ਐੱਨਡੀਏ ਤੋਂ ਹਮਾਇਤ ਵਾਪਸ ਲੈਣ ਨਿਤੀਸ਼: ਅਖਿਲੇਸ਼
ਲਖਨਊ, 11 ਅਕਤੂਬਰ
ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਉਨ੍ਹਾਂ ਨੂੰ ਜੈਪ੍ਰਕਾਸ਼ ਨਾਰਾਇਣ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਦੇਣ ਤੋਂ ਰੋਕਣ ਦਾ ਦੋਸ਼ ਲਾਉਂਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂਨਾਈਟਿਡ) ਨੂੰ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਦੀ ਕੇਂਦਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੀ ਅਪੀਲ ਕੀਤੀ ਹੈ। ਹਾਲਾਂਕਿ ਜੇਡੀਯੂੁ ਨੇ ਸਪਾ ਮੁਖੀ ਦੇ ਇਸ ਬਿਆਨ ਨੂੰ ਖਾਰਜ ਕਰ ਦਿੱਤਾ ਹੈ। ਅਖਿਲੇਸ਼ ਯਾਦਵ ਨੇ ਇਹ ਅਪੀਲ ਅਧਿਕਾਰੀਆਂ ਵੱਲੋਂ ਸੁਰੱਖਿਆ ਚਿੰਤਾਵਾਂ ਦਾ ਹਵਾਲੇ ਨਾਲ ਉਨ੍ਹਾਂ ਨੂੰ ਜੇਪੀ ਇੰਟਰਨੈਸ਼ਨਲ ਸੈਂਟਰ ਜਾਣ ਤੋਂ ਰੋਕਣ ਮਗਰੋਂ ਕੀਤੀ। ਇਸ ਮਗਰੋਂ ਅਖਿਲੇਸ਼ ਯਾਦਵ ਨੇ ਆਪਣੀ ਰਿਹਾਇਸ਼ ਮੂਹਰੇ ਵਾਹਨ ’ਤੇ ਰੱਖੇ ਜੈਪ੍ਰਕਾਸ਼ ਨਾਰਾਇਣ ਦੇ ਬੁੱਤ ’ਤੇ ਹਾਰ ਪਹਿਨਾਏ ਜਿੱਥੇ ਪਾਰਟੀ ਦੇ ਸੈਂਕੜੇ ਵਰਕਰ ਇਕੱਠੇ ਹੋਏ ਸਨ। ਮਰਹੂਮ ਜੈਪ੍ਰਕਾਸ਼ ਨਰਾਇਣ ਜਿਨ੍ਹਾਂ ਨੂੰ ਸਮਾਜਵਾਦੀ ਆਗੂ ਤੇ ਐਮਰਜੈਂਸੀ ਦੇ ਕੱਟੜ ਆਲੋਚਕ ਵਜੋਂ ਜਾਣਿਆ ਜਾਂਦਾ ਸੀ, ਸੱਤਾਧਾਰੀ ਭਾਜਪਾ ਅਤੇ ਵਿਰੋਧੀ ਪਾਰਟੀ ਵਿਚਾਲੇ ਵਿਵਾਦ ਦਾ ਨਵਾਂ ਕੇਂਦਰ ਬਣ ਕੇ ਉੱਭਰੇ ਹਨ। ਯਾਦਵ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਐੱਨਡੀਏ ਤੋਂ ਹਮਾਇਤ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਸਮਾਜਵਾਦੀਆਂ ਨੂੰ ਸਮਾਜਵਾਦੀ ਵਿਚਾਰਧਾਰਾ ਵਾਲੇ ਜੇ.ਪੀ. ਨਾਰਾਇਣ ਨੂੰ ਸ਼ਰਧਾਂਜਲੀ ਭਰਨ ਤੋਂ ਰੋਕਿਆ ਗਿਆ ਹੈ ਅਤੇ ਦਾਅਵਾ ਕੀਤਾ ਕਿ ਜੇਡੀ(ਯੂ) ਮੁਖੀ ਦਾ ਸਿਆਸੀ ਉਭਾਰ ਜੇਪੀ ਲਹਿਰ ਸਦਕਾ ਹੀ ਹੋਇਆ ਸੀ। -ਪੀਟੀਆਈ