ਨਿਰੰਜਨ ਸੇਖਾ ਦਾ ‘ਹਾਸ-ਵਿਅੰਗ ਪੁਰਸਕਾਰ’ ਨਾਲ ਸਨਮਾਨ
ਪਰਸ਼ੋਤਮ ਬੱਲੀ
ਬਰਨਾਲਾ, 30 ਸਤੰਬਰ
ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਬਠਿੰਡਾ ਵੱਲੋਂ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਮੋਗਾ ਦੇ ਸਹਿਯੋਗ ਨਾਲ ਪਿੰਡ ਸੇਖਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਪ੍ਰਸਿੱਧ ਹਾਸ ਵਿਅੰਗਕਾਰ ਨਿਰੰਜਨ ਸ਼ਰਮਾ ਸੇਖਾ (92) ਦਾ ‘ਤੀਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ’ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮੈਗਜ਼ੀਨ ਦਾ ਨਵਾਂ ਅੰਕ ਲੋਕ ਅਰਪਣ ਵੀ ਕੀਤਾ ਗਿਆ ਅਤੇ ‘ਹਾਸਰਸ’ ਕਵੀ ਦਰਬਾਰ ਵੀ ਹੋਇਆ। ਪੰਜਾਬੀ ਹਾਸ ਵਿਅੰਗ ਅਕਾਦਮੀ ਪ੍ਰਧਾਨ ਕੇ.ਐੱਲ. ਗਰਗ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸਾਹਿਤਕਾਰ ਡਾ. ਜੋਗਿੰਦਰ ਸਿੰਘ ਨਿਰਾਲਾ ਸਨ। ਪ੍ਰਧਾਨਗੀ ਮੰਡਲ ਵਿੱਚ ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਨਾਲ ਅੱਜ ਦੇ ਸਮਾਗਮ ਦੇ ਕੇਂਦਰ-ਬਿੰਦੂ ਵਿਅੰਗਕਾਰ ਨਿਰੰਜਨ ਸ਼ਰਮਾ ਸੇਖਾ ਅਤੇ ਉਨ੍ਹਾਂ ਦੀ ਪਤਨੀ ਦੇਵਕੀ ਦੇਵੀ ਸ਼ੁਸ਼ੋਭਿਤ ਸਨ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਜਗਦੀਸ਼ ਰਾਏ ਕੁਲਰੀਆਂ ਨੇ ਸੁਸਾਇਟੀ ਦੇ ਪ੍ਰਧਾਨ ਅਤੇ ‘ਸ਼ਬਦ ਤ੍ਰਿੰਜਣ’ ਦੇ ਸੰਪਾਦਕ ਮੰਗਤ ਕੁਲਜਿੰਦ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਬਠਿੰਡਾ ਤੋਂ ਪੁੱਜੇ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਪ੍ਰਧਾਨਗੀ ਮੰਡਲ ਵੱਲੋਂ, ਪੰਜਾਬੀ ਦੇ ਬਾਬਾ ਬੋਹੜ ਵਿਅੰਗਕਾਰ ਨਿਰੰਜਨ ਸ਼ਰਮਾ ਸੇਖਾ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਮਰਜੀਤ ਸਿੰਘ ਪੇਂਟਰ ਸਟੇਟ-ਐਵਾਰਡੀ ਨੇ ਉਨ੍ਹਾਂ ਦਾ ਸਨਮਾਨ-ਪੱਤਰ ਪੜ੍ਹਿਆ। ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਜਗਦੀਸ਼ ਰਾਏ ਕੁਲਰੀਆਂ ਨੂੰ ‘ਅਨੁਵਾਦ ਪੁਰਸਕਾਰ-2023’ ਮਿਲਣ ’ਤੇ ਆਦਾਰਾ ਸ਼ਬਦ ਤ੍ਰਿੰਜਣ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਦਾ ਮਾਣ ਵਧਾਇਆ ਗਿਆ। ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਵੀ ਨਿਰੰਜਨ ਸ਼ਰਮਾ ਸੇਖਾ ਨੁੰ ਜ਼ਿੰਦਗੀ ਭਰ ਦੀਆਂ ਸਾਹਿਤਕ ਸੇਵਾਵਾਂ ਲਈ ਸਨਮਾਨਿਤ ਕੀਤਾ। ਨਿਰੰਜਨ ਸ਼ਰਮਾ ਸੇਖਾ ਨੇ ਹਾਸ-ਵਿਅੰਗ ਦੀ ਮਹਾਨਤਾ ਦਾ ਜ਼ਿਕਰ ਕੀਤਾ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।