ਰਣਵੀਰ ਭਾਵੇਂ ਕਿੰਨਾ ਵੱਡਾ ਸਟਾਰ ਹੋਵੇ, ਸ਼ਕਤੀਮਾਨ ਨਹੀਂ ਬਣ ਸਕਦਾ: ਖੰਨਾ
ਨਵੀਂ ਦਿੱਲੀ: ਅਦਾਕਾਰ ਮੁਕੇਸ਼ ਖੰਨਾ, ਜਿਸ ਨੇ ’90ਵਿਆਂ ਦੌਰਾਨ ‘ਸ਼ਕਤੀਮਾਨ’ ਲੜੀਵਾਰ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਨੇ ਕਿਹਾ ਕਿ ਉਹ ਰਣਵੀਰ ਸਿੰਘ ਵੱਲੋਂ ਸ਼ਕਤੀਮਾਨ ਦਾ ਕਿਰਦਾਰ ਨਿਭਾਏ ਜਾਣ ਦੇ ਪੱਖ ਵਿੱਚ ਨਹੀਂ ਹੈ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ, ਰਣਵੀਰ ਸਿੰਘ ਨੂੰ ਹੁਣੇ ਜਿਹੇ ਫ਼ਿਲਮ ‘ਮਿੰਨਲ ਮੁਰਲੀ’ ਨਾਲ ਚਰਚਾ ਵਿੱਚ ਆਏ ਬੇਸਿਲ ਜੋਸੇਫ ਵੱਲੋਂ ਨਿਰਦੇਸ਼ਿਤ ਫ਼ਿਲਮ ਵਿੱਚ ‘ਸ਼ਕਤੀਮਾਨ’ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਹੈ। ਖੰਨਾ ਨੇ ਫ਼ਿਲਮ ਵਿੱਚ ਰਣਵੀਰ ਸਿੰਘ ਨੂੰ ਸੁਪਰਹੀਰੋ ਦੀ ਭੂਮਿਕਾ ਦੇਣ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਨਿਰਮਾਤਾਵਾਂ ਨੇ ਖੰਨਾ ਦੀ ਭੂਮਿਕਾ ਵਿੱਚ ਰਣਵੀਰ ਨੂੰ ਲਏ ਜਾਣ ਸਬੰਧੀ ਨਾ ਤਾਂ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਖਾਰਿਜ ਕੀਤਾ ਹੈ। ਖੰਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਹੈ, ‘ਸੋਸ਼ਲ ਮੀਡੀਆ ਵਿੱਚ ਮਹੀਨਿਆਂ ਤੋਂ ਅਫ਼ਵਾਹ ਸੀ ਕਿ ਰਣਵੀਰ ਸ਼ਕਤੀਮਾਨ ਦੀ ਭੂਮਿਕਾ ਨਿਭਾਏਗਾ। ਹਰ ਕੋਈ ਇਸ ਨੂੰ ਲੈ ਕੇ ਨਾਰਾਜ਼ ਸੀ। ਉਹ ਵੀ ਚੁੱਪ ਰਿਹਾ। ਜਦੋਂ ਚੈਨਲਾਂ ਵੱਲੋਂ ਐਲਾਨ ਕੀਤਾ ਗਿਆ ਕਿ ਰਣਵੀਰ ਨੂੰ ਫ਼ਿਲਮ ਵਿੱਚ ਲਿਆ ਗਿਆ ਹੈ ਤਾਂ ਉਸ ਨੇ ਆਪਣੀ ਚੁੱਪ ਤੋੜੀ।’ ਉਸ ਨੇ ਲਿਖਿਆ ਕਿ ਇਕ ਬੱਝਵੇਂ ਅਕਸ ਵਾਲਾ ਵਿਅਕਤੀ ਭਾਵੇਂ ਕਿੰਨਾ ਵੱਡਾ ਸਟਾਰ ਹੋਵੇ ਪਰ ਸ਼ਕਤੀਮਾਨ ਨਹੀਂ ਬਣ ਸਕਦਾ। ਹੁਣ ਸਮਾਂ ਹੀ ਦੱਸੇਗਾ ਕਿ ਅੱਗੇ ਕੀ ਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੀ ਪਿਕਚਰਜ਼ ਇੰਡੀਆ ਅਤੇ ਸਾਜਿਦ ਨਾਡਿਆਡਵਾਲਾ ਫ਼ਿਲਮ ‘ਸ਼ਕਤੀਮਾਨ’ ਬਣਾ ਰਹੇ ਹਨ। -ਪੀਟੀਆਈ