ਨਸ਼ਾ ਤਸਕਰੀ ਕੇਸ ਵਿਚ 8 ਪਾਕਿਸਤਾਨੀ ਨਾਗਰਿਕਾਂ ਨੂੰ 20 ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ
ਮੁੰਬਈ, 1 ਜਨਵਰੀ
ਸਥਾਨਕ ਕੋਰਟ ਨੇ ਅੱਠ ਪਾਕਿਸਤਾਨੀ ਨਾਗਰਿਕਾਂ ਨੂੰ 200 ਕਿਲੋ ਨਸ਼ਿਆਂ ਦੀ ਬਰਾਮਦਗੀ ਕੇਸ ਵਿਚ 20 ਸਾਲਾਂ ਲਈ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ‘ਇਹ ਦੁਸ਼ਮਣ ਮੁਲਕ ਲਈ ਸਬਕ ਹੋਵੇਗਾ ਕਿ ਉਹ ਜ਼ਿੰਦਗੀ ਤੇ ਸਿਹਤ ਨੂੰ ਅਸਰਅੰਦਾਜ਼ ਕਰਦੀ ਨਸ਼ਿਆਂ ਦੀ ਖੇਪ ਦੀ ਤਸਕਰੀ ਤੋਂ ਬਾਜ਼ ਆਏ।’ ਗੁਜਰਾਤ ਸਾਹਿਲ ਉੱਤੇ ਤਾਇਨਾਤ ਇੰਡੀਅਨ ਕੋਸਟ ਗਾਰਡ ਨੇ ਮੁਜਰਮਾਂ ਨੂੰ 2015 ਵਿਚ 6.96 ਕਰੋੜ ਮੁੱਲ ਦੀ 232 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਸੀ। ਐੱਨਡੀਪੀਐੱਸ ਤਹਿਤ ਆਉਂਦੇ ਕੇਸਾਂ ਲਈ ਵਿਸ਼ੇਸ਼ ਜੱਜ ਸ਼ਸ਼ੀਕਾਂਤ ਬਾਂਗਰ ਨੇ ਨਸ਼ਾ ਵਿਰੋਧੀ ਕਾਨੂੰਨ ਤਹਿਤ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਜਰਮਾਂ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜੋ ਕਿ ਐੱਨਡੀਪੀਐੱਸ ਐਕਟ ਤਹਿਤ ਸਿਖਰਲੀ ਸਜ਼ਾ ਹੈ। ਮੁਲਜ਼ਮਾਂ ਨੂੰ 6-6 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਮੁਜਰਮਾਂ ਦੀ ਪਛਾਣ ਅਲੀਬਖ਼ਸ਼ ਸਿੰਧੀ (48), ਮਕਸੂਦ ਮਸੀਮ(54), ਮੁਹੰਮਦ ਨਾਥੋ ਸਿੰਧੀ (55), ਮੁਹੰਮਕ ਅਹਿਮਦ ਇਨਾਇਤ(37), ਮੁਹੰਮਦ ਯੂੁਸੁਫ਼ ਗਗਵਾਨੀ(58), ਮੁਹੰਮਦ ਯੂਨੁਸ ਸਿੰਧੀ(44), ਮੁਹੰਮਦ ਗੁਲਸ਼ਨ ਬਲੋਚ (40) ਤੇ ਗੁਲਹਸਨ ਸਿੰਧੀ (50) ਵਜੋਂ ਦੱਸੀ ਗਈ ਹੈ। -ਪੀਟੀਆਈ