For the best experience, open
https://m.punjabitribuneonline.com
on your mobile browser.
Advertisement

ਸਿਹਤ ਤੇ ਸਿੱਖਿਆ ਦਾ ਕਿਸੇ ਨੂੰ ਖਿਆਲ ਨਹੀਂ

08:02 AM Jul 29, 2024 IST
ਸਿਹਤ ਤੇ ਸਿੱਖਿਆ ਦਾ ਕਿਸੇ ਨੂੰ ਖਿਆਲ ਨਹੀਂ
Advertisement

ਜਯੋਤੀ ਮਲਹੋਤਰਾ

ਹਲਕੀਆਂ ਭੂਰੀਆਂ ਧਾਰੀਆਂ ਵਾਲਾ ਜੈਤੂਨੀ, ਹਰੇ ਰੰਗ ਦਾ ਬੰਦਗਲਾ ਪਹਿਨ ਕੇ ਸ਼ੁੱਕਰਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਮੈਮੋਰੀਅਲ ’ਤੇ ਪਹੁੰਚ ਕੇ ਪਾਕਿਸਤਾਨ ਨੂੰ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਬਦਲੇ ਖ਼ਰੀਆਂ-ਖੋਟੀਆਂ ਸੁਣਾ ਰਹੇ ਸਨ ਤਾਂ ਸਾਫ਼ ਦਿਸ ਰਿਹਾ ਸੀ ਕਿ ਕੁਝ ਚੀਜ਼ਾਂ 25 ਸਾਲਾਂ ਬਾਅਦ ਵੀ ਨਹੀਂ ਬਦਲੀਆਂ।
ਉਂਝ, ਚੰਡੀਗੜ੍ਹ ਵਿੱਚ ਬਜਟ ਦਸਤਾਵੇਜ਼ਾਂ ਦੇ ਅਧਿਐਨ ਦੀ ਉਡੀਕ ਹੋ ਰਹੀ ਸੀ। ਇੱਕ ਪਲ ਲਈ ਲੱਗਿਆ ਜਿਵੇਂ ‘ਸਿਹਤ’ ਅਤੇ ‘ਸਿੱਖਿਆ’ ਵਾਲੇ ਭਾਗ ਕਿਤੇ ਗੁੰਮ ਹੀ ਹੋ ਗਏ ਹਨ। ਪਿਛਲੇ ਹਫ਼ਤੇ ਜਦੋਂ ਬਜਟ ਪੇਸ਼ ਕੀਤਾ ਗਿਆ ਸੀ ਤਾਂ ਭਾਰਤ ਦੇ ਸ਼ੇਅਰ ਬਾਜ਼ਾਰ ਦੇ ਸ਼ੈਦਾਈ ਦਰਸ਼ਕਾਂ ਨੇ ਬਜਟ ਦੇ ਪੂੰਜੀ ਲਾਭ ’ਤੇ ਟੈਕਸ ਵਾਲੇ ਭਾਗ ਨੂੰ ਬਹੁਤ ਗਹੁ ਨਾਲ ਵਾਚਿਆ ਸੀ ਤੇ ਸ਼ਾਇਦ ਸਿਹਤ ਤੇ ਸਿੱਖਿਆ ਵਾਲੇ ਭਾਗਾਂ ਨੂੰ ਪੂੰਜੀ ਲਾਭ ਵਾਲੇ ਭਾਗ ਵਿੱਚ ਲੀਕ ਕਰ ਦਿੱਤਾ ਗਿਆ ਸੀ। ਗ਼ੌਰਤਲਬ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਭਾਸ਼ਣ ਵਿੱਚ ਸ਼ੇਅਰ ਬਾਜ਼ਾਰ ਦੀਆਂ ‘ਮੁਹਾਰਾਂ’ ਦੇ ਜਿ਼ਕਰ ਮਾਤਰ ਨਾਲ ਹੀ ਬਾਜ਼ਾਰ ਨੂੰ ਤਾਅ ਚੜ੍ਹ ਗਿਆ ਸੀ ਪਰ ਹਰ ਕੋਈ ਜਾਣਦਾ ਹੈ ਕਿ ਮੰਗਲਾਗਿਰੀ ਸਾੜੀ ਪਹਿਨ ਕੇ ਆਈ ਅਡੋਲ ਨਿਰਮਲਾ ਬਹੁਤ ਜਬ੍ਹੇ ਵਾਲੀ ਔਰਤ ਹੈ ਅਤੇ ਇਹ ਉੱਥੇ ਜਾ ਰਹੀ ਹੈ ਜਿੱਥੇ ਦੇਵਤੇ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਵੀ ਜਾਣ ਤੋਂ ਡਰਦੇ ਸਨ। ਕੋਈ ਉਨ੍ਹਾਂ ਨੂੰ ‘ਪਲਟੂ ਵਿੱਤ ਮੰਤਰੀ’ ਦਾ ਲਕਬ ਨਹੀਂ ਦੇ ਸਕਦਾ।
ਇਸ ਦੇ ਨਾਲ ਹੀ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ: ਨਿਰਮਲਾ ਸੀਤਾਰਮਨ ਨੇ ਸਿਹਤ ਅਤੇ ਸਿੱਖਿਆ ਖੇਤਰਾਂ ਦੇ ਸੁਧਾਰ, ਕਾਇਆ ਕਲਪ ਅਤੇ ਆਧੁਨਿਕੀਕਰਨ ਦੀ ਅਣਸਰਦੀ ਪੁਕਾਰ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ? ਮਰਦ ਪ੍ਰਧਾਨ ਸਿਆਸੀ ਪਾਰਟੀ ਦੀਆਂ ਮੋਹਰੀ ਸਫ਼ਾਂ ਤੱਕ ਅੱਪੜਨ ਵਿੱਚ ਕਾਮਯਾਬ ਹੋਣ ਅਤੇ ਇਸ ਤੋਂ ਪਹਿਲਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ ਬੀਬੀ ਨਿਰਮਲਾ ਬਾਖ਼ੂਬੀ ਜਾਣਦੀ ਹੈ ਕਿ ਕਣਕ ਤੇ ਕੋਕੜੂ ਨੂੰ ਕਿਵੇਂ ਵੱਖ ਕਰੀਦਾ; ਭਾਵ, ਚੰਗੇ ਤੇ ਮਾੜੇ ਵਿੱਚ ਫ਼ਰਕ ਕਿਵੇਂ ਕਰਨਾ ਹੁੰਦਾ ਹੈ (ਮਸਲਨ, ਉਸ ਮੁਤੱਲਕ ਆਪਣੀ ਪੁਰਾਣੀ ਵਜ਼ਾਰਤੀ ਸਾਥਣ ਤੇ 2014 ਵਿੱਚ ਮਨੁੱਖੀ ਸਰੋਤ ਵਿਕਾਸ ਮੰਤਰੀ ਹੁੰਦਿਆਂ ਸਿਮ੍ਰਤੀ ਇਰਾਨੀ ਵਾਂਗ ਆਪਣੇ ਮਾਤਹਿਤ ਅਫ਼ਸਰਾਂ ’ਤੇ ਫਾਈਲਾਂ ਵਗਾਹ ਮਾਰਨ ਜਿਹੀ ਕਦੇ ਕੋਈ ਗੱਲ ਸੁਣਨ ਨੂੰ ਨਹੀਂ ਮਿਲੀ)। ਦਰਅਸਲ, ਉਹ ਅੰਕਡਿ਼ਆਂ ਦਾ ਇਹਤਰਾਮ ਕਰਦੇ ਹਨ, ਉਦੋਂ ਵੀ ਜਦੋਂ ਇਹ ਪ੍ਰਤੱਖ ਰੂਪ ਵਿੱਚ ਛੁਪੇ ਹੁੰਦੇ ਹਨ।
