For the best experience, open
https://m.punjabitribuneonline.com
on your mobile browser.
Advertisement

ਨਿੱਝਰ