ਸਾਲ 2010 ਤੋਂ ਬਾਅਦ ਪੰਜਾਬ ਵਿੱਚ ਪੋਲੀਓ ਦਾ ਕੋਈ ਕੇਸ ਨਹੀਂ ਆਇਆ: ਸਿਹਤ ਮੰਤਰੀ
‘ਪਲਸ ਪੋਲੀਓ ਮੁਹਿੰਮ ਸ਼ੁਰੂ’
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਦਸੰਬਰ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਕਮਿਊਨਿਟੀ ਹੈਲਥ ਸੈਂਟਰ, ਤ੍ਰਿਪੜੀ ਤੋਂ ਸੂਬਾ ਪੱਧਰੀ ਤਿੰਨ ਰੋਜ਼ਾ ‘ਪਲਸ ਪੋਲੀਓ ਮੁਹਿੰਮ’ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਦੱਸਿਆ ਕਿ 12 ਦਸੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ 12 ਜ਼ਿਲ੍ਹਿਆਂ ’ਚ ਪੰਜ ਸਾਲ ਤੱਕ ਦੇ 14.75 ਲੱਖ ਬੱਚਿਆਂ ਨੂੰ ਪਲਸ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਨ੍ਹਾਂ ਜ਼ਿਲ੍ਹਿਆਂ ’ਚ ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਫ਼ਰੀਦਕੋਟ, ਫਾਜ਼ਿਲਕਾ, ਫ਼ਤਹਿਗੜ੍ਹ ਸਾਹਿਬ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਪਠਾਨਕੋਟ, ਨਵਾਂ ਸ਼ਹਿਰ ਤੇ ਤਰਨ ਤਾਰਨ ਸ਼ਾਮਲ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ 2010 ਤੋਂ ਬਾਅਦ ਪੰਜਾਬ ਵਿੱਚ ਪੋਲੀਓ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਉਂਜ ਗੁਆਂਢੀ ਮੁਲਕ ਪਾਕਿਸਤਾਨ ਤੇ ਅਫ਼ਗਾਨਿਸਤਾਨ ਹਾਲੇ ਵੀ ਇਸ ਬਿਮਾਰੀ ਦੀ ਮਾਰ ਹੇਠ ਹਨ, ਜਿਸ ਕਰਕੇ ਪੋਲੀਓ ਵਾਇਰਸ ਦੇ ਭਾਰਤ ਵਿੱਚ ਮੁੜ ਆਉਣ ਦਾ ਖ਼ਤਰਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸਿਹਤ ਟੀਮਾਂ ਵੱਲੋਂ ਘਰ-ਘਰ ਜਾ ਕੇ ਪੰਜ ਸਾਲ ਤੱਕ ਦੇ ਹਰ ਬੱਚੇ ਨੂੰ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਨਿੱਕੇ ਬੱਚਿਆਂ ਦੇ ਮਾਤਾ-ਪਿਤਾ ਤੇ ਸਰਪ੍ਰਸਤ ਬੱਚੇ ਨੂੰ ਨੇੜਲੇ ਪੋਲੀਓ ਬੂਥ ’ਤੇ ਜ਼ਰੂਰ ਲੈ ਕੇ ਜਾਣ ਤਾਂ ਜੋ ਕੋਈ ਵੀ ਬੱਚਾ ਦਵਾਈ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਮੁਹਿਮ ’ਚ ਆਸ਼ਾ ਵਰਕਰ, ਆਂਗਣਵਾੜੀ ਵਰਕਰ ਤੇ ਏ.ਐੱਨ.ਐੱਮਜ਼ ’ਤੇ ਆਧਾਰਿਤ 25 ਹਜ਼ਾਰ ਕਰਮਚਾਰੀ ਹਿੱਸਾ ਲੈ ਰਹੇ ਹਨ। ਇਸੇ ਤਰ੍ਹਾਂ ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਵੀ ਇਸ ਟੀਕਾਕਰਨ ਮੁਹਿੰਮ ਨੂੰ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਸੰਯੁਕਤ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ’ਚ 80,402 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਸ ਮੰਤਵ ਲਈ 921 ਬੂਥ, 1842 ਟੀਮਾਂ, 25 ਮੋਬਾਈਲ ਟੀਮਾਂ, 32 ਟਰਾਂਜ਼ਿਟ ਪੁਆਇੰਟ ਬਣਾਏ ਜਾਣਗੇ।
ਇਸ ਮੌਕੇ ਆਈਐੱਮਏ ਦੇ ਸਥਾਨਕ ਆਗੂ ਡਾ. ਭਗਵੰਤ ਸਿੰਘ, ਸਟੇਟ ਇਮਿਊਨਾਈਜੇਸ਼ਨ ਅਫ਼ਸਰ ਡਾ. ਬਲਵਿੰਦਰ ਕੌਰ, ਡਾ. ਸੁਮੀਤ ਸਿੰਘ, ਡਾ. ਵਿਕਰਮ ਗੁਪਤਾ, ਡਾ. ਗੁਰਪ੍ਰੀਤ ਕੌਰ, ਕਰਨਲ ਜੇਵੀ ਤੇ ਪ੍ਰਦੀਪ ਜੋਸ਼ਨ ਵੀ ਮੌਜੂਦ ਸਨ।