ਸਿਰ ਵੱਢੀ ਲਾਸ਼ ਦੇ ਮਾਮਲੇ ਵਿਚ ਨਾ ਮਿਲਿਆ ਸੁਰਾਗ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ,11 ਫਰਵਰੀ
ਸਰਹੱਦੀ ਥਾਣਾ ਲੋਪੋਕੇ ਦੇ ਇਲਾਕੇ ’ਚੋਂ ਇੱਕ ਵਿਅਕਤੀ ਦੀ ਸਿਰ ਵੱਢੀ ਲਾਸ਼ ਦੇ ਮਾਮਲੇ ਵਿਚ 24 ਘੰਟੇ ਬੀਤਣ ਬਾਅਦ ਵੀ ਪੁਲੀਸ ਨੂੰ ਇਸ ਮਾਮਲੇ ’ਚ ਕੋਈ ਸਫਲਤਾ ਨਹੀਂ ਮਿਲੀ। ਮ੍ਰਿਤਕ ਨੌਜਵਾਨ ਜਾਪਦਾ ਹੈ, ਜਿਸ ਦੀ ਲਾਸ਼ ਨੂੰ ਅਣਪਛਾਤਿਆਂ ਨੇ ਰਾਮ ਤੀਰਥ ਤੋਂ ਖਾਸਾ ਰੋਡ ’ਤੇ ਸੜਕ ਕਿਨਾਰੇ ਖੇਤਾਂ ਵਿਚ ਸੁੱਟ ਦਿੱਤਾ ਸੀ। ਪੁਲੀਸ ਨੇ ਇਸ ਸਬੰਧ ਵਿਚ ਪੰਜਾਬ ਦੇ ਸਾਰੇ ਥਾਣਿਆਂ ਤੋਂ ਇਲਾਵਾ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲਾਸ਼ ਮਿਲਣ ਦੇ ਸੰਦੇਸ਼ ਫਲੈਸ਼ ਕੀਤੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਮ੍ਰਿਤਕ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਪਿੰਡ ਖਿਆਲਾ ਕਲਾਂ ਦੇ ਮਨਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਉਹ ਅਤੇ ਉਸ ਦਾ ਭਰਾ ਸਵੇਰੇ ਖੇਤਾਂ ਵਿੱਚ ਗਏ ਤਾਂ ਉਨ੍ਹਾਂ ਨੂੰ ਸ਼ਾਲ ਵਿੱਚ ਲਿਪਟੀ ਕੋਈ ਚੀਜ਼ ਦੇਖੀ। ਉਨ੍ਹਾਂ ਨੇੜੇ ਜਾ ਕੇ ਦੇਖਿਆ ਤਾਂ ਇਹ ਅਣਪਛਾਤੇ ਨੌਜਵਾਨ ਦੀ ਲਾਸ਼ ਸੀ, ਜਿਸ ਦਾ ਸਿਰ ਨਾਲ ਨਹੀਂ ਸੀ। ਉਨ੍ਹਾਂ ਤੁਰੰਤ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਇਸ ਨੌਜਵਾਨ ਦੀ ਬਾਂਹ ਤੋਂ ਨਾਮ ਵੀ ਤੇਜ਼ਾਬ ਨਾਲ ਮਿਟਾਇਆ ਗਿਆ ਸੀ ਤਾਂ ਕਿ ਲਾਸ਼ ਦੀ ਪਛਾਣ ਨਾ ਹੋ ਸਕੇ। ਥਾਣਾ ਲੋਪੋਕੇ ਦੇ ਐਸਐਚਓ ਬਲਕਾਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮਾਂ ਦੋਸ਼ੀਆਂ ਬਾਰੇ ਸੁਰਾਗ ਲੱਭਣ ਲਈ ਇਸ ਰੂਟ ’ਤੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀਆਂ ਹਨ।