ਭੁੱਜ(ਗੁਜਰਾਤ), 7 ਜਨਵਰੀਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਬੋਰਵੈੱਲ ਵਿਚ ਡਿੱਗੀ 18 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਲੜਕੀ ਨੂੰ 33 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਬੋਰਵੈੱਲ ’ਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਇਹ ਲੜਕੀ ਸੋਮਵਾਰ ਨੂੰ ਭੁੱਜ ਤਾਲੁਕਾ ਦੇ ਕੰਦੇਰਾਈ ਪਿੰਡ ਵਿਚ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਬੋਰਵੈੱਲ ਵਿਚ ਡਿੱਗ ਗਈ ਸੀ। ਉਹ ਬੋਰ ਵਿਚ 490 ਫੁੱਟ ਦੀ ਡੂੰਘਾਈ ’ਤੇ ਜਾ ਕੇ ਫਸ ਗਈ। ਸਥਾਨਕ ਪ੍ਰਸ਼ਾਸਨ ਨੇ ਰਾਹਤ ਤੇ ਬਚਾਅ ਕਾਰਜਾਂ ਲਈ ਫਾਇਰ ਬ੍ਰਿਗੇਡ, ਐੱਨਡੀਆਰਐੱਫ ਤੇ ਬੀਐੱਸਐੱਫ ਸਣੇ ਕਈ ਏਜੰਸੀਆਂ ਦਾ ਸਹਿਯੋਗ ਲਿਆ। ਲੜਕੀ ਨੂੰ ਅੱਜ ਸ਼ਾਮੀਂ 4 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ। ਭੁੱਜ ਦੇ ਸਹਾਇਕ ਕੁਲੈਕਟਰ ਤੇ ਐੱਸਡੀਐੱਮ ਏਬੀ ਯਾਦਵ ਨੇ ਕਿਹਾ ਕਿ ਬਦਕਿਸਮਤੀ ਨਾਲ ਲੜਕੀ ਨੂੰ ਨਹੀਂ ਬਚਾਇਆ ਜਾ ਸਕਿਆ ਤੇ ਜੀਕੇ ਜਨਰਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