ਉਹ ਜਾਣਦੇ ਹਨ ਕਿ ਬਜਟ ਅਨੁਮਾਨਾਂ ਦੀ ਸੋਧੇ ਹੋਏ ਅਨੁਮਾਨਾਂ ਨਾਲ ਤੁਲਨਾ ਕਰਨਾ ਨਿਹਾਇਤ ਗ਼ਲਤ ਹੈ ਕਿਉਂਕਿ ਦੋਵਾਂ ਵਿਚ ਓਨਾ ਹੀ ਫ਼ਰਕ ਹੈ ਜਿੰਨਾ ਫੱਕ ਤੇ ਪਨੀਰ ਵਿਚ ਹੁੰਦਾ ਹੈ; ਬਜਟ ਅਨੁਮਾਨ ਦਾ ਸਬੰਧ ਆਊਟਲੇਅ ਭਾਵ ਕਿਸੇ ਮੰਤਵ ਲਈ ਮੁਕੱਰਰ ਕੀਤੀ ਰਕਮ ਨਾਲ ਹੁੰਦਾ ਹੈ ਤੇ ਸੋਧੇ ਹੋਏ ਅਨੁਮਾਨ ਦਾ ਤਾਅਲੁਕ ਉਸ ਬਾਬਤ ਹਕੀਕੀ ਰੂਪ ਵਿੱਚ ਖਰਚ ਕੀਤੀ ਰਕਮ ਨਾਲ ਹੁੰਦਾ ਹੈ। ਇਸ ਲਈ ਇਸ ਸਾਲ ਦੇ ਬਜਟ ਅਨੁਮਾਨ ਦੀ ਪਿਛਲੇ ਸਾਲ ਦੇ ਸੋਧੇ ਹੋਏ ਅਨੁਮਾਨ ਨਾਲ ਤੁਲਨਾ ਕਰ ਕੇ ਇਹ ਕਹਿਣਾ ਬਿਲਕੁਲ ਗ਼ਲਤ ਹੋਵੇਗਾ ਕਿ ਇਸ ਸਾਲ ਸਿਹਤ ਖੇਤਰ ਲਈ 12 ਫ਼ੀਸਦੀ ਜਿ਼ਆਦਾ ਫੰਡ ਮਿਲੇ ਹਨ ਕਿਉਂਕਿ ਇਹ ਸੇਬਾਂ ਦੀ ਸੰਤਰਿਆਂ ਨਾਲ ਤੁਲਨਾ ਕਰਨ ਵਰਗੀ ਗੱਲ ਹੋ ਜਾਂਦੀ ਹੈ। ਮੁਨਾਸਿਬ ਗੱਲ ਇਹ ਹੋਵੇਗੀ ਕਿ ਇਸ ਸਾਲ ਦੇ ਬਜਟ ਅਨੁਮਾਨ (90958.63 ਕਰੋੜ ਰੁਪਏ) ਦੀ ਪਿਛਲੇ ਸਾਲ ਦੇ ਬਜਟ ਅਨੁਮਾਨ (89155 ਕਰੋੜ ਰੁਪਏ) ਨਾਲ ਤੁਲਨਾ ਕੀਤੀ ਜਾਵੇ। ਇਸ ਤਰ੍ਹਾਂ ਸਿਹਤ ਮੰਤਰਾਲੇ ਦੇ ਬਜਟ ਵਿੱਚ 1803.63 ਕਰੋੜ ਰੁਪਏ ਦਾ ਮਾਮੂਲੀ ਵਾਧਾ ਹੋਇਆ ਹੈ ਜੋ ਸਿਰਫ਼ 1.98 ਫ਼ੀਸਦੀ ਬਣਦਾ ਹੈ। ਇਸ ਤੋਂ ਇਲਾਵਾ ਕੌਮੀ ਸਿਹਤ ਮਿਸ਼ਨ (ਐੱਨਐੱਚਐੱਮ) ਲਈ 1.16 ਫ਼ੀਸਦੀ ਅਤੇ ਪੀਐੱਮ-ਜੇਏਵਾਈ ਜੋ ਹੇਠਲੇ ਵਰਗ ਦੇ 55 ਕਰੋੜ ਲੋਕਾਂ ਵਾਸਤੇ ਸਕੀਮ ਹੈ, ਲਈ 1.4 ਫ਼ੀਸਦੀ ਵਾਧਾ ਹੋਇਆ ਹੈ। ਇਹ ਦੋਵੇਂ ਸਕੀਮਾਂ ਨਰਿੰਦਰ ਮੋਦੀ ਸਰਕਾਰ ਦੀ 2018 ਵਿੱਚ ਐਲਾਨੀ ਬਹੁ-ਚਰਚਿਤ ਆਯੂਸ਼ਮਾਨ ਭਾਰਤ ਯੋਜਨਾ ਦਾ ਮੁੱਖ ਆਧਾਰ ਹਨ।
ਇਸ ਮਾਮੂਲੀ ਵਾਧੇ ਨਾਲ ਤਪਦਿਕ (ਟੀਬੀ) ਦੇ ਖਾਤਮੇ (ਟੀਚਾ 2025) ਲਈ ਜਾਂ ਬਾਲ ਟੀਕਾਕਰਨ ਨੂੰ ਸਰਬਵਿਆਪੀ ਬਣਾਉਣ ਜਾਂ ਲੜਕੀਆਂ ਅਤੇ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਇਲਾਜ ਲਈ ਐੱਚਪੀਵੀ ਵੈਕਸੀਨ ਸ਼ੁਰੂ ਕਰਨ (ਜਿਸ ਦਾ ਲੰਘੀ ਫਰਵਰੀ ਵਿੱਚ ਅੰਤਰਿਮ ਬਜਟ ਵਿੱਚ ਵਾਅਦਾ ਕੀਤਾ ਗਿਆ ਸੀ) ਲਈ ਫੰਡ ਕਿੱਥੋਂ ਆਉਣਗੇ? ਫਿਰ ਇਹ ਯਖ ਸਚਾਈ ਹੈ ਕਿ ਸਿਹਤ ਉੱਪਰ ਕੀਤਾ ਜਾਣ ਵਾਲਾ ਸਰਕਾਰੀ ਖਰਚ ਅਜੇ ਵੀ ਜੀਡੀਪੀ ਦਾ ਸਿਰਫ਼ 1.9 ਫ਼ੀਸਦੀ ਹੈ; 2017 ਦੀ ਕੌਮੀ ਸਿਹਤ ਨੀਤੀ ਵਿੱਚ ਇਹ ਖਰਚ ਵਧਾ ਕੇ 2.5 ਫ਼ੀਸਦੀ ਕਰਨ ਦਾ ਟੀਚਾ ਮਿੱਥਿਆ ਸੀ। ਕੋਵਿਡ-19 ਮਹਾਮਾਰੀ (ਜਿਸ ਦੀ ਭਾਰਤ ਉੱਪਰ ਬਹੁਤ ਬੁਰੀ ਮਾਰ ਪਈ, ਸਰਕਾਰੀ ਅੰਕਡਿ਼ਆਂ ਮੁਤਾਬਿਕ ਕੋਵਿਡ ਕਾਰਨ ਕਰੀਬ 532000 ਲੋਕਾਂ ਦੀ ਮੌਤ ਹੋਈ), ਦੇ ਮੱਦੇਨਜ਼ਰ ਅਸੀਂ ਸੋਚਦੇ ਸਾਂ ਕਿ ਕੁਝ ਸਬਕ ਲਏ ਜਾਣਗੇ ਪਰ ਮੋਦੀ ਸਰਕਾਰ ਨੇ ਇਹ ਸਬਕ ਲੈਣ ਤੋਂ ਇਨਕਾਰ ਕਿਉਂ ਕੀਤਾ ਹੈ?
ਸਿੱਖਿਆ ਖੇਤਰ ਵੀ ਇਸ ਤੋਂ ਬਹੁਤਾ ਪਿੱਛੇ ਨਹੀਂ। ਪਿਛਲੇ ਸਾਲ ਦੇ ਬਜਟ ਅਨੁਮਾਨ ਵਿੱਚ ਸਿੱਖਿਆ ਲਈ 112899.47 ਕਰੋੜ ਰੁਪਏ ਦਾ ਇੰਤਜ਼ਾਮ ਕੀਤਾ ਸੀ ਜੋ ਇਸ ਸਾਲ ਵਧਾ ਕੇ 120627.87 ਕਰੋੜ ਰੁਪਏ ਕੀਤਾ ਗਿਆ; ਭਾਵ, ਸਿਰਫ਼ 7728.4 ਕਰੋੜ ਰੁਪਏ ਦਾ ਮਾਮੂਲੀ ਵਾਧਾ। ਆਰਥਿਕ ਸਰਵੇਖਣ ਮੁਤਾਬਿਕ ਜੀਡੀਪੀ ਦੇ ਅਨੁਪਾਤ ਵਿੱਚ ਸਿੱਖਿਆ ਲਈ ਫੰਡ 2.8 ਫ਼ੀਸਦੀ ਤੋਂ ਘਟ ਕੇ ਦਰਅਸਲ 2010 ਦੇ 2.7 ਫ਼ੀਸਦੀ ਦੇ ਪੱਧਰ ’ਤੇ ਚਲੇ ਗਏ ਹਨ (ਯੂਨੈਸਕੋ ਦਾ ਕਹਿਣਾ ਹੈ ਕਿ ਇਸ ਦਾ ਆਲਮੀ ਪੈਮਾਨਾ 4-6 ਫ਼ੀਸਦੀ ਹੈ)। ਤੁਸੀਂ ਇਸ ਗੱਲੋਂ ਹੈਰਾਨ ਨਹੀਂ ਹੋਵੋਗੇ ਕਿ ਚੀਨ ਆਪਣੀ ਜੀਡੀਪੀ ਦਾ 3.3 ਫ਼ੀਸਦੀ ਹਿੱਸਾ ਸਿੱਖਿਆ ਲਈ ਰੱਖਦਾ ਹੈ ਅਤੇ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨੂੰ ਆਪਣੇ ਦੇਸ਼ ਵਿਚ ਫ੍ਰੈਂਚਾਇਜੀਜ਼ ਖੋਲ੍ਹਣ ਦੇ ਸੱਦੇ ਦਿੰਦਾ ਹੈ; ਹੋਰ ਤਾਂ ਹੋਰ, ਅਫ਼ਗਾਨਿਸਤਾਨ ਨੇ ਵੀ 2020 ਵਿੱਚ (ਸੱਤਾ ਦੀ ਵਾਗਡੋਰ ਤਾਲਿਬਾਨ ਦੇ ਹੱਥਾਂ ਵਿੱਚ ਚਲੀ ਜਾਣ ਤੋਂ ਬਾਅਦ ਇਸ ਦਾ ਕਬਾੜਾ ਹੋ ਗਿਆ ਸੀ) ਸਿੱਖਿਆ ਲਈ 2.8 ਫ਼ੀਸਦੀ ਹਿੱਸਾ ਰੱਖਿਆ ਸੀ, ਇਉਂ ਨਜ਼ਰ ਇਹੀ ਆਉਂਦਾ ਹੈ ਕਿ ਨਵੀਂ ਦਿੱਲੀ ਵਿੱਚ ਕੋਈ ਨਾ ਕੋਈ ਵੱਡੀ ਗੜਬੜ ਹੈ।
ਦੇਸ਼ ਦੇ ਬੱਚੇ ਪੜ੍ਹਨ ਭਾਵੇਂ ਨਾ ਪੜ੍ਹਨ ਜਾਂ ਉਹ ਸਿਹਤਮੰਦ ਹੋਣ ਜਾਂ ਨਾ, ਭਾਰਤ ਦੀ ਸਿਆਸੀ ਜਮਾਤ ਨੂੰ ਇਸ ਦੀ ਉੱਕਾ ਹੀ ਫਿ਼ਕਰ ਕਿਉਂ ਨਹੀਂ? ਇਸ ਸਵਾਲ ਦਾ ਸਪਸ਼ਟ ਉੱਤਰ ਪ੍ਰਾਈਵੇਟ ਖੇਤਰ ਦਿੰਦਾ ਹੈ। ਇਨ੍ਹਾਂ ਦੋਵੇਂ ਖੇਤਰਾਂ ਵਿੱਚ ਲੋਕਾਂ ਦੀਆਂ ਜੇਬ੍ਹਾਂ ’ਚੋਂ ਹੋਣ ਵਾਲਾ ਖਰਚਾ ਕਈ ਗੁਣਾ ਵਧ ਗਿਆ ਹੈ। ਨਵੇਂ ਭਾਰਤ ਅੰਦਰ ਜੇ ਤੁਹਾਡੀ ਜੇਬ੍ਹ ਵਿੱਚ ਪੈਸਾ ਹੈ ਤਾਂ ਤੁਸੀਂ ਬਿਹਤਰੀਨ ਹਸਪਤਾਲਾਂ ਅਤੇ ਸਕੂਲਾਂ ਕਾਲਜਾਂ ਦੀਆਂ ਸੇਵਾਵਾਂ ਹਾਸਿਲ ਕਰ ਸਕਦੇ ਹੋ; ਜੇ ਨਹੀਂ ਤਾਂ ਤੁਸੀਂ ਚਿੱਕੜ ਵਿੱਚ ਫਸੇ ਰਹੋਗੇ।
ਇਸ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਦੋ ਦੇਸ਼ ਹਨ- ਸਾਬਕਾ ਸੋਵੀਅਤ ਸੰਘ, ਇਸ ਦਾ ਵਾਰਸ ਰੂਸ ਤੇ ਚੀਨ। ਇਨ੍ਹਾਂ ਦੋਵਾਂ ਨੂੰ ਕਮਿਊਨਿਸਟ ਦੇਸ਼ ਕਹਿ ਕੇ ਭੰਡਣਾ ਸੌਖਾ ਹੈ; ਭਾਵ, ਲੋਕਰਾਜ ਤਰਕਸੰਗਤ ਅਤੇ ਕਮਿਊਨਿਸਟ ਨਿਰੰਕੁਸ਼ਵਾਦੀ ਹੁੰਦੇ ਹਨ ਪਰ ਜਦੋਂ ਸਵਾਲ ਤੁਹਾਡੇ ਬੱਚਿਆਂ ਦੀ ਸਿੱਖਿਆ ਦਾ ਆਉਂਦਾ ਹੈ ਤਾਂ ਇਹ ਮਹਿਜ਼ ਬਹਾਨਾ ਹੁੰਦਾ ਹੈ।
ਤੱਥ ਇਹ ਹੈ ਕਿ ਰੂਸ ਅਤੇ ਚੀਨ ਇਹ ਸਮਝਦੇ ਹਨ ਕਿ ਪੜ੍ਹਿਆ ਲਿਖਿਆ ਦੇਸ਼ ਬਣਨ ਲਈ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣੀ ਜ਼ਰੂਰੀ ਹੈ ਨਾ ਕਿ ਮੁੱਠੀ ਭਰ ਕੁਲੀਨਾਂ ਦੇ ਬੱਚਿਆਂ ਨੂੰ; ਤੇ ਇੰਝ ਸਮੁੱਚੇ ਦੇਸ਼ ਅੰਦਰ ਸਾਰੇ ਪ੍ਰਾਇਮਰੀ ਸਕੂਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਲਈ ਫੰਡ ਮੁਹੱਈਆ ਕਰਵਾ ਕੇ ਤੁਸੀਂ ਇਸ ਦੀ ਸ਼ੁਰੂਆਤ ਕਰਦੇ ਹੋ। ਭਾਰਤ ਦੇ ਦੱਖਣੀ ਸੂਬਿਆਂ ਨੇ ਛੇਤੀ ਹੀ ਕੇਰਲਾ ਤੋਂ ਸਿੱਖ ਲਿਆ ਸੀ ਜਿਸ ਨੇ ਇਹ ਸਬਕ ਸਵਾਤੀ ਤਿਰੂਨਲ ਵਰਗੇ ਆਪਣੇ ਰਾਜਿਆਂ ਅਤੇ ਈਐੱਮਐੱਸ ਨੰਬੂਦਰੀਪਾਦ ਦੀ ਕਮਿਊਨਿਸਟ ਸਰਕਾਰ ਤੋਂ ਲਿਆ ਸੀ ਜਿਸ ਨੇ ਸਮਾਜਿਕ ਖੇਤਰ ਲਈ ਫੰਡਿੰਗ ਦਾ ਪੈਮਾਨਾ ਤੈਅ ਕਰ ਦਿੱਤਾ ਸੀ ਜੋ ਅੱਜ ਤਕ ਟਿਕਿਆ ਹੋਇਆ ਹੈ।
ਇਸ ਲਈ ਆਖਿ਼ਰ ਸਾਰੇ ਫਟਕਿਆਂ ਅਤੇ ਨੈਤਿਕ ਧਮਾਕਿਆਂ ਤੋਂ ਬਾਅਦ ‘ਕਿਉਂ’ ਦਾ ਜਵਾਬ ਕਾਫ਼ੀ ਸਰਲ ਹੈ। ਹਾਂ, ਸਿੱਖਿਆ ਅਤੇ ਸਿਹਤ ਭਾਜਪਾ ਲਈ ਤਰਜੀਹ ਨਹੀਂ ਹਨ ਕਿਉਂਕਿ ਸ਼ੇਅਰ ਬਾਜ਼ਾਰ ਵੱਲ ਧਿਆਨ ਦੇਣਾ ਜਿ਼ਆਦਾ ਅਹਿਮ ਹੈ; ਇਸ ਨਾਲ ਦੇਸ਼ ਦੇ ਲੋਕਾਂ ਅਤੇ ਬਾਹਰ ਬੈਠੀਆਂ ਕੰਪਨੀਆਂ ਨੂੰ ਸ਼ੇਅਰ ਬਾਜ਼ਾਰ ਵਿੱਚ ਪੈਸਾ ਨਿਵੇਸ਼ ਕਰਨ ਲਈ ਸ਼ੁਭ ਸੰਕੇਤ ਮਿਲਦੇ ਹਨ। ਖ਼ੈਰ ਇਹ ਸਰਲ ਜਵਾਬ ਹੈ। ਸਚਾਈ ਇਹ ਹੈ ਕਿ ਅਸੀਂ ਸਾਰੇ ਗੁਨਾਹਗਾਰ ਹਾਂ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ; ਭਾਵ, ਭਾਜਪਾ, ਕਾਂਗਰਸ, ਸਮਾਜਵਾਦੀ ਪਾਰਟੀ, ਡੀਐੱਮਕੇ, ਐੱਨਸੀਪੀ, ਤ੍ਰਿਣਮੂਲ ਕਾਂਗਰਸ ਅਤੇ ਹਰ ਸਿਆਸੀ ਪਾਰਟੀ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਹਨ। ਸਾਡੇ ’ਚੋਂ ਕੋਈ ਵੀ ਭਾਜਪਾ ਨੂੰ ਘੇਰ ਕੇ ਸਖ਼ਤ ਸਵਾਲ ਪੁੱਛਣ ਦੀ ਖੇਚਲ ਨਹੀਂ ਕਰਦਾ ਕਿ ਸਿੱਖਿਆ ਅਤੇ ਸਿਹਤ ਉਸ ਦੀ ਤਰਜੀਹ ਕਿਉਂ ਨਹੀਂ ਹਨ ਕਿਉਂਕਿ ਅਸੀਂ ਡਰਦੇ ਹਾਂ ਕਿ ਲੋਕ ਸਾਡੇ ਦੁਆਲੇ ਘੇਰਾ ਘੱਤ ਕੇ ਇਹੀ ਸਵਾਲ ਸਾਥੋਂ ਵੀ ਪੁੱਛਣਗੇ। ਜਦੋਂ ਅਸੀਂ ਸੱਤਾ ਵਿੱਚ ਸੀ ਤਾਂ ਉਦੋਂ ਅਸੀਂ ਕੁਝ ਕਿਉਂ ਨਹੀਂ ਕੀਤਾ?
ਇਸ ਲਈ ਅਸੀਂ ਦੋਸ਼ ਅਤੇ ਗੁਨਾਹ ਦੀ ਚਾਦਰ ਚੌੜੀ ਕਰ ਦਿੰਦੇ ਹਾਂ। ਅਸੀਂ ਸਾਰੇ ਗੁਨਾਹਗਾਰ ਹਾਂ। ਇਸ ਕਰ ਕੇ ਕੋਈ ਵੀ ਗੁਨਾਹਗਾਰ ਨਹੀਂ ਹੈ। ਇਸ ਦੀ ਬਜਾਇ ਅਸੀਂ ਕਾਰਗਿਲ ਵਿੱਚ ਪ੍ਰਧਾਨ ਮੰਤਰੀ ਨੂੰ ਗੱਜਦੇ ਹੋਏ ਦੇਖਦੇ ਹਾਂ; ਜਾਂ ਫਿਰ ਸ਼ੇਅਰ ਬਾਜ਼ਾਰ ’ਤੇ ਨੀਝ ਲਾ ਕੇ ਤੱਕਦੇ ਹਾਂ ਕਿਉਂਕਿ ਇਸ ਦਾ ਸੰਵੇਦੀ ਸੂਚਕ ਅੰਕ ਓਲੰਪਿਕ ਖੇਡਾਂ ਵਿੱਚ ਮੇਰੇ ਪਸੰਦੀਦਾ ਅਥਲੀਟ ਦੇ ਦਿਲ ਦੀ ਧੜਕਣ ਨਾਲ ਮੇਲ ਖਾਂਦਾ ਹੈ - ਹਾਂ ਸੱਚ! ਓਲੰਪਿਕ ਖੇਡਾਂ ਵੀ ਸ਼ੁਰੂ ਹੋ ਗਈਆਂ ਹਨ।

Advertisement

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement

Advertisement
Author Image

sukhwinder singh

View all posts

Advertisement