ਸੂਬਿਆਂ ਨਾਲ ਕੋਈ ਵਿਤਕਰਾ ਨਹੀਂ ਕੀਤਾ: ਸੀਤਾਰਮਨ
ਨਵੀਂ ਦਿੱਲੀ:
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਰੋਧੀ ਧਿਰ ਵੱਲੋਂ ਬਜਟ ’ਚ ਵਿਤਕਰਾ ਕੀਤੇ ਜਾਣ ਦੇ ਲਾਏ ਜਾ ਰਹੇ ਦੋਸ਼ਾਂ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਕਿਸੇ ਵੀ ਸੂਬੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੀ ਵਿਰੋਧੀ ਧਿਰ ਵੱਲੋਂ ਲੋਕਾਂ ’ਚ ਗਲਤ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਸੂਬਿਆਂ ਨੂੰ ਬਜਟ ’ਚ ਫੰਡ ਜਾਂ ਯੋਜਨਾਵਾਂ ਨਹੀਂ ਦਿੱਤੀਆਂ ਗਈਆਂ ਹਨ। ਰਾਜ ਸਭਾ ’ਚ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਜਟ ਭਾਸ਼ਣ ’ਚ ਸਿਰਫ਼ ਦੋ ਸੂਬਿਆਂ ਦਾ ਉਚੇਚੇ ਤੌਰ ’ਤੇ ਜ਼ਿਕਰ ਸੀ ਪਰ ਉਨ੍ਹਾਂ ਹੋਰ ਕਈ ਸੂਬਿਆਂ ਦੇ ਨਾਮ ਨਹੀਂ ਲਏ। ਉਂਜ ਉਨ੍ਹਾਂ ਲਈ ਵੀ ਬਜਟ ’ਚ ਕੁਝ ਨਾ ਕੁਝ ਜ਼ਰੂਰ ਹੈ। ‘ਕਾਂਗਰਸ ਪਾਰਟੀ ਲੰਬੇ ਸਮੇਂ ਤੱਕ ਸੱਤਾ ’ਚ ਰਹੀ ਹੈ ਅਤੇ ਉਨ੍ਹਾਂ ਦੀਆਂ ਸਰਕਾਰਾਂ ਨੇ ਕਈ ਬਜਟ ਪੇਸ਼ ਕੀਤੇ ਹਨ। ਉਹ ਜਾਣਦੇ ਹਨ ਕਿ ਬਜਟ ’ਚ ਹਰੇਕ ਸੂਬੇ ਦਾ ਨਾਮ ਲੈਣ ਦਾ ਮੌਕਾ ਨਹੀਂ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੈਬਨਿਟ ਨੇ ਵਧਾਵਨ ’ਚ ਬੰਦਰਗਾਹ ਸਥਾਪਤ ਕਰਨ ਦਾ ਫ਼ੈਸਲਾ ਲਿਆ ਸੀ ਪਰ ਕੱਲ੍ਹ ਬਜਟ ’ਚ ਮਹਾਰਾਸ਼ਟਰ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਹੈ। ਕੀ ਇਸ ਦਾ ਮਤਲਬ ਹੈ ਕਿ ਮਹਾਰਾਸ਼ਟਰ ਨੂੰ ਅਣਗੌਲਿਆ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਮਹਾਰਾਸ਼ਟਰ ਨੂੰ 76 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। -ਏਐੱਨਆਈ