ਨਿਤੀਸ਼ ਨੇ ਲਾਲੂ ਦੀ ਗੱਠਜੋੜ ਸਬੰਧੀ ਪੇਸ਼ਕਸ਼ ਨਕਾਰੀ
ਪਟਨਾ, 5 ਜਨਵਰੀ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਗੱਠਜੋੜ ਸਬੰਧੀ ਪੇਸ਼ਕਸ਼ ਨੂੰ ਨਕਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਗਲਤੀ ਨਾਲ ਕੁਝ ਸਮੇਂ ਲਈ ਆਪਣੀ ਵਿਰੋਧੀ ਪਾਰਟੀ ਨਾਲ ਗੱਠਜੋੜ ਕਰ ਲਿਆ ਸੀ, ਜਿਸ ਨੇ ਕਿ ਸੱਤਾ ਵਿੱਚ ਰਹਿੰਦੇ ਹੋਏ ਕੁਝ ਨਹੀਂ ਕੀਤਾ।
ਜਨਦਾ ਦਲ (ਯੂਨਾਈਟਿਡ) ਦੇ ਮੁਖੀ ਦੀ ਇਹ ਟਿੱਪਣੀ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਉਸ ਦਾਅਵੇ ਤੋਂ ਬਾਅਦ ਆਈ ਹੈ ਜਿਸ ਵਿੱਚ ਉਨ੍ਹਾਂ ਆਪਣੀ ਸਾਬਕਾ ਭਾਈਵਾਲ ਪਾਰਟੀ ਜੇਡੀ (ਯੂ) ਲਈ ਆਰਜੇਡੀ ਦੇ ਦਰਵਾਜ਼ੇ ਅਜੇ ਵੀ ਖੁੱਲ੍ਹੇ ਹੋਣ ਦੀ ਗੱਲ ਆਖੀ ਸੀ। ਹਾਲਾਂਕਿ, ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀ (ਯੂ) ਹੁਣ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨਡੀਏ ਵਿੱਚ ਪਰਤ ਗਈ ਹੈ। ਸੂਬਾ ਪੱਧਰੀ ਪ੍ਰਗਤੀ ਯਾਤਰਾ ਦੇ ਹਿੱਸੇ ਤਹਿਤ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਨਿਤੀਸ਼ ਕੁਮਾਰ ਨੇ ਕਿਹਾ, ‘‘ਸਾਡੇ ਤੋਂ ਪਹਿਲਾਂ ਜਿਹੜੇ ਲੋਕ ਸੱਤਾ ਵਿੱਚ ਸਨ, ਕੀ ਉਨ੍ਹਾਂ ਨੇ ਕੁਝ ਕੀਤਾ? ਸੂਰਜ ਛੁਪਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲਦੇ ਹੋਏ ਵੀ ਡਰਦੇ ਸਨ। ਮੈਂ ਗਲਤੀ ਨਾਲ ਕੁਝ ਸਮੇਂ ਲਈ ਉਨ੍ਹਾਂ ਨਾਲ ਗੱਠਜੋੜ ਕਰ ਲਿਆ ਸੀ।’’ -ਪੀਟੀਆਈ