ਤਕਨਾਲੋਜੀ ਖ਼ਰਚ ’ਚ ਕੋਈ ਮੰਦੀ ਨਹੀਂ: ਮਾਈਕਰੋਸਾਫਟ ਮੁਖੀ
ਨਵੀਂ ਦਿੱਲੀ, 3 ਨਵੰਬਰ
ਮਾਈਕਰੋਸਾਫ਼ਟ ਦੇ ਭਾਰਤ ਅਤੇ ਦੱਖਣੀ ਏਸ਼ੀਆ ਦੇ ਮੁਖੀ ਪੁਨੀਤ ਚੰਡੋਕ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ’ਚ ਤਕਨਾਲੋਜੀ ਖ਼ਰਚ ’ਚ ਕੋਈ ਮੰਦੀ ਨਹੀਂ ਦਿਖ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਏਆਈ (ਮਸਨੂਈ ਬੌਧਿਕਤਾ) ਦੇ ਆਲੇ-ਦੁਆਲੇ ਕਈ ਗਤੀਵਿਧੀਆਂ ਹੋ ਰਹੀਆਂ ਹਨ ਅਤੇ ਮਾਈਕਰੋਸਾਫ਼ਟ ਦੇ ਏਆਈ ਟੂਲ ‘ਕੋਪਾਇਲਟ’ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ‘ਕੋਪਾਇਲਟ’ ਦੀ ਵਰਤੋਂ ਦੇ ਮਾਮਲਿਆਂ ’ਚ ਵਾਧੇ ਨਾਲ ਏਆਈ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਖੇਤਰਾਂ ’ਚ ਸ਼ਾਮਲ ਹੈ। ਚੰਡੋਕ ਨੇ ਖ਼ਬਰ ਏਜੰਸੀ ਨੂੰ ਇਕ ਇੰਟਰਵਿਊ ’ਚ ਦੱਸਿਆ ਕਿ ਏਆਈ ਬਾਰੇ ਆਮ ਧਾਰਨਾ ਸ਼ੱਕ ਤੋਂ ਉਮੀਦ ’ਚ ਬਦਲ ਗਈ ਹੈ। ਕੰਪਨੀ ਲਗਾਤਾਰ ਉਨ੍ਹਾਂ ਖੇਤਰਾਂ ’ਤੇ ਨਜ਼ਰ ਰੱਖ ਰਹੀ ਹੈ ਜਿਥੇ ਉਸ ਨੂੰ ਨਿਵੇਸ਼ ਕਰਨ ਦੀ ਲੋੜ ਹੈ। ਉਨ੍ਹਾਂ ਭਾਰਤ ਨੂੰ ਮਾਈਕਰੋਸਾਫ਼ਟ ਲਈ ਆਲਮੀ ਪੱਧਰ ’ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਖੇਤਰਾਂ ’ਚੋਂ ਇਕ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ’ਚ ਤਕਨਾਲੋਜੀ ਅਤੇ ਨਵੀਆਂ ਕਾਢਾਂ ਲਈ ਬਹੁਤ ਮੌਕੇ ਹਨ। ਚੰਡੋਕ ਨੇ ਕਿਹਾ ਕਿ ਮਾਈਕਰੋਸਾਫ਼ਟ ਸਾਰੀਆਂ ਰੈਗੁਲੇਟਰੀ ਜ਼ਰੂਰਤਾਂ ਅਤੇ ਨਵੇਂ ਵਿਕਸਤ ਢਾਂਚਿਆਂ ਦੇ ਪਾਲਣ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਈਕਰੋਸਾਫ਼ਟ ਇਕ ਅਜਿਹੀ ਤਾਕਤ ਬਣਨਾ ਚਾਹੁੰਦੀ ਹੈ ਜੋ ਭਾਰਤ ਅਤੇ ਦੱਖਣੀ ਏਸ਼ੀਆ ਨੂੰ ਅੱਗੇ ਵਧਾਏ। -ਪੀਟੀਆਈ