ਬਾਜਵਾ ਤੇ ਵੜਿੰਗ ਸਣੇ ਨੌਂ ਕਾਂਗਰਸੀ ਵਿਧਾਇਕ ਮੁਅੱਤਲ
* ਸਪੀਕਰ ’ਤੇ ਵਿਰੋਧੀ ਧਿਰ ਨੂੰ ਢੁੱਕਵਾਂ ਸਮਾਂ ਨਾ ਦੇਣ ਦੇ ਦੋਸ਼
* ਵੜਿੰਗ ਨੂੰ ਸਦਨ ’ਚੋਂ ਜਬਰੀ ਬਾਹਰ ਕੱਢਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 6 ਮਾਰਚ
ਪੰਜਾਬ ਵਿਧਾਨ ਸਭਾ ’ਚ ‘ਪੰਜਾਬ ਬਜਟ’ ’ਤੇ ਚੱਲ ਰਹੀ ਬਹਿਸ ਦੌਰਾਨ ਵਿਰੋਧੀ ਧਿਰ ਵੱਲੋਂ ਕੀਤੇ ਹੰਗਾਮੇ ਮਗਰੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹੁਕਮਾਂ ’ਤੇ ਵਿਧਾਨ ਸਭਾ ’ਚੋਂ ਜਬਰੀ ਬਾਹਰ ਕੱਢ ਦਿੱਤਾ ਗਿਆ ਜਦੋਂ ਕਿ ਬਜਟ ’ਚ ਚਰਚਾ ਦੌਰਾਨ ਸਦਨ ’ਚ ਮੌਜੂਦ ਕਾਂਗਰਸ ਦੇ ਨੌਂ ਵਿਧਾਇਕਾਂ ਨੂੰ ਦਿਨ ਭਰ ਲਈ ਮੁਅੱਤਲ ਕਰ ਦਿੱਤਾ। ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਰੌਲਾ ਪਾਇਆ ਗਿਆ ਕਿ ਉਨ੍ਹਾਂ ਨੂੰ ਬਜਟ ’ਤੇ ਬੋਲਣ ਲਈ ਢੁਕਵਾਂ ਸਮਾਂ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਹਾਕਮ ਧਿਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਦਾ ਸਾਰਾ ਸਮਾਂ ਪ੍ਰਤਾਪ ਸਿੰਘ ਬਾਜਵਾ ਲੈ ਚੁੱਕੇ ਹਨ।
ਸਪੀਕਰ ਸੰਧਵਾਂ ਨੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ’ਤੇ ਦੁਪਹਿਰ ਮਗਰੋਂ ਸਦਨ ’ਚੋਂ ਦਿਨ ਭਰ ਲਈ ਸੰਦੀਪ ਜਾਖੜ ਨੂੰ ਛੱਡ ਕੇ ਬਾਕੀ 9 ਕਾਂਗਰਸੀ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਜਿਨ੍ਹਾਂ ਵਿਚ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਬਿੰਦਰ ਸਿੰਘ ਸਰਕਾਰੀਆ, ਹਰਦੇਵ ਸਿੰਘ ਲਾਡੀ, ਅਵਤਾਰ ਸਿੰਘ ਜੂਨੀਅਰ, ਬਰਿੰਦਰਮੀਤ ਸਿੰਘ ਪਾਹੜਾ, ਡਾ.ਰਾਜ ਕੁਮਾਰ ਚੱਬੇਵਾਲ, ਵਿਕਰਮਜੀਤ ਸਿੰਘ ਚੌਧਰੀ ਅਤੇ ਰਾਣਾ ਗੁਰਜੀਤ ਸਿੰਘ ਦੇ ਨਾਮ ਸ਼ਾਮਲ ਹਨ। ਅੱਜ ਬਜਟ ’ਤੇ ਬਹਿਸ ਦੀ ਸ਼ੁਰੂਆਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਭਾਸ਼ਨ ਨਾਲ ਸ਼ੁਰੂ ਹੋਈ ਸੀ।
ਸਪੀਕਰ ਸੰਧਵਾਂ ਨੇ ਹੰਗਾਮਾ ਕਰਨ ਅਤੇ ਕਾਰਵਾਈ ਵਿਚ ਵਿਘਨ ਪਾਉਣ ਦੇ ਇਲਜ਼ਾਮਾਂ ਤਹਿਤ ਨੌਂ ਕਾਂਗਰਸੀ ਵਿਧਾਇਕਾਂ ਨੂੰ ‘ਨੇਮ’ ਕਰ ਦਿੱਤਾ ਗਿਆ ਜਿਸ ਮਗਰੋਂ ਕਾਂਗਰਸੀ ਵਿਧਾਇਕ ਸਦਨ ’ਚੋਂ ਬਾਹਰ ਚਲੇ ਗਏ ਜਦੋਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਦਨ ’ਚੋਂ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਦੀ ਪਿੱਠ ’ਤੇ ਬਰਿੰਦਰਮੀਤ ਸਿੰਘ ਪਾਹੜਾ ਅਤੇ ਵਿਕਰਮਜੀਤ ਸਿੰਘ ਚੌਧਰੀ ਆ ਗਏ। ਵਾਚ ਐਂਡ ਵਾਰਡ ਨੇ ਇਨ੍ਹਾਂ ਵਿਧਾਇਕਾਂ ਨੂੰ ਸਦਨ ’ਚੋਂ ਬਾਹਰ ਜਾਣ ਲਈ ਕਿਹਾ ਅਤੇ ਇਸ ਮੌਕੇ ਕਾਫ਼ੀ ਰੌਲਾ ਪਿਆ। ਰਾਜਾ ਵੜਿੰਗ ਸਪੀਕਰ ਦੇ ਆਸਨ ਅੱਗੇ ਬੈਠ ਗਏ।
ਜਦੋਂ ਸਦਨ ਮੁੜ ਜੁੜਿਆ ਤਾਂ ਉਸ ਸਮੇਂ ਰਾਜਾ ਵੜਿੰਗ ਸਦਨ ਵਿਚ ਹੀ ਮੌਜੂਦ ਸਨ। ਉਨ੍ਹਾਂ ਦੇ ਨਾਲ ਬਰਿੰਦਰਮੀਤ ਪਾਹੜਾ ਅਤੇ ਵਿਕਰਮਜੀਤ ਸਿੰਘ ਚੌਧਰੀ ਸਨ। ਵੜਿੰਗ ਨੇ ਖ਼ੁਦ ਸਦਨ ’ਚੋਂ ਬਾਹਰ ਜਾਣ ਦਾ ਰਸਤਾ ਨਹੀਂ ਚੁਣਿਆ ਜਿਸ ਮਗਰੋਂ ਸਪੀਕਰ ਸੰਧਵਾਂ ਨੇ ਮਾਰਸ਼ਲਾਂ ਨੂੰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਦਨ ’ਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ। ਜਦੋਂ ਕਿ ਚੌਧਰੀ ਤੇ ਪਾਹੜਾ ਖ਼ੁਦ ਹੀ ਬਾਹਰ ਚਲੇ ਗਏ। ਸਪੀਕਰ ਨੇ ਕਿਹਾ ਕਿ ਸਦਨ ਨੂੰ ਨਿਯਮਾਂ ਅਨੁਸਾਰ ਚਲਾਇਆ ਜਾਵੇਗਾ ਅਤੇ ਉਨ੍ਹਾਂ ਨੇ ਬਣਦੇ ਸਮੇਂ ਤੋਂ ਪੰਜ ਮਿੰਟ ਵੱਧ ਕਾਂਗਰਸ ਨੂੰ ਸਮਾਂ ਦਿੱਤਾ।
ਪਾਰਟੀਆਂ ਅਨੁਸਾਰ ਸਮਾਂ ਦਿੱਤਾ: ਸੰਧਵਾਂ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਾਰਟੀਆਂ ਅਨੁਸਾਰ ਸਮਾਂ ਵੰਡ ਤੋਂ ਸਦਨ ਨੂੰ ਜਾਣੂ ਕਰਾਇਆ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਦਨ ਵਿਚ ਇਤਰਾਜ਼ ਕੀਤਾ ਕਿ ਉਸ ਨੂੰ ਬੋਲਣ ਲਈ ਪੂਰਾ ਸਮਾਂ ਨਹੀਂ ਦਿੱਤਾ ਗਿਆ ਅਤੇ ਉਸ ਨੇ ਇਸ ਦੇ ਵਿਰੋਧ ਵਿਚ ਹੰਗਾਮਾ ਕੀਤਾ ਅਤੇ ਸਪੀਕਰ ਦੇ ਆਸਨ ਅੱਗੇ ਆ ਗਏ। ਬਾਕੀ ਵਿਧਾਇਕ ਵੀ ਉਨ੍ਹਾਂ ਦੇ ਪਿੱਛੇ ਆ ਗਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਨੂੰ ਚੇਤੇ ਕਰਾਇਆ ਕਿ ਬਿਜ਼ਨਸ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਖੁੱਲ੍ਹਾ ਸਮਾਂ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ। ਸਦਨ ’ਚ ਕੈਬਨਿਟ ਮੰਤਰੀ ਬਲਜੀਤ ਕੌਰ ਜਦੋਂ ਬਜਟ ’ਤੇ ਬੋਲ ਰਹੇ ਸਨ ਤਾਂ ਵਿਰੋਧੀ ਧਿਰ ਵੱਲੋਂ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ। ਜਦੋਂ ਰੌਲਾ ਰੱਪਾ ਵਧ ਗਿਆ ਤਾਂ ਸਪੀਕਰ ਨੇ 15 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
ਚੋਣ ਮਨੋਰਥ ਪੱਤਰ ਕਾਨੂੰਨੀ ਦਸਤਾਵੇਜ਼ ਬਣੇ: ਭਗਵੰਤ ਮਾਨ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਛੇ ਘੰਟੇ ਤੱਕ ਚੱਲੀ ਬਹਿਸ ਮਗਰੋਂ ਅੱਜ ਵਿੱਤੀ ਸਾਲ 2024-25 ਲਈ ਬਜਟ ਪਾਸ ਕਰ ਦਿੱਤਾ। ਬਹਿਸ ਦੌਰਾਨ ਬਜਟ ’ਤੇ ਅਗਾਮੀ ਲੋਕ ਸਭਾ ਚੋਣਾਂ ਦਾ ਪਰਛਾਵਾਂ ਸਾਫ਼ ਨਜ਼ਰ ਆਇਆ। ਸੱਤਾਧਾਰੀ ਧਿਰ ਨੇ ਬਹਿਸ ਮੌਕੇ ਜਿੱਥੇ ਬਜਟ ਤਜਵੀਜ਼ਾਂ ਨੂੰ ਤਰੱਕੀ ਦਾ ਖ਼ਾਕਾ ਦੱਸਦਿਆਂ ਸਿਆਸੀ ਸੁਨੇਹਾ ਦਿੱਤਾ ਉਥੇ ਵਿਰੋਧੀ ਧਿਰਾਂ ਨੇ ਵਿੱਤੀ ਬਦਇੰਤਜ਼ਾਮੀ ਅਤੇ ਖ਼ਰਚਿਆਂ ਦੀ ਪੂਰਤੀ ਲਈ ਕਰਜ਼ਾ ਚੁੱਕੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਦੌਰਾਨ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦਾ ਸੱਦਾ ਦਿੱਤਾ। ਉਧਰ ਕਾਂਗਰਸੀ ਵਿਧਾਇਕ ਦਿਨ ਭਰ ਦੀ ਮੁਅੱਤਲੀ ਮਗਰੋਂ ਸਦਨ ’ਚੋਂ ਗ਼ੈਰਹਾਜ਼ਰ ਰਹੇ। ਬਜਟ ’ਤੇ ਬਹਿਸ ਨੂੰ ਸਮੇਟਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਵੱਲੋਂ ਉਠਾਏ ਨੁਕਤਿਆਂ ’ਤੇ ਜੁਆਬ ਦਿੱਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜ ਵੱਡੀਆਂ ਗਾਰੰਟੀਆਂ ’ਚੋਂ ਚਾਰ ਪੂਰੀਆਂ ਕਰ ਦਿੱਤੀਆਂ ਹਨ ਜਦੋਂ ਕਿ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਾਸਿਕ ਦੇਣ ਦੀ ਪੰਜਵੀਂ ਗਾਰੰਟੀ ਵੀ ਜਲਦ ਪੂਰੀ ਕਰਾਂਗੇ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਬਜਟ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਵਿਰਾਸਤ ਵਿਚ ਮਿਲੇ ਕਰਜ਼ੇ ਦਾ ਵਿਸਥਾਰ ਦਿੱਤਾ ਅਤੇ ਇਹ ਵੀ ਕਿਹਾ ਕਿ ਕਾਂਗਰਸੀ ਰਾਜ ਦੀਆਂ ਦੇਣਦਾਰੀਆਂ ਦੀ ਪੂਰਤੀ ਵੀ ਉਨ੍ਹਾਂ ਦੀ ਸਰਕਾਰ ਨੇ ਕੀਤੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ’ਤੇ ਚਰਚਾ ਦੌਰਾਨ ਕੇਂਦਰ ਸਰਕਾਰ ਅਤੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਚੋਣ ਮਨੋਰਥ ਪੱਤਰ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੈ ਜਿਸ ’ਤੇ ਅਮਲ ਨਾ ਹੋਣ ਦੀ ਸੂਰਤ ਵਿਚ ਸਿਆਸੀ ਪਾਰਟੀਆਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਭਾਜਪਾ ਦੀਆਂ ਕੇਂਦਰੀ ਗਾਰੰਟੀਆਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਹੁਣ ਗਾਰੰਟੀਆਂ ਦੇ ਰਹੀਆਂ ਹਨ ਜਦੋਂ ਕਿ ਉਹ ਹਮੇਸ਼ਾ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣ ਦੇ ਹਾਮੀ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਨੇ ਹੁਣ ਗਾਰੰਟੀ ਦੇ ਕੇ ਅਰਵਿੰਦ ਕੇਜਰੀਵਾਲ ਦੀ ਨਕਲ ਕੀਤੀ ਹੈ। ਕੇਜਰੀਵਾਲ ਨੇ ਕਦਰਾਂ ਕੀਮਤਾਂ ਆਧਾਰਿਤ ਸਿਆਸਤ ਦਾ ਮੁੱਢ ਬੰਨ੍ਹਿਆ ਜਦੋਂ ਕਿ ਕੇਂਦਰ ਸਰਕਾਰ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਦਲ-ਬਦਲੀ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ। ਜਮਹੂਰੀਅਤ ਨੂੰ ਬਚਾਉਣ ਲਈ ਇਹ ਰੁਝਾਨ ਠੀਕ ਨਹੀਂ ਹੈ। ਮੁੱਖ ਮੰਤਰੀ ਨੇ ਪੰਜਾਬ ਬਜਟ ਨੂੰ ਖ਼ੁਸ਼ਹਾਲੀ ਦਾ ਮਸੌਦਾ ਕਰਾਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਿਰਫ਼ ਮੀਡੀਆ ’ਚ ਸੁਰਖ਼ੀਆਂ ਬਟੋਰਨ ਲਈ ਵਾਕਆਊਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੈਰ-ਜ਼ਿੰਮੇਵਾਰਾਨਾ ਵਤੀਰਾ ਵਿਰੋਧੀਆਂ ਨੂੰ ਲੋਕ ਦੀਆਂ ਨਜ਼ਰਾਂ ਤੋਂ ਉਤਾਰ ਦੇਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨਵੀਂ ਕਿਸਮ ਦੇ ਬੇਰੁਜ਼ਗਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ 40,437 ਨੌਕਰੀਆਂ ਦਿੱਤੀਆਂ ਹਨ। ਸੰਗਰੂਰ ਵਿਚ ਭਲਕੇ ਇਕ ਸਮਾਗਮ ਦੌਰਾਨ 2487 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਬਜਟ ਵਾਂਗ ਅਗਲਾ ਬਜਟ ਹੋਰ ਵੀ ਸ਼ਾਨਦਾਰ ਹੋਵੇਗਾ ਕਿਉਂਕਿ ਇਸ ਵਿੱਚ ਕੋਈ ਵੀ ਟੈਕਸ ਨਹੀਂ ਲਗਾਇਆ ਜਾਵੇਗਾ ਸਗੋਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਿੱਖਿਆ ਖੇਤਰ ਲਈ ਬਜਟ ਵਿੱਚ ਵੱਡੀ ਰਕਮ ਰਾਖਵੀਂ ਰੱਖੀ ਗਈ ਹੈ ਕਿਉਂਕਿ ਸੂਬਾ ਸਰਕਾਰ ਇਸ ਬਜਟ ਰਾਹੀਂ ਆਮ ਆਦਮੀ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਹਿਸ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀਆਂ ਸਕੀਮਾਂ ਅਤੇ ਪ੍ਰੋਜੈਕਟਾਂ ’ਤੇ ਚਰਚਾ ਕੀਤੀ। ਉਨ੍ਹਾਂ ਕੇਂਦਰੀ ਸਕੀਮਾਂ ਦਾ ਵਿਸਥਾਰ ਦੱਸਿਆ। ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਨਰਮੇ ਦੀ ਫ਼ਸਲ ’ਤੇ ਚਿੰਤਾ ਜ਼ਾਹਰ ਕਰਦਿਆਂ ਚੰਗੇ ਬੀਜਾਂ ਅਤੇ ਕੀਟਨਾਸ਼ਕਾਂ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਲਈ ਢੁਕਵਾਂ ਪੈਸਾ ਨਹੀਂ ਰੱਖਿਆ ਗਿਆ। ਮਾਲਵਾ ਨਹਿਰ ਲਈ ਵੀ ਕੋਈ ਐਲੋਕੇਸ਼ਨ ਨਹੀਂ ਕੀਤੀ ਗਈ। ਬਜਟ ਉੱਤੇ ਬਹਿਸ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਬਲਜੀਤ ਕੌਰ, ਹਰਭਜਨ ਸਿੰਘ, ਹਰਜੋਤ ਸਿੰਘ ਬੈਂਸ, ਪ੍ਰਿੰਸੀਪਲ ਬੁੱਧ ਰਾਮ ਤੋਂ ਇਲਾਵਾ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਹਿੱਸਾ ਲਿਆ।
ਸਾਰੇ ਵਰਗਾਂ ਨਾਲ ਬੇਇਨਸਾਫ਼ੀ ਹੋਈ: ਮਨਪ੍ਰੀਤ ਇਆਲੀ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਕਿਹਾ ਕਿ ਬਜਟ ਵਿਚ ਸਮਾਜ ਦੇ ਸਭ ਵਰਗਾਂ ਨਾਲ ਬੇਇਨਸਾਫ਼ੀ ਹੋਈ ਹੈ। ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਹੀਂ ਦਿੱਤਾ ਗਿਆ, ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਵਿਚ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਮੱਸਿਆ ਠੀਕ ਨਹੀਂ ਹੈ। ਪੁਲੀਸ ਨੂੰ ਗੱਡੀਆਂ ਦੇਣ ਦੇ ਨਾਲ ਨਾਲ ਜ਼ਿੰਮੇਵਾਰ ਵੀ ਬਣਾਇਆ ਜਾਵੇ। ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਵੀ ਰੱਖੀ।
ਕਰਜ਼ਾ ਚੁੱਕਣ ਦੇ ਰਿਕਾਰਡ ਤੋੜੇ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ ’ਤੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਦੋ ਸਾਲਾਂ ਵਿਚ ਹੀ ਕਰਜ਼ਾ ਚੁੱਕਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਹੋ ਰਫ਼ਤਾਰ ਰਹੀ ਤਾਂ ਇਸ ਸਰਕਾਰ ਦੌਰਾਨ ਹੀ ਕਰਜ਼ੇ ਦੀ ਪੰਡ 4.72 ਲੱਖ ਕਰੋੜ ਨੂੰ ਪੁੱਜ ਜਾਵੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਚੋਣਾਂ ਮੌਕੇ ਕਰਜ਼ਾ ਵੀਹ ਫ਼ੀਸਦੀ ਘਟਾਉਣ ਅਤੇ ਮਾਈਨਿੰਗ ’ਚੋਂ 20 ਹਜ਼ਾਰ ਕਰੋੜ ਦੀ ਵਾਧੂ ਆਮਦਨ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ‘ਆਪ’ ਨੇ 23 ਫ਼ਸਲਾਂ ’ਤੇ ਐੱਮਐੱਸਪੀ ਦੇਣ ਦੀ ਗੱਲ ਕਹੀ ਸੀ ਜਿਸ ਨੂੰ ਅੱਜ ਤੱਕ ਬੂਰ ਨਹੀਂ ਪਿਆ। ਬਾਜਵਾ ਨੇ ਕਿਹਾ ਕਿ ਮੂੰਗੀ ਦੀ ਫ਼ਸਲ ਵੀ 90 ਫ਼ੀਸਦੀ ਵਪਾਰੀਆਂ ਨੇ ਹੀ ਮਿੱਟੀ ਦੇ ਭਾਅ ਖ਼ਰੀਦੀ। ਬਾਜਵਾ ਨੇ ਕਿਹਾ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਗਿਆ। ਮੁਲਾਜ਼ਮਾਂ ਲਈ ਵੀ ਬਜਟ ਵਿਚ ਕੁਝ ਨਹੀਂ ਰੱਖਿਆ ਗਿਆ।