ਕੋਈ ਵੀ ਦੇਸ਼ ਸੰਵਿਧਾਨ ਤੋਂ ਬਗ਼ੈਰ ਨਹੀਂ ਚੱਲ ਸਕਦਾ: ਗੰਗਵਾ
ਪ੍ਰਭੂ ਦਿਆਲ
ਸਿਰਸਾ, 26 ਨਵੰਬਰ
ਹਰਿਆਣਾ ਦੇ ਕੈਬਨਿਟ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਕੋਈ ਵੀ ਦੇਸ਼ ਸੰਵਿਧਾਨ ਤੋਂ ਬਿਨਾਂ ਨਹੀਂ ਚੱਲ ਸਕਦਾ, ਸਾਡੇ ਦੇਸ਼ ਦੇ ਸਾਰੇ ਕਾਨੂੰਨ ਇਸ ਸੰਵਿਧਾਨ ਦੇ ਤਹਿਤ ਬਣੇ ਹਨ। ਇਸ ਸੰਵਿਧਾਨ ਤਹਿਤ ਦੇਸ਼ ਦੀਆਂ ਸਾਰੀਆਂ ਅਦਾਲਤਾਂ ਜਿਸ ਵਿੱਚ ਸੁਪਰੀਮ ਕੋਰਟ, ਹਾਈ ਕੋਰਟ, ਸੰਸਦ, ਰਾਜ ਵਿਧਾਨ ਸਭਾਵਾਂ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਤਹਿਤ ਸਾਰਿਆਂ ਨੂੰ ਪੂਰਨ ਆਜ਼ਾਦੀ ਅਤੇ ਬਰਾਬਰਤਾ ਨਾਲ ਜੀਵਨ ਜਿਊਣ ਦਾ ਅਧਿਕਾਰ ਪ੍ਰਾਪਤ ਹੈ। ਉਹ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਆਡੀਟੋਰੀਅਮ ’ਚ ਸੰਵਿਧਾਨ ਦਿਵਸ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਆਡੀਟੋਰੀਅਮ ਦੇ ਵਿਹੜੇ ਵਿੱਚ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਭਾਰਤੀ ਸੰਵਿਧਾਨ ’ਤੇ ਆਧਾਰਤ ਲਾਈ ਪ੍ਰਦਰਸ਼ਨੀ ਦਾ ਦੌਰਾ ਕੀਤਾ। ਰਣਬੀਰ ਗੰਗਵਾ ਨੇ ਲੋਕਾਂ ਨੂੰ ਸੰਵਿਧਾਨ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਦਾ ਸੰਵਿਧਾਨ ਦਿਵਸ ਬਹੁਤ ਖਾਸ ਹੈ ਕਿਉਂਕਿ ਅੱਜ ਸੰਵਿਧਾਨ ਨੂੰ ਅਪਣਾਏ 75 ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਡਾ ਸੰਵਿਧਾਨ ਹੈ ਜੋ ਵੱਖ-ਵੱਖ ਧਰਮਾਂ ਅਤੇ ਜਾਤਾਂ ਦੀ ਭਾਰਤ ਦੀ 140 ਕਰੋੜ ਆਬਾਦੀ ਨੂੰ ਇੱਕ ਪਰਿਵਾਰ ਵਾਂਗ ਜੋੜਦਾ ਹੈ। ਇਸ ਮੌਕੇ ਸੀਡੀਐੱਲਯੂ ਵਾਈਸ ਚਾਂਸਲਰ ਪ੍ਰੋ. ਅਜਮੇਰ ਸਿੰਘ ਮਲਿਕ, ਪ੍ਰੋ. ਰਾਜਵੀਰ ਸਿੰਘ ਦਲਾਲ, ਐਡਵੋਕੇਟ ਏ.ਐੱਸ ਕਾਲੜਾ ਅਤੇ ਕਾਨੂੰਨ ਦੀ ਵਿਦਿਆਰਥਣ ਮਹਿਕ ਵਰਮਾ ਨੇ ਭਾਰਤੀ ਸੰਵਿਧਾਨ ਵਿੱਚ ਸਮੇਂ-ਸਮੇਂ ’ਤੇ ਕੀਤੀਆਂ ਤਬਦੀਲੀਆਂ, ਮਹੱਤਵਪੂਰਨ ਨੁਕਤਿਆਂ, ਸੰਘੀ ਢਾਂਚੇ, ਮੌਲਿਕ ਅਧਿਕਾਰਾਂ, ਜ਼ਿੰਮੇਵਾਰੀਆਂ, ਧਰਮ ਨਿਰਪੱਖਤਾ, ਸੰਸਦੀ ਸ਼ਾਸਨ ਪ੍ਰਣਾਲੀ, ਸੋਧ ਪ੍ਰਕਿਰਿਆ ’ਤੇ ਵਿਸਥਾਰ ਨਾਲ ਚਾਨਣਾ ਪਾਇਆ।