ਬਠਿੰਡਾ ਵਿੱਚ ਨੌਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ
ਮਨੋਜ ਸ਼ਰਮਾ
ਬਠਿੰਡਾ, 13 ਮਈ
ਜ਼ਿਲ੍ਹਾ ਬਠਿੰਡਾ ਵਿੱਚ ਅੱਜ ਸੱਤਵੇਂ ਦਿਨ ਨੌਂ ਰਾਜਨੀਤਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ 14 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਹੁਣ ਤੱਕ ਬਠਿੰਡਾ ਲੋਕ ਸਭਾ ਹਲਕੇ ਲਈ ਕੁੱਲ 18 ਉਮੀਦਵਾਰਾਂ ਵੱਲੋਂ 23 ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਜਾ ਚੁੱਕੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਸੱਤਵੇਂ ਦਿਨ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੇ (2 ਸੈੱਟ), ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਸੁਖਬੀਰ ਸਿੰਘ ਬਾਦਲ ਨੇ (2 ਸੈੱਟ), ਭਾਰਤੀ ਜਨਤਾ ਪਾਰਟੀ (ਬੀਜੇਪੀ) ਵੱਲੋਂ ਪਰਮਪਾਲ ਕੌਰ ਸਿੱਧੂ (2 ਸੈੱਟ) ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਗੁਰਪ੍ਰੀਤ ਸਿੰਘ ਵੱਲੋਂ (2 ਸੈੱਟ), ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਗੁਰਬਾਜ਼ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲਖਵੀਰ ਸਿੰਘ ਵੱਲੋਂ (3 ਸੈੱਟ) ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਸ ਤੋਂ ਇਲਾਵਾ ਅਮਨਦੀਪ ਸਿੰਘ ਤੇ ਪਾਲਾ ਰਾਮ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ (1-1 ਸੈੱਟ) ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਹਨ।
ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 14 ਮਈ ਨੂੰ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਸਕਣਗੇ ਜਦਕਿ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਕੀਤੀ ਜਾਵੇਗੀ ਅਤੇ 17 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦਾ ਨਤੀਜਾ 4 ਜੂਨ ਐਲਾਨਿਆ ਜਾਵੇਗਾ।
ਲੱਖਾ ਸਿਧਾਣਾ ਨਾਮਜ਼ਦਗੀ ਤੋਂ ਪਹਿਲਾਂ ਤਖ਼ਤ ਸਾਹਿਬ ਹੋਏ ਨਤਮਸਤਕ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਮਾਇਤ ਨਾਲ ਚੋਣ ਮੈਦਾਨ ’ਚ ਨਿੱਤਰੇ ਨੌਜਵਾਨ ਉਮੀਦਵਾਰ ਲਖਵੀਰ ਸਿੰਘ ਲੱਖਾ ਸਿਧਾਣਾ ਆਪਣੇ ਨਾਮਜ਼ਦਗੀ ਕਾਗਜ਼ ਭਰਨ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ’ਚ ਸਮਰਥਕਾਂ ਸਮੇਤ ਪੁੱਜੇ। ਲੱਖਾ ਸਿਧਾਣਾ ਦੇ ਤਲਵੰਡੀ ਸਾਬੋ ਪੁੱਜਣ ’ਤੇ ਉਨ੍ਹਾਂ ਦੇ ਕਾਫ਼ਲੇ ਵਿੱਚ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਵੀ ਸ਼ਮੂਲੀਅਤ ਕਰਦਿਆਂ ਕਾਫ਼ਲੇ ’ਚ ਮੌਜੂਦ ਵੱਡੀ ਗਿਣਤੀ ਨੌਜਵਾਨਾਂ ਨੂੰ ਪੰਜਾਬ, ਪੰਜਾਬੀਅਤ ਅਤੇ ਪੰਥ ਦੇ ਭਲੇ ਦੀ ਗੱਲ ਕਰਨ ਵਾਲੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਤਖ਼ਤ ਸਾਹਿਬ ਮੱਥਾ ਟੇਕਣ ਉਪਰੰਤ ਲੱਖਾ ਸਿਧਾਣਾ ਮਾਤਾ ਬਲਵਿੰਦਰ ਕੌਰ ਅਤੇ ਸਮਰਥਕਾਂ ਸਮੇਤ ਨਾਮਜ਼ਦਗੀ ਕਾਗਜ਼ ਭਰਨ ਲਈ ਬਠਿੰਡਾ ਵੱਲ ਰਵਾਨਾ ਹੋ ਗਿਆ। ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਅਕਾਲੀ ਦਲ (ਅ) ਜ਼ਿਲ੍ਹਾ ਬਠਿੰਡਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਉਪ ਪ੍ਰਧਾਨ ਮਨਜੀਤ ਸਿੰਘ ਸੀਰਾ, ਤਲਵੰਡੀ ਸਾਬੋ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਭਾਗੀਵਾਂਦਰ, ਸਰਕਲ ਜਥੇਦਾਰ ਗੁਰਜੀਤ ਸਿੰਘ, ਭਾਨਾ ਸਿੱਧੂ, ਭਾਈ ਗੁਰਚਰਨ ਸਿੰਘ ਕੋਟਲੀ ਆਦਿ ਆਗੂ ਤੇ ਵਰਕਰ ਸ਼ਾਮਲ ਸਨ।
ਫ਼ਰੀਦਕੋਟ: ਅਮਰਜੀਤ ਸਾਹੋਕੇ ਸਮੇਤ ਸੱਤ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ
ਫ਼ਰੀਦਕੋਟ (ਜਸਵੰਤ ਜੱਸ): ਹਲਕਾ ਫ਼ਰੀਦਕੋਟ ਰਾਖਵਾਂ ਤੋਂ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਥਾਨਕ ਆਗੂ ਕੁਸ਼ਲਦੀਪ ਸਿੰਘ ਢਿੱਲੋਂ, ਕਾਕਾ ਲੋਹਗੜ੍ਹ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਹਾਜਰ ਸਨ ਜਦੋਂਕਿ ਪ੍ਰਤਾਪ ਸਿੰਘ ਬਾਜਵਾ ਸਮੇਂ ਸਿਰ ਨਹੀਂ ਪਹੁੰਚ ਸਕੇ। ਅੱਜ ਤੱਕ ਫ਼ਰੀਦਕੋਟ ਵਿੱਚ ਕੁੱਲ 21 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਵਿੱਚ ਅਵਤਾਰ ਸਿੰਘ ਸਹੋਤਾ, ਮੇਜਰ ਸਿੰਘ, ਸੰਦੀਪ ਕੌਰ, ਬਲਦੇਵ ਸਿੰਘ, ਮਨਜੀਤ ਕੌਰ ਅਤੇ ਭੁਪਿੰਦਰ ਸਿੰਘ ਸਾਹੋਕੇ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇੱਥੇ ਕੋਟਕਪੂਰਾ ਰੋਡ ’ਤੇ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ, ਭਾਜਪਾ ਨਾਲ ਰਲੀ ਹੋਈ ਹੈ, ਇਸ ਲਈ ਜੇਕਰ ਪੰਜਾਬ ਦੇ ਲੋਕ ਦੇਸ਼ ਵਿੱਚ ਚੰਗੀ ਸਰਕਾਰ ਚਾਹੁੰਦੇ ਹਨ ਤਾਂ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਵੋਟ ਪਾਉਣ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਕਾਂਗੜ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਹੀ ਦੇਸ਼ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਸਕਦੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਕੇਂਦਰ ਵਿੱਚ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਭਾਰਤ-ਪਾਕਿਸਤਾਨ ਦਾ ਬਾਰਡਰ ਖੋਲਿਆ ਜਾਵੇਗਾ ਤਾਂ ਜੋ ਪੰਜਾਬ ਵਿੱਚ ਖੁਸ਼ਹਾਲੀ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਵਿੱਚ ਭਾਜਪਾ ਆਉਂਦੀ ਹੈ ਤਾਂ ਪੰਜਾਬ ਨੂੰ ਆਰਥਿਕ ਸੰਕਟ ਵੱਲ ਧੱਕ ਦੇਵੇਗੀ। ਚੋਣ ਅਫ਼ਸਰ ਨੂੰ ਦਿੱਤੇ ਹਲਫੀਆ ਬਿਆਨ ਮੁਤਾਬਕ ਅਮਰਜੀਤ ਕੌਰ ਸਾਹੋਕੇ ਕੋਲ ਸਿਰਫ਼ 4,21,000 ਦੀ ਜਾਇਦਾਦ ਹੈ ਜਦੋਂਕਿ ਉਨ੍ਹਾਂ ਦੇ ਪਤੀ ਭੁਪਿੰਦਰ ਸਿੰਘ ਕੋਲ 45 ਲੱਖ ਰੁਪਏ ਦੀ ਜਾਇਦਾਦ ਹੈ।