ਚੀਨੀ ਜਾਸੂਸਾਂ ਦੇ ਹਮਲੇ ਦਾ ਸ਼ਿਕਾਰ ਹੋਈ ਨੌਵੀਂ ਟੈਲੀਕਾਮ ਕੰਪਨੀ: ਵ੍ਹਾਈਟ ਹਾਊਸ
ਵਾਸ਼ਿੰਗਟਨ, 28 ਦਸੰਬਰ
ਵ੍ਹਾਈਟ ਹਾਊਸ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਨੌਵੀਂ ਅਮਰੀਕੀ ਦੂਰਸੰਚਾਰ ਕੰਪਨੀ ਨੂੰ ਚੀਨ ਦੀ ਜਾਸੂਸੀ ਮੁਹਿੰਮ ਤਹਿਤ ਹੈਕ ਕੀਤਾ ਗਿਆ, ਜਿਸ ਕਾਰਨ ਪੇਈਚਿੰਗ ਵਿੱਚ ਬੈਠੇ ਅਧਿਕਾਰੀਆਂ ਨੂੰ ਅਣਪਛਾਤੇ ਅਮਰੀਕੀਆਂ ਦੇ ਨਿੱਜੀ ਸੰਦੇਸ਼ਾਂ ਅਤੇ ਫੋਨ ’ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਪ੍ਰਾਪਤ ਹੋ ਗਈ ਹੈ। ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਮਹੀਨੇ ਕਿਹਾ ਸੀ ਕਿ ਘੱਟੋ-ਘੱਟ ਅੱਠ ਦੂਰਸੰਚਾਰ ਕੰਪਨੀਆਂ ਅਤੇ ਦਰਜਨਾਂ ਦੇਸ਼ ‘ਸਾਲਟ ਟਾਈਫੂਨ’ ਦੇ ਨਾਮ ਨਾਲ ਜਾਣੇ ਜਾਂਦੇ ਚੀਨੀ ਹੈਕਿੰਗ ਹਮਲੇ ਕਾਰਨ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਉਪ ਕੌਮੀ ਸੁਰੱਖਿਆ ਸਲਾਹਕਾਰ ਐਨੀ ਨਿਊਬਰਗਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੀਨੀ ਹਮਲੇ ਦੀ ਸ਼ਿਕਾਰ ਨੌਵੀਂ ਦੂਰਸੰਚਾਰ ਕੰਪਨੀ ਦੀ ਪਛਾਣ ਕਰ ਲਈ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਹੈਕਰਾਂ ਨੇ ਦੂਰਸੰਚਾਰ ਕੰਪਨੀਆਂ ਦੇ ਨੈੱਟਵਰਕਾਂ ਨੂੰ ਸੰਨ੍ਹ ਲਾ ਕੇ ਗਾਹਕਾਂ ਦੀਆਂ ਕਾਲ ਰਿਕਾਰਡਾਂ ਹਾਸਲ ਕੀਤੀਆਂ ਅਤੇ ਸੀਮਤ ਗਿਣਤੀ ਵਿੱਚ ਵਿਅਕਤੀਆਂ ਦੇ ਨਿੱਜੀ ਸੰਚਾਰ ਤੱਕ ਪਹੁੰਚ ਬਣਾਈ। ਨਿਊਬਰਗਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਹਾਲੇ ਤੱਕ ਇਸ ਬਾਰੇ ਸਹੀ ਜਾਣਕਾਰੀ ਨਹੀਂ ਮਿਲੀ ਹੈ। -ਏਪੀ
ਐੱਫਬੀਆਈ ਨੇ ਪੀੜਤਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ
ਐੱਫਬੀਆਈ ਨੇ ਜਨਤਕ ਤੌਰ ’ਤੇ ਕਿਸੇ ਪੀੜਤ ਦੀ ਪਛਾਣ ਨਸ਼ਰ ਨਹੀਂ ਕੀਤੀ ਹੈ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਅਹਿਮ ਸਿਆਸੀ ਹਸਤੀਆਂ ਉਨ੍ਹਾਂ ਲੋਕਾਂ ਵਿੱਚੋਂ ਸ਼ਾਮਲ ਹਨ, ਜਿਨ੍ਹਾਂ ਦੇ ਸੰਚਾਰ ਤੱਕ ਪਹੁੰਚ ਬਣਾਈ ਗਈ ਸੀ।