For the best experience, open
https://m.punjabitribuneonline.com
on your mobile browser.
Advertisement

ਨਿਠਾਰੀ ਕਾਂਡ: ਅਲਾਹਾਬਾਦ ਹਾਈ ਕੋਰਟ ਵੱਲੋਂ ਪੰਧੇਰ ਅਤੇ ਕੋਲੀ ਬਰੀ

06:56 AM Oct 17, 2023 IST
ਨਿਠਾਰੀ ਕਾਂਡ  ਅਲਾਹਾਬਾਦ ਹਾਈ ਕੋਰਟ ਵੱਲੋਂ ਪੰਧੇਰ ਅਤੇ ਕੋਲੀ ਬਰੀ
Advertisement

ਪ੍ਰਯਾਗਰਾਜ/ਨਵੀਂ ਦਿੱਲੀ, 16 ਅਕਤੂਬਰ
ਅਲਾਹਾਬਾਦ ਹਾਈ ਕੋਰਟ ਨੇ 2006 ਦੇ ਨਿਠਾਰੀ ਲੜੀਵਾਰ ਹੱਤਿਆਵਾਂ ਮਾਮਲੇ ਵਿਚ ਘਰੇਲੂ ਨੌਕਰ ਸੁਰੇਂਦਰ ਕੋਲੀ ਤੇ ਉਸ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਨੂੰ ਸਬੂਤਾਂ ਦੀ ਅਣਹੋਂਦ ਵਿੱਚ ਬਰੀ ਕਰ ਦਿੱਤਾ ਹੈ। ਇਸ ਦੌਰਾਨ ਸੀਬੀਆਈ ਅਧਿਕਾਰੀ ਨੇ ਕਿਹਾ ਕਿ ਟੀਮ ਨੂੰ ਫੈਸਲੇ ਦੀ ਕਾਪੀ ਦੀ ਉਡੀਕ ਹੈ ਤੇ ਉਹ ਫੈਸਲੇ ਦੀ ਸਮੀਖਿਆ ਮਗਰੋਂ ਅਗਲੀ ਪੇਸ਼ਕਦਮੀ ਬਾਰੇ ਫੈਸਲਾ ਲੈਣਗੇ। ਹਾਈ ਕੋਰਟ ਦੇ ਫੈਸਲੇ ਨਾਲ ਲੂ ਕੰਡੇ ਖੜ੍ਹੇ ਕਰ ਦੇਣ ਵਾਲੇ ਅਪਰਾਧ ਦੀਆਂ ਯਾਦਾਂ ਮੁੜ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹੋ ਗਈਆਂ ਹਨ। ਨੌਇਡਾ ਸਥਿਤ ਬੰਗਲੇ ਦੇ ਪਿੱਛਿਓਂ ਲੰਘਦੇ ਨਾਲੇ ਵਿਚੋਂ ਉਪਰੋਥੱਲੀ ਕਈ ਪਿੰਜਰ ਮਿਲਣ ਮਗਰੋਂ ਨੌਜਵਾਨ ਲੜਕੀਆਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਨਸਨੀਖੇਜ਼ ਅਪਰਾਧ ਤੋਂ ਪਰਦਾ ਚੁੱਕਿਆ ਗਿਆ ਸੀ।
ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਸੱਯਦ ਆਫ਼ਤਾਬ ਹੁਸੈਨ ਰਿਜ਼ਵੀ ਦੇ ਬੈਂਚ ਨੇ ਕੋਲੀ ਤੇ ਪੰਧੇਰ ਦੀ ਗਾਜ਼ੀਆਬਾਦ ਦੀ ਸੀਬੀਆਈ ਕੋਰਟ ਵੱਲੋਂ ਸੁਣਾਈ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਨੂੰ ਸਵੀਕਾਰ ਕਰ ਲਿਆ। ਹਾਈ ਕੋਰਟ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਤਗਾਸਾ ਧਿਰ ਆਪਣੇ ਕੇਸ ਨੂੰ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਕਾਰੋਬਾਰੀ ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ, ‘‘ਅਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਨਾਲ ਸ਼ਾਇਦ ਪੰਧੇਰ ਲਈ ਜੇਲ੍ਹ ’ਚੋਂ ਬਾਹਰ ਆਉਣ ਦਾ ਰਾਹ ਪੱਧਰਾ ਹੋ ਜਾਵੇ।’’ ਹਾਲਾਂਕਿ ਕੋਲੀ ਨੂੰ ਅਜੇ ਸਲਾਖਾਂ ਪਿੱਛੇ ਰਹਿਣਾ ਪੈ ਸਕਦਾ ਹੈ। ਇਕ ਕੇਸ ਵਿੱਚ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕੋਲੀ, ਜੋ ਇਸ ਵੇਲੇ ਗਾਜ਼ੀਆਬਾਦ ਦੀ ਜੇਲ੍ਹ ਵਿਚ ਬੰਦ ਹੈ, ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਸੁਣੇ 12 ਕੇਸਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕੋਲੀ ਦਾ ਸਾਬਕਾ ਮਾਲਕਾਂ ਪੰਧੇਰ ਨੌਇਡਾ ਦੀ ਜੇਲ੍ਹ ਵਿੱਚ ਹੈ ਤੇ ਦੋ ਕੇਸਾਂ ਵਿੱਚ ਉਹ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਦੋਵਾਂ ਉੱਤੇ ਬਲਾਤਕਾਰ ਤੇ ਕਤਲ ਦਾ ਦੋਸ਼ ਸੀ ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ ਸੀ। ਸਾਲ 2007 ਵਿੱਚ ਪੰਧੇਰ ਤੇ ਕੋਲੀ ਖਿਲਾਫ਼ ਕੁੱਲ 19 ਕੇਸ ਦਰਜ ਹੋਏ ਸਨ। ਸੀਬੀਆਈ ਸਬੂਤਾਂ ਦੀ ਅਣਹੋਂਦ ਵਿਚ ਇਨ੍ਹਾਂ ਵਿਚੋਂ ਤਿੰਨ ਕੇਸਾਂ ਵਿਚ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੀ ਹੈ। ਬਾਕੀ ਬਚਦੇ 16 ਕੇਸਾਂ ਵਿਚੋਂ ਤਿੰਨ ਵਿਚ ਕੋਲੀ ਨੂੰ ਬਰੀ ਕੀਤਾ ਜਾ ਚੁੱਕਾ ਹੈ ਤੇ ਇਕ ਵਿਚ ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਹੋ ਚੁੱਕੀ ਹੈ। ਕੋਲੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਯੂਪੀ ਸਰਕਾਰ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਅਜੇ ਬਕਾਇਆ ਹੈ। ਬਾਕੀ ਬਚਦੇ 12 ਕੇਸਾਂ ਵਿਚ ਉਸ ਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ। ਪੰਧੇਰ ਦੇ ਵਕੀਲ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਸ ਦੇ ਮੁਵੱਕਿਲ ਖਿਲਾਫ਼ ਛੇ ਕੇਸਾਂ ਵਿਚ ਦੋਸ਼ ਲੱਗੇ ਸਨ। ਇਕ ਕੇਸ ਸੀਬੀਆਈ ਦਾ ਸੀ ਜਦੋਂਕਿ ਪੰਜ ਕੇਸ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕੀਤੇ ਗਏ ਸਨ। ਭੰਡਾਰੀ ਨੇ ਕਿਹਾ ਕਿ ਸੈਸ਼ਨ ਕੋਰਟ ਤਿੰਨ ਕੇਸਾਂ ਵਿੱਚ ਪੰਧੇਰ ਨੂੰ ਬਰੀ ਕਰ ਚੁੱਕੀ ਹੈ। ਅਲਾਹਾਬਾਦ ਹਾਈ ਕੋਰਟ ਨੇ 2009 ਵਿੱਚ ਇਕ ਕੇਸ ਜਦੋਂਕਿ ਅੱਜ ਦੋ ਹੋਰ ਕੇਸਾਂ ਵਿਚ ਬਰੀ ਕਰ ਦਿੱਤਾ। ਲੜੀਵਾਰ ਹੱਤਿਆਵਾਂ ਦਾ ਇਹ ਸਨਸਨੀਖੇਜ਼ ਮਾਮਲਾ 29 ਦਸੰਬਰ 2006 ਨੂੰ ਕੌਮੀ ਰਾਜਧਾਨੀ ਦੀ ਸਰਹੱਦ ਨਾਲ ਲੱਗਦੇ ਨੌਇਡਾ ਦੇ ਨਿਠਾਰੀ ਵਿੱਚ ਪੰਧੇਰ ਦੇ ਘਰ ਪਿੱਛਿਓਂ ਲੰਘਦੇ ਨਾਲੇ ਵਿਚੋਂ ਅੱਠ ਬੱਚਿਆਂ ਦੇ ਪਿੰਜਰਾਂ ਦੀਆਂ ਹੱਡੀਆਂ ਮਿਲਣ ਨਾਲ ਸੁਰਖੀਆਂ ਵਿਚ ਆਇਆ ਸੀ। ਇਲਾਕੇ ਦੇ ਹੋਰ ਨਾਲਿਆਂ ਦੀ ਤਲਾਸ਼ੀ ਦੌਰਾਨ ਬੱਚਿਆਂ ਦੇ ਪਿੰਜਰ ਮਿਲਣ ਮਗਰੋਂ ਪੁਲੀਸ ਦੀ ਟੀਮ ਜਾਂਚ ਕਰਦੀ ਹੋਈ ਪੰਧੇਰ ਦੇ ਘਰ ਤੱਕ ਪਹੁੰਚ ਗਈ। -ਪੀਟੀਆਈ

Advertisement

ਕੋਲੀ ਦੋ ਵਾਰ ਫਾਹੇ ਟੰਗਣ ਤੋਂ ਬਚਿਆ

ਨਵੀਂ ਦਿੱਲੀ: ਘਰੇਲੂ ਨੌਕਰ ਸੁਰੇਂਦਰ ਕੋਲੀ ਦੋ ਵਾਰ ਫਾਹੇ ਟੰਗਣ ਤੋਂ ਬਚਿਆ। ਅਲਾਹਾਬਾਦ ਹਾਈ ਕੋਰਟ ਵੱਲੋਂ ਅੱਜ ਸੁਣਾਏ ਫੈਸਲੇ ਮਗਰੋਂ ਇਕ ਵਾਰ ਫਿਰ ਕੋਲੀ ਨੂੰ ਵੱਡੀ ਰਾਹਤ ਮਿਲੀ ਹੈ। ਕੋਲੀ 2011 ਅਤੇ 2014 ਵਿੱਚ ਕਾਨੂੰਨੀ ਅਮਲ ਦੇ ਦਾਅ ਪੇਚਾਂ ਕਰਕੇ ਦੋ ਮੌਤ ਦੇ ਵਾਰੰਟਾਂ ਨੂੰ ਭਾਂਜ ਦੇਣ ਵਿਚ ਸਫਲ ਰਿਹਾ। 14 ਸਾਲ ਦੀ ਲੜਕੀ ਦੇ ਬਲਾਤਕਾਰ ਤੇ ਕਤਲ ਕੇਸ ਵਿੱਚ ਗਾਜ਼ੀਆਬਾਦ ਦੀ ਵਿਸ਼ੇਸ਼ ਕੋਰਟ ਵੱਲੋਂ ਦੋ ਵਾਰ ਮੌਤ ਦੇ ਵਾਰੰਟ ਜਾਰੀ ਕੀਤੇ ਗਏ, ਪਰ ਕੋਲੀ ਵੱਲੋਂ ਫਾਂਸੀ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਵਰਤੇ ਕਾਨੂੰਨੀ ਦਾਅ ਪੇਚ ਕਰਕੇ ਇਹ ਅਮਲ ਵਿਚ ਨਹੀਂ ਆ ਸਕੇ। -ਪੀਟੀਆਈ

ਨਿਆਂ ਨਾ ਮਿਲਣ ਤੋਂ ਨਿਰਾਸ਼ ਹਨ ਪੀੜਤ ਪਰਿਵਾਰ

ਨੌਇਡਾ: ਨਿਠਾਰੀ ਕਾਂਡ ਦੇ ਪੀੜਤਾਂ ਨੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਨਿਰਾਸ਼ਾ ਜਤਾਈ ਹੈ। ਮਜ਼ਦੂਰ ਰਾਮ ਕਿਸ਼ਨ, ਜਿਸ ਦਾ ਤਿੰਨ ਸਾਲ ਦਾ ਪੁੱਤ 2006 ਲੜੀਵਾਰ ਹੱਤਿਆਵਾਂ ਦੇ ਪੀੜਤਾਂ ਵਿਚੋਂ ਇਕ ਸੀ, ਨੇ ਫੈਸਲੇ ਮਗਰੋਂ ਕਾਰੋਬਾਰੀ ਮਨਿੰਦਰ ਸਿੰਘ ਪੰਧੇਰ ਦੇ ਨਿਠਾਰੀ ਵਿਚਲੇ ਬੰਦ ਪਏ ਬੰਗਲੇ ’ਤੇ ਇੱਟ ਮਾਰ ਕੇ ਆਪਣਾ ਗੁੱਸਾ ਕੱਢਿਆ। ਰਾਮ ਕਿਸ਼ਨ ਹਾਲਾਂਕਿ ਉਥੇ ਮੌਜੂਦ ਪੱਤਰਕਾਰਾਂ ਨਾਲ ਗੱਲ ਕੀਤੇ ਬਿਨਾ ਹੀ ਉਥੋਂ ਚਲਾ ਗਿਆ। ਪੰਧੇਰ ਤੇ ਉਸ ਦੇ ਘਰੇਲੂ ਨੌਕਰ ਸੁਰੇਂਦਰ ਕੋਲੀ ਨੂੰ ਬਰੀ ਕੀਤੇ ਜਾਣ ਨਾਲ ਪੀੜਤਾਂ ਦੇ ਜ਼ਖ਼ਮ ਅੱਲ੍ਹੇ ਹੋ ਗਏ ਹਨ। ਝੱਬੂ ਲਾਲ ਤੇ ਸੁਨੀਤਾ ਦੇਵੀ, ਜਨਿ੍ਹਾਂ ਆਪਣੀ ਧੀ ਗੁਆਈ ਸੀ, ਨੇ ਕਿਹਾ, ‘‘ਅਸੀਂ ਫੈਸਲੇ ਤੋਂ ਸੰਤੁਸ਼ਟ ਨਹੀਂ ਹਾਂ। ਇਹ ਸਹੀ ਨਹੀਂ ਹੈ। ਜਦੋਂ ਕਈ ਬੱਚਿਆਂ ਦੀ ਹੱਤਿਆਵਾਂ ਕਰਨ ਵਾਲੇ ਨੂੰ ਬਰੀ ਕੀਤਾ ਜਾਂਦਾ ਹੈ, ਤਾਂ ਸੋਚ ਕੇ ਦੇਖੋ ਜਿਹੜੇ ਇਕ ਜਾਂ ਦੋ ਵਿਅਕਤੀਆਂ ਨੂੰ ਮਾਰਦੇ ਹਨ, ਉਨ੍ਹਾਂ ਨੂੰ ਕੀ ਸਜ਼ਾਵਾਂ ਮਿਲਣਗੀਆਂ।’’ ਲਾਲ ਨੇ ਕਿਹਾ ਕਿ ਉਹ ਵਕੀਲਾਂ ਦੀ ਫੀਸ ਵਜੋਂ 4 ਲੱਖ ਖਰਚ ਚੁੱਕਾ ਹੈ ਤੇ ਉਸ ਨੂੰ ਆਪਣਾ ਇਕ ਪਲਾਟ ਵੀ ਵੇਚਣਾ ਪਿਆ।

Advertisement
Author Image

Advertisement
Advertisement
×