ਜਾਤੀ ਆਧਾਰਿਤ ਅੰਕੜੇ ਜੁਟਾਉਣ ’ਤੇ ਕੋਈ ਇਤਰਾਜ਼ ਨਹੀਂ: ਸੰਘ
ਪਲੱਕੜ (ਕੇਰਲਾ), 2 ਸਤੰਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਕਿਹਾ ਹੈ ਕਿ ਜਾਤੀਗਤ ਜਾਂ ਵਿਸ਼ੇਸ਼ ਭਾਈਚਾਰਿਆਂ ਦੇ ਅੰਕੜੇ ਇਕੱਤਰ ਕਰਨ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੰਕੜੇ ਉਨ੍ਹਾਂ ਦੀ ਭਲਾਈ ਲਈ ਵਰਤੇ ਜਾਣੇ ਚਾਹੀਦੇ ਹਨ ਅਤੇ ਚੋਣ ਲਾਹੇ ਲਈ ਉਨ੍ਹਾਂ ਦੀ ਵਰਤੋਂ ਸਿਆਸੀ ਹਥਿਆਰ ਵਜੋਂ ਨਾ ਹੋਵੇ। ਸੰਘ ਦਾ ਤਿੰਨ ਰੋਜ਼ਾ ਤਾਲਮੇਲ ਸੰਮੇਲਨ ਖ਼ਤਮ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਰਐੱਸਐੱਸ ਅਖਿਲ ਭਾਰਤੀ ਪ੍ਰਚਾਰ ਪ੍ਰਮੁੱਖ ਸੁਨੀਲ ਅੰਬੇਕਰ ਨੇ ਕਿਹਾ ਕਿ ਜਾਤੀਗਤ ਆਧਾਰਿਤ ਮੁੱਦਾ ਹਿੰਦੂ ਸਮਾਜ ਲਈ ਬਹੁਤ ਸੰਜੀਦਾ ਹੈ ਅਤੇ ਇਹ ਕੌਮੀ ਏਕਤਾ ਤੇ ਅਖੰਡਤਾ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਸਿੱਝਣ ਦੀ ਲੋੜ ਹੈ। ਸੰਮੇਲਨ ਦੌਰਾਨ ਸੰਘ ਨੇ ਪੱਛਮੀ ਬੰਗਾਲ ’ਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੀ ਨਿਖੇਧੀ ਕਰਦਿਆਂ ਮਹਿਲਾਵਾਂ ਨੂੰ ਫੌਰੀ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਅੰਬੇਕਰ ਨੇ ਕਿਹਾ ਕਿ ਔਰਤਾਂ ਖ਼ਿਲਾਫ਼ ਵਧੀਕੀਆਂ ਦੇ ਮਾਮਲਿਆਂ ’ਚ ਇਨਸਾਫ਼ ਦੇਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸਰਕਾਰ ਦੀ ਭੂਮਿਕਾ, ਸਰਕਾਰੀ ਢਾਂਚੇ, ਕਾਨੂੰਨਾਂ ਆਦਿ ’ਤੇ ਵੀ ਚਰਚਾ ਹੋਈ। ਅੰਬੇਕਰ ਨੇ ਕਿਹਾ ਕਿ ਸੰਮੇਲਨ ਦੌਰਾਨ ਮੋਦੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਹਿੰਦੂਆਂ ਅਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੰਗਲਾਦੇਸ਼ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ। ਸੰਘ ਨੇ ਤਾਮਿਲਨਾਡੂ ’ਚ ਧਰਮ ਪਰਿਵਰਤਨ ਦੀਆਂ ਘਟਨਾਵਾਂ ’ਤੇ ਵੀ ਚਿੰਤਾ ਜਤਾਈ। -ਪੀਟੀਆਈ