਨਹੀਂ ਹੈ। ਉਨ੍ਹਾਂ ਕਿਹਾ, ‘‘ਜੇਕਰ ਉਹ ਗੋਲੀ ਚਲਾਉਣਗੇ ਤਾਂ ਅਸੀਂ ਗੋਲੇ ਨਾਲ ਜਵਾਬ ਦਿਆਂਗੇ।’’ ਸ਼ਾਹ ਨੇ ਰਾਖਵਾਂਕਰਨ ਦੇ ਮੁੱਦੇ ’ਤੇ ਨੈਸ਼ਨਲ ਕਾਨਫਰੰਸ-ਕਾਂਗਰਸ ਨੇਤਾਵਾਂ ਦੇ ਬਿਆਨਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਰਾਖਵੇਂਕਰਨ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਵੇਗਾ। -ਪੀਟੀਆਈ
ਪਾਕਿ ਦੇ ਰੱਖਿਆ ਮੰਤਰੀ ਨੇ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੂੰ ਉਨ੍ਹਾਂ ਦਾ ਏਜੰਡਾ ਚਲਾਉਣ ਦਾ ਸਰਟੀਫਿਕੇਟ ਦਿੱਤਾ: ਨੱਢਾ
ਜੰਮੂ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੂੰ ‘ਗ਼ੈਰ-ਰਾਸ਼ਟਰਵਾਦੀ ਤਾਕਤਾਂ’ ਦੱਸਦਿਆਂ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਖ਼ੁਦ ਦੋਵਾਂ ਧਿਰਾਂ ਨੂੰ ਜੰਮੂ ਕਸ਼ਮੀਰ ’ਚ ਗੁਆਂਢੀ ਦੇਸ਼ ਦਾ ਏਜੰਡਾ ਚਲਾਉਣ ਦਾ ‘ਸਰਟੀਫਿਕੇਟ’ ਦੇ ਦਿੱਤਾ ਹੈ। ਉਨ੍ਹਾਂ ਜੰਮੂ ਜ਼ਿਲ੍ਹੇ ਦੇ ਬਰਨੀ ਇਲਾਕੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਉਹ (ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਅਤਿਵਾਦੀਆਂ ਨਾਲ ਸਮਝੌਤਾ ਕਰਨ ਵਾਲੇ) ਗ਼ੈਰ-ਰਾਸ਼ਟਰਵਾਦੀ ਤਾਕਤਾਂ ਹਨ। ਇਹ ਉਹ ਲੋਕ ਹਨ, ਜੋ ਅਤਿਵਾਦੀਆਂ ਨੂੰ ਛੱਡਣ ਅਤੇ ਕੰਟਰੋਲ ਰੇਖਾ ਤੋਂ ਪਾਰ ਵਪਾਰ ਸ਼ੁਰੂ ਕਰਨ ਤੇ ਉਨ੍ਹਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਰਾਸ਼ਟਰਵਾਦੀ ਤਾਕਤਾਂ ਨਹੀਂ ਹਨ।’’ ਨੱਢਾ ਨੇ ਕਿਹਾ, ‘‘ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਉਨ੍ਹਾਂ ਦੇ ਏਜੰਡੇ ਨੂੰ ਹੁਲਾਰਾ ਦੇ ਰਹੇ ਹਨ ਅਤੇ ਉਹ ਜੰਮੂ ਕਸ਼ਮੀਰ ਵਿੱਚ ਧਾਰਾ 370 ਬਹਾਲ ਕਰਨਾ ਚਾਹੁੰਦੇ ਹਨ। ਕੀ ਤੁਸੀਂ ਪਾਕਿਸਤਾਨ ਤੋਂ ਪ੍ਰਮਾਣਿਤ ਲੋਕਾਂ ਦਾ ਸਮਰਥਨ ਕਰੋਗੇ?’’ -ਪੀਟੀਆਈ