For the best experience, open
https://m.punjabitribuneonline.com
on your mobile browser.
Advertisement

ਨਿਤੀਸ਼ ਕੁਮਾਰ ਜੇਡੀਯੂ ਦੇ ਪ੍ਰਧਾਨ ਬਣੇ

07:32 AM Dec 30, 2023 IST
ਨਿਤੀਸ਼ ਕੁਮਾਰ ਜੇਡੀਯੂ ਦੇ ਪ੍ਰਧਾਨ ਬਣੇ
ਮੀਿਟੰਗ ਦੌਰਾਨ ਿਨਤੀਸ਼ ਕੁਮਾਰ ਨੂੰ ਗੁਲਦਸਤਾ ਭੇਟ ਕਰਦੇ ਹੋਏ ਲੱਲਨ ਿਸੰਘ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 29 ਦਸੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਅੱਜ ਇਥੇ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਜਨਤਾ ਦਲ (ਯੂਨਾਈਟਿਡ) ਦਾ ਪ੍ਰਧਾਨ ਚੁਣਿਆ ਗਿਆ ਹੈ। ਕੁਮਾਰ ਨੂੰ ਲੱਲਨ ਸਿੰਘ ਦੀ ਥਾਂ ਪ੍ਰਧਾਨ ਥਾਪਿਆ ਗਿਆ ਹੈ। ਵਿਰੋਧੀ ਧਿਰਾਂ ਨੂੰ ‘ਇੰਡੀਆ’ ਗੱਠਜੋੜ ਤਹਿਤ ਇਕਜੁੱਟ ਕਰਨ ਅਤੇ ਜਾਤੀ ਜਨਗਣਨਾ ਦੀ ਮੰਗ ਅੱਗੇ ਲਿਜਾਣ ਲਈ ਪਾਏ ਯੋਗਦਾਨ ਬਦਲੇ ਕੁਮਾਰ ਦੀ ਸ਼ਲਾਘਾ ਕੀਤੀ ਗਈ। ਪਾਰਟੀ ਨੇ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਵੱਡੀਆਂ ਪਾਰਟੀਆਂ ਨੂੰ ਕਿਹਾ ਕਿ ਉਹ ਗੱਠਜੋੜ ਨੂੰ ਸਫਲ ਬਣਾਉਣ ਲਈ ‘ਵੱਡਾ ਦਿਲ ਦਿਖਾਉਣ’। ਕਾਰਜਕਾਰਨੀ ਦੀ ਬੰਦ ਕਮਰਾ ਬੈਠਕ ਦੌਰਾਨ ਲੱਲਨ ਸਿੰਘ ਨੇ ਹੀ ਨਵੇਂ ਪ੍ਰਧਾਨ ਵਜੋਂ ਕੁਮਾਰ ਦੇ ਨਾਮ ਦੀ ਤਜਵੀਜ਼ ਰੱਖੀ। ਸਿੰਘ ਨੇ ਕਿਹਾ ਕਿ ਹੁਣ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਬਰੂਹਾਂ ’ਤੇ ਹਨ, ਤਾਂ ਅਜਿਹੇ ਮੌਕੇ ਕੁਮਾਰ ਦੀ ਯੋਗ ਅਗਵਾਈ ਦੀ ਲੋੜ ਹੈ। ਸਿੰਘ, ਜੋ ਮੌਜੂਦਾ ਸਮੇਂ ਮੁੰਗੇਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਕਿਹਾ ਕਿ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਤੋਂ ਫਾਰਗ ਹੋ ਕੇ ਆਪਣੀਆਂ ਚੋਣ ਸਰਗਰਮੀਆਂ ਵੱਲ ਧਿਆਨ ਦੇਣਗੇ।
ਸੂਤਰਾਂ ਨੇ ਕਿਹਾ ਕਿ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਬਹੁਤੇ ਸੀਨੀਅਰ ਆਗੂਆਂ ਦਾ ਮੰਨਣਾ ਸੀ ਕਿ ਕੁਮਾਰ ਇਸ ਅਹਿਮ ਮੌਕੇ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸਾਂਭਣ ਲਈ ਸਿਰਕੱਢ ਆਗੂ ਹਨ। ਜੇਡੀਯੂ ‘ਇੰਡੀਆ’ ਗੱਠਜੋੜ ਦਾ ਵੀ ਹਿੱਸਾ ਹੈ। ਸੂਤਰਾਂ ਨੇ ਕਿਹਾ ਕਿ ਕਈ ਆਗੂਆਂ ਨੇ ਕੁਮਾਰ ਨਾਲ ਹਾਲੀਆ ਮਿਲਣੀਆਂ ਦੌਰਾਨ ਲੱਲਨ ਸਿੰਘ ਦੀ ਕਾਰਜਸ਼ੈਲੀ ਨੂੰ ਲੈ ਕੇ ਵੀ ਸਵਾਲ ਉਠਾਏ ਸਨ। ਹਾਲਾਂਕਿ ਪਾਰਟੀ ਵਿਚ ਦੁਫਾੜ ਦੀਆਂ ਰਿਪੋਰਟਾਂ ਦਰਮਿਆਨ ਮੁੱਖ ਮੰਤਰੀ ਨੇ ਲੱਲਨ ਸਿੰਘ ਨੂੰ ਆਪਣੇ ਨਾਲ ਖੜ੍ਹਾ ਕਰਕੇ ਪਾਰਟੀ ਵਿੱਚ ਸਭ ਕੁਝ ਠੀਕ ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਉਂਜ ਪਾਰਟੀ ਵਿਚਲੇ ਸੂਤਰਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਲੱਲਨ ਸਿੰਘ ਦੀ ਆਰਜੇਡੀ ਨਾਲ ਨੇੜਤਾ ਕਰਕੇ ਉਸ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ। ਕਾਰਜਕਾਰਨੀ ਦੀ ਬੈਠਕ ਦੌਰਾਨ ਕੁਮਾਰ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਲੈਣ ਦੇ ਰੌਂਅ ਵਿਚ ਨਹੀਂ ਸਨ, ਪਰ ਉਹ ਕੌਮੀ ਕਾਰਜਕਾਰਨੀ ਦੇ ਮੈਂਬਰਾਂ ਵੱਲੋਂ ਲਏ ਫੈਸਲੇ ਨੂੰ ਮੰਨਣ ਲਈ ਪਾਬੰਦ ਹਨ। ਕੁਮਾਰ ਨੂੰ ਮੁੜ ਜੇਡੀਯੂ ਪ੍ਰਧਾਨ ਚੁਣੇ ਜਾਣ ’ਤੇ ਕਈ ਪਾਰਟੀ ਵਰਕਰਾਂ ਨੇ ਜ਼ੋਰਦਾਰ ਨਾਅਰੇ ਲਾ ਕੇ ਕੁਮਾਰ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਕਾਰਜਕਾਰਨੀ ਨੇ ਸਰਦ ਰੁੱਤ ਇਜਲਾਸ ਦੌਰਾਨ ਸੰਸਦ ਵਿਚੋਂ ਵਿਰੋਧੀ ਧਿਰਾਂ ਦੇ 146 ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ। ਉਂਜ ਬੈਠਕ ਦੌਰਾਨ ਕੁਮਾਰ ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਪਾਰਟੀ ਦੇ ਸੀਨੀਅਰ ਮੈਂਬਰਾਂ ਨੂੰ ਵੱਖੋ ਵੱਖਰੀਆਂ ਭੂਮਿਕਾਵਾਂ ਦਿੱਤੀਆਂ ਜਾਣ। ਇਸ ਤੋਂ ਪਹਿਲਾਂ ਲੱਲਨ ਸਿੰਘ ਨੇ ਜੇਡੀਯੂ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੇ ਪਾਰਟੀ ਵਿੱਚ ਕਿਸੇ ਕਿਸਮ ਦੇ ਦੁਫਾੜ ਸਬੰਧੀ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਸੀ। ਕੁਮਾਰ ਨੇ ਪਟਨਾ ਤੋਂ ਦਿੱਲੀ ਲਈ ਉਡਾਣ ਲੈਣ ਮੌਕੇ ਕਿਹਾ ਸੀ, ‘‘ਤੁਸੀਂ ਇਕ ਬਿਰਤਾਂਤ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ...ਜੇਡੀਯੁ ਇਕਜੁੱਟ ਹੈ ਤੇ ਹਮੇਸ਼ਾ ਰਹੇਗੀ।’’ ਸਿੰਘ ਨੇ ਕਿਹਾ ਸੀ, ‘‘ਜੇਕਰ ਮੈਨੂੰ ਅਸਤੀਫ਼ਾ ਦੇਣਾ ਪਿਆ ਤਾਂ ਮੈਂ ਤੁਹਾਨੂੰ (ਮੀਡੀਆ ਕਰਮੀਆਂ) ਸੱਦਾਂਗਾ ਤੇ ਸਲਾਹ ਮਸ਼ਵਰਾ ਕਰਾਂਗਾ ਕਿ ਅਸਤੀਫ਼ੇ ਵਿੱਚ ਕੀ ਲਿਖਣਾ ਚਾਹੀਦਾ ਹੈ...ਤਾਂ ਕਿ ਤੁਸੀਂ ਭਾਜਪਾ ਦਫ਼ਤਰ ਜਾ ਕੇ ਖਰੜਾ ਲਿਆ ਸਕੋ।’’

Advertisement

Advertisement
Advertisement
Author Image

Advertisement