ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਿੱਠੀ ਨਾ ਕੋਈ ਸੰਦੇਸ...

12:31 PM Jan 02, 2023 IST

ਕਮਲੇਸ਼ ਉੱਪਲ

Advertisement

ਜੋਕੇ ਮਾਰੂ ਵਰਤਾਰੇ ਹੰਢਾਉਂਦਿਆਂ, ਬੀਤ ਚੁੱਕੇ ਸਮਿਆਂ ਦੀਆਂ ਗੱਲਾਂ ਬਾਰੇ ਜਾਣ ਅਤੇ ਸੋਚ ਕੇ ਬਹੁਤ ਵਾਰ ਖ਼ੁਸ਼ੀ ਮਿਲਦੀ ਹੈ। ਬਲਵਿੰਦਰ ਸਿੰਘ ਭੁੱਲਰ ਨੇ 13 ਦਸੰਬਰ ਨੂੰ ਅਖ਼ਬਾਰ ਵਿਚ ਆਪਣੇ ਮਿਡਲ ਵਿਚ ਸਮ੍ਰਿਤੀ ਦੇ ਝਰੋਖੇ ਵਿਚੋਂ ਡਾਕੀਏ ਚੇਤਰਾਮ (ਜੋ ਕਸਬ ਤੋਂ ਦੁਕਾਨਦਾਰ ਵੀ ਸੀ) ਦੀ ਚਿੱਠੀਆਂ ਵੰਡਣ ਦੀ ਕਾਰਗੁਜ਼ਾਰੀ ਦੀ ਝਲਕ ਪੇਸ਼ ਕੀਤੀ ਸੀ। ਕੁਝ ਅਰਸਾ ਪਹਿਲਾਂ ਵਿਚ ਅੰਗਰੇਜ਼ੀ ਅਖ਼ਬਾਰ ਵਿਚ ਨਿਊਜ਼ ਫੀਚਰ ਪੜ੍ਹਨ ਦਾ ਮੌਕਾ ਮਿਲਿਆ ਸੀ; ਲਿਖਿਆ ਸੀ: ਪ੍ਰੇਮ ਲਾਲ ਨਾਂ ਦੇ ਡਾਕੀਏ ਨੂੰ ਡਾਕ-ਤਾਰ ਵਿਭਾਗ ਨੇ ਮੇਘਦੂਤ ਅਵਾਰਡ ਨਾਲ ਸਨਮਾਨਿਆ ਹੈ, ਇਹ ਡਾਕੀਆ ਲਾਹੌਲ (ਹਿਮਾਚਲ ਪ੍ਰਦੇਸ਼) ਦੇ ਦੂਰ ਤਕ ਫੈਲੇ ਉਚਾਈਆਂ ਵਾਲੇ ਖੇਤਰ ਵਿਚ ਡਾਕ ਪੁੱਜਦੀ ਕਰਨ ਲਈ ਰੋਜ਼ 32 ਕਿਲੋਮੀਟਰ ਦਾ ਏਰੀਆ ਗਾਹ ਮਾਰਦਾ ਹੈ। ਖ਼ਬਰ ਵਿਚ ਦੱਸਿਆ ਗਿਆ ਸੀ ਕਿ ਮੰਡੀ ਡਿਵੀਜ਼ਨ ਦਾ ਹਰਕਾਰਾ ਪ੍ਰੇਮ ਲਾਲ ਸਮੁੰਦਰੀ ਪੱਧਰ ਤੋਂ 9000 ਫੁੱਟ ਉਚਾਈਆਂ ਬਰਫ਼ੀਲੀਆਂ ਪਹਾੜੀਆਂ ਵਿਚ ਤੁਰਿਆ ਫਿਰਦਾ ਹੈ। ਉਹ ਬਰਫ਼ ਦੇ ਤੋਦੇ ਡਿੱਗਣ ਜਿਹੇ ਖ਼ਤਰਿਆਂ ਦੀ ਪ੍ਰਵਾਹ ਨਾ ਕਰਦਿਆਂ ਸਰਦ ਮੌਸਮ ਵਿਚ ਵੀ ਨੇਮ ਨਾਲ ਵਰ੍ਹਿਆਂ ਤੋਂ ਆਪਣੀ ਡਿਊਟੀ ਪੁਗਾ ਰਿਹਾ ਹੈ। ਡਾਕ ਵਿਭਾਗ ਦਾ ਇਹ ਐਵਾਰਡ ਵਿਭਾਗ ਦੇ ਅੱਠ ਸ਼੍ਰੇਣੀਆਂ ਵਿਚਲੇ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ। ਇਸ ਵਿਚ ਮੈਡਲ, ਸਰਟੀਫਿਕੇਟ ਅਤੇ ਇੱਕੀ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਪੜ੍ਹ ਕੇ ਜਾਪਿਆ, ਪ੍ਰੇਮ ਲਾਲ ਵਰਗਾ ਐਵਾਰਡੀ ਸਭ ਤੋਂ ਵੱਕਾਰੀ ਹਰਕਾਰਾ ਹੋਵੇਗਾ।

ਮਿਡਲ ਵਿਚਲੇ ਚੇਤਰਾਮ ਅਤੇ ਲਾਹੌਲ ਵਾਲੇ ਪ੍ਰੇਮ ਲਾਲ ਬਾਰੇ ਜਾਣ ਕੇ ਚਿੱਠੀਆਂ ਲਿਖਣ, ਭੇਜਣ ਅਤੇ ਵੰਡਣ ਵਾਲਾ ਮਨੁੱਖੀ, ਸਮਾਜਿਕ ਅਤੇ ਭਾਵਨਾਤਮਕ ਵਰਤਾਰਾ ਮਨ ਦੀ ਦ੍ਰਿਸ਼ਟੀ ਅੱਗਿਉਂ ਘੁੰਮ ਗਿਆ। ਚਿੱਠੀਆਂ ਲਿਖਣ ਦਾ ਸਮਾਂ ਮਨੁੱਖੀ ਰਿਸ਼ਤਿਆਂ ਦੇ ਮੋਹ ਪਿਆਰ ਦਾ ਸਮਾਂ ਸੀ ਜਿਸ ਨੂੰ ਤਕਨਾਲੋਜੀ ਦੇ ਵਿਕਾਸ ਅਤੇ ਸੋਸ਼ਲ ਮੀਡੀਆ ਨੇ ਨਿਗਲ ਲਿਆ ਹੈ। ਹੁਣ ਤਾਂ ਮੋਬਾਈਲਾਂ ਅਤੇ ਕੰਪਿਊਟਰਾਂ ਵਾਲੀਆਂ ਇਮੋਜੀਆਂ ਤੇ ਟਿੱਪਣੀਆਂ (ਕੁਮੈਂਟਸ) ਤੱਕ ਹੀ ਸੰਚਾਰ ਦੀ ਵਾਹ ਲਗਦੀ ਹੈ। ਇਨ੍ਹਾਂ ਵਿਚੋਂ ਵੀ ਬਹੁਤੀ ਵਾਰ ਭਾਵਨਾ ਗਾਇਬ ਰਹਿੰਦੀ ਹੈ ਅਤੇ ਮੂੰਹ ਰਖਾਈ ਜਾਂ ਵਕਤ ਦੇ ਤਕਾਜ਼ੇ ਵਜੋਂ ਹੀ ਉਂਗਲੀਆਂ ਚੱਲਦੀਆਂ ਹਨ। ਸਰਕਾਰੀ ਪੱਧਰ ‘ਤੇ ਕਰਾਰਨਾਮੇ (ਐੱਮਓਯੂ) ਕਰਨ ਜਾਂ ਮਤਭੇਦ ਜ਼ਾਹਿਰ ਕਰਨ ਲਈ ਕਦੇ ਕੋਈ ਪੱਤਰ ਲਿਖਿਆ ਜਾਂਦਾ ਹੈ। ਅਜਿਹੀਆਂ ਸਰਕਾਰੀ ਚਿੱਠੀਆਂ ਦੀ ਵਿਆਖਿਆ ਵੀ ਸੋਸ਼ਲ ਮੀਡੀਆ ਆਪਣੇ ਹਿਸਾਬ ਨਾਲ ਕਰ ਦਿੰਦਾ ਹੈ। ਕਦੇ ਉਹ ਸਮਾਂ ਸੀ ਜਦੋਂ ਭਾਰਤੀ ਸਿਵਲ ਜਾਂ ਪ੍ਰਸ਼ਾਸਕੀ ਸੇਵਾ (ਆਈਸੀਐੱਸ ਤੇ ਆਈਏਐੱਸ) ਦੇ ਅਫਸਰ ਸਰਕਾਰੀ ਚਿੱਠੀਆਂ ਲਿਖਦੇ ਹੋਏ ਵੀ ਸ਼ੇਕਸਪੀਅਰ ਦੇ ਹਵਾਲੇ ਦੇ ਕੇ ਆਪਣਾ ਦ੍ਰਿਸ਼ਟੀਕੋਣ ਸਾਬਤ ਕਰਦੇ ਹੁੰਦੇ ਸਨ।

Advertisement

ਪ੍ਰਸਿੱਧ ਗਾਇਕ ਪੰਕਜ ਉਦਹਾਸ ਨੂੰ ਉਸ ਦੇ ਗਾਏ ਗੀਤ ‘ਚਿੱਠੀ ਆਈ ਹੈ ਆਈ ਹੈ ਚਿੱਠੀ ਆਈ ਹੈ’ ਨੇ ਸਾਰੀ ਦੁਨੀਆ ਵਿਚ ਬੈਠੇ ਭਾਰਤੀਆਂ ਦਾ ਹਰਮਨਪਿਆਰਾ ਗਾਇਕ ਬਣਾ ਦਿੱਤਾ। ਹਿੰਦੀ ਫਿਲਮ ਸੰਗੀਤ ਨੇ ਖ਼ਤਾਂ ਦੇ ਰੁਮਾਂਟਿਕ ਹਵਾਲੇ ਕਈ ਗੀਤਾਂ ਰਾਹੀਂ ਫਿਲਮਾਏ:

ਖ਼ਤ ਲਿਖ ਦੇ ਸਾਂਵਰੀਆ ਕੇ ਨਾਮ ਬਾਬੂ

ਕੋਰੇ ਕਾਗਜ਼ ਪੇ ਲਿਖ ਦੇ ਸਲਾਮ ਬਾਬੂ

ਵੋ ਜਾਨ ਜਾਏਂਗੇ ਪਹਿਚਾਨ ਜਾਏਂਗੇ (ਆਏ ਦਿਨ ਬਹਾਰ ਕੇ)

ਫੂਲ ਤੁਮ੍ਹੇ ਭੇਜਾ ਹੈ ਖ਼ਤ ਮੇਂ

ਫੂਲ ਨਹੀਂ ਮੇਰਾ ਦਿਲ ਹੈ। (ਸਰਸਵਤੀਚੰਦ੍ਰ)

ਤੇਰਾ ਖ਼ਤ ਲੇ ਕੇ ਸਨਮ

ਪਾਉਂ ਕਹੀਂ ਰਖਤੇ ਹੈਂ ਹਮ

ਕਹੀਂ ਪੜਤੇ ਹੈਂ ਕਦਮ। (ਅਰਧਾਂਗਿਨੀ)

ਯਿਹ ਮੇਰਾ ਪ੍ਰੇਮ-ਪਤ੍ਰ ਪੜ੍ਹ ਕਰ

ਕਿ ਤੁਮ ਨਾਰਾਜ਼ ਨਾ ਹੋਨਾ। (ਸੰਗਮ)

‘ਪ੍ਰੇਮ ਪਤ੍ਰ’ ਨਾਮ ਨਾਲ ਫਿਲਮ ਵੀ ਬਣੀ ਸੀ।

ਕਿਸੇ ਦੀ ਚਿੱਠੀ ਜਾਂ ਸੁਨੇਹਾ ਮਿਲਣ ਵਾਲਾ ਪਲ ਕਿੰਨੇ ਜਜ਼ਬੇ ਅਤੇ ਉਮੀਦਾਂ ਜਗਾਉਣ ਵਾਲਾ ਮੋਹਕ ਪਲ ਹੁੰਦਾ ਹੈ, ਇਹ ਉਹੀ ਜਾਣ ਸਕਦਾ ਹੈ ਜਿਸ ਨੇ ਜ਼ਿੰਦਗੀ ਵਿਚ ਚਿੱਠੀਆਂ ਭੇਜੀਆਂ ਜਾਂ ਪ੍ਰਾਪਤ ਕੀਤੀਆਂ ਹੋਣ। ਹਰਬਖ਼ਸ਼ ਮਖ਼ਸੂਦਪੁਰੀ ਦਾ ਲਿਖਿਆ ਤੇ ਕੁਲਦੀਪ ਮਾਣਕ ਦਾ ਗਾਇਆ ਗੀਤ ਹੈ: ਕਹਿੰਦੇ ਭਾਗਾਂ ਵਾਲੇ ਹੁੰਦੇ ਜਿਹੜੇ ਪਾਉਣ ਚਿੱਠੀਆਂ…। ਸੁਰਿੰਦਰ ਕੌਰ ਦਾ ਗਾਇਆ ਗੀਤ ਨੌਕਰੀ ਕਰਨ ਗਏ ਪਤੀ ਵੱਲ ਖ਼ਤ ਪਾਉਣ ਦੀ ਗਾਥਾ ਇੰਜ ਬਿਆਨਦਾ ਹੈ:

ਅੱਜ ਲਿਖ ਸੱਜਣਾ ਦੇ ਪਾਸੇ ਵੇ ਮੁਣਸ਼ੀ ਖ਼ਤ ਲਿਖ ਦੇ

ਤੈਨੂ ਦਿਆਂਗੀ ਪੰਜ ਪਤਾਸੇ ਵੇ ਮੁਣਸ਼ੀ ਖ਼ਤ ਲਿਖ ਦੇ।

ਇਸ ਗੀਤ ਦੇ ਹਰ ਅੰਤਰੇ ਦੇ ਆਰੰਭ ਵਿਚ ‘ਲਿਖ ਦੇ’ ਸ਼ਬਦਾਂ ਦਾ ਜਲਵਾ ਇੰਜ ਹੈ- ਲਿਖ ਦੇ ਤੇਰੀ ਚੂੜੇ ਵਾਲੀ…; ਲਿਖ ਦੇ ਮੈਨੂੰ ਚੱਕੀ ਚੁੱਲ੍ਹੇ…; ਲਿਖ ਦੇ ਮੇਰਿਆ ਮਾਹੀਆ ਵੇ ਮੇਰੀ ਹੋਰ ਨਾ ਜਿੰਦ ਰੁਲਾ…। ਇਕ ਹੋਰ ਅਜਿਹਾ ਗੀਤ ਹੈ: ਖ਼ਤ ਆਇਆ ਸੁਹਣੇ ਸੱਜਣਾ ਦਾ ਕਦੇ ਰੱਖਨੀ ਆਂ ਕਦੇ ਪੜ੍ਹਨੀ ਆਂ…; ਜਾਂ ਫਿਰ ‘ਚਿੱਠੀਏ ਦਰਦ ਫ਼ਿਰਾਕ ਵਾਲੀਏ ਲੈ ਜਾ ਲੈ ਜਾ ਸੰਦੇਸਾ ਸੁਹਣੇ ਯਾਰ ਦਾ’ (ਲਤਾ, ਫਿਲਮ ਹਿਨਾ), ‘ਚਿੱਠੀ ਨਾ ਕੋਈ ਸੰਦੇਸ ਜਾਨੇ ਵੋ ਕੌਨ ਸਾ ਦੇਸ ਜਹਾਂ ਤੁਮ ਚਲੇ ਗਏ (ਜਗਜੀਤ ਸਿੰਘ)। ਪ੍ਰੇਮੀਆਂ ਦੇ ਲਿਖੇ ਖ਼ਤ ਜ਼ਿੰਦਗੀ ਭਰ ਲਈ ਦਿਲਜੋਈ ਅਤੇ ਹਿੰਮਤ ਦਾ ਸਰੋਤ ਬਣ ਜਾਂਦੇ ਹਨ: ‘ਲਿਖੇ ਜੋ ਖ਼ਤ ਤੁਝੇ ਵੋ ਤੇਰੀ ਯਾਦ ਮੇਂ ਹਜ਼ਾਰੋਂ ਰੰਗ ਕੇ ਨਜ਼ਾਰੇ ਬਨ ਗਏ/ਸਵੇਰਾ ਜਬ ਹੁਆ ਤੋ ਫੂਲ ਬਨ ਗਏ ਜੋ ਰਾਤ ਆਈ ਤੋ ਸਿਤਾਰੇ ਬਨ ਗਏ’ (ਫਿਲਮ ‘ਕੰਨਿਆਦਾਨ’, ਮੁਹੰਮਦ ਰਫ਼ੀ)।

ਮੇਘਦੂਤ ਐਵਾਰਡ ਦੇ ਨਾਮ ਵਿਚ ਕਈ ਸਾਹਿਤਕ ਸੰਭਾਵਨਾਵਾਂ ਸਮਾਈਆਂ ਹਨ। ‘ਮੇਘਦੂਤ’ ਅਜਿਹੀ ਰਚਨਾ ਹੈ ਜਿਸ ਦਾ ਰਚੇਤਾ ਸੰਸਕ੍ਰਿਤ ਨਾਟਕ ‘ਅਭਿਗਿਆਨ ਸ਼ਾਕੁੰਤਲਮ’ ਦਾ ਲੇਖਕ ਕਾਲੀਦਾਸ ਹੈ। ਮੇਘਦੂਤ ਸੰਸਕ੍ਰਿਤ ਵਿਚ ਲਿਖਿਆ ਗਿਆ ਖੰਡ-ਕਾਵਿ ਹੈ ਜਿਸ ਦਾ ਨਾਇਕ ਯਕਸ਼ (ਮਿਥਿਹਾਸਕ ਪਾਤਰ) ਆਪਣੀ ਪਤਨੀ ਜਾਂ ਪ੍ਰੇਮਿਕਾ ਤੋਂ ਦੂਰ ਬੈਠਾ ਬਿਰਹਾ ਵਿਚ ਬੇਚੈਨ ਹੋ ਕੇ ਬੱਦਲ ਰਾਹੀਂ ਉਸ ਨੂੰ ਸੁਨੇਹੇ ਘੱਲਦਾ ਹੈ। ਕਾਲੀਦਾਸ ਦੀ ਕਮਾਲ ਇਹ ਹੈ ਕਿ ਉਸ ਨੇ ਬੱਦਲ ਜਿਹੀ ਨਿਰਜੀਵ ਸ਼ੈਅ ਨੂੰ ਸੰਦੇਸ਼-ਵਾਹਕ ਮਿਥ ਕੇ, ਉਸ ਵੱਲੋਂ ਭਾਰਤਵਰਸ਼ ਦੇ ਵੱਖ ਵੱਖ ਭੂਗੋਲਿਕ ਇਲਾਕਿਆਂ ਅਤੇ ਲੋਕਾਂ ਨੂੰ ਲੰਘ ਕੇ ਜਾਣ ਦੇ ਅਨੁਭਵ ਦਾ ਕਾਵਿਕ ਵਰਨਣ ਪੇਸ਼ ਕੀਤਾ ਹੈ। ਇਸ ਖੰਡ-ਕਾਵਿ ਜਾਂ ਦੂਤ-ਕਾਵਿ ਨੂੰ ਸੰਸਾਰ ਸਾਹਿਤ ਦੇ ਅਤਿ ਸੁੰਦਰ ਨਮੂਨਿਆਂ ਵਿਚ ਗਿਣਿਆ ਗਿਆ ਹੈ। ਪ੍ਰਗੀਤ ਕਾਵਿ ‘ਮੇਘਦੂਤ’ ਨੂੰ ਭਾਵਾਂ, ਭਾਸ਼ਾ, ਸ਼ੈਲੀ ਆਦਿ ਦੀਆਂ ਤਮਾਮ ਕਾਵਿਕ ਜੁਗਤਾਂ ਦਾ ਉੱਤਮ ਸੁਮੇਲ ਕਿਹਾ ਜਾਂਦਾ ਹੈ। ਅਜਿਹੀ ਨਾਯਾਬ ਰਚਨਾ ਦੇ ਸਿਰਲੇਖ ਵਾਲਾ ਐਵਾਰਡ ਦੇਣਾ ਭਾਰਤ ਸਰਕਾਰ ਦੇ ਡਾਕ ਵਿਭਾਗ ਦੀ ਸੂਝ ਅਤੇ ਸ਼ਾਨ ਦਾ ਸੂਚਕ ਹੈ। ਸਮੇਂ ਦੀ ਚਾਲ ਨੂੰ ਚੀਰ ਕੇ ਸਮਾਜ ਦੀਆਂ ਸੁਹਜ, ਸਮਝ ਅਤੇ ਸਦਭਾਵਨਾ ਦੀਆਂ ਸਕਾਰਾਤਮਕ ਰਵਾਇਤਾਂ ਨੂੰ ਨਿੱਤ ਢਹਿ ਢੇਰੀ ਕਰ ਰਹੀ ਤਕਨਾਲੋਜੀ ਦੇ ਸਮੇਂ ਪ੍ਰੇਮ ਲਾਲ ਵਰਗੇ ਮੇਘਦੂਤ ਐਵਾਰਡੀ ਅਤੇ ਸਿਦਕੀ ਕਰਮਯੋਗੀ ਨੂੰ ਨਮਨ ਕਰਨਾ ਬਣਦਾ ਹੈ।

ਸੰਪਰਕ: 98149-02564

Advertisement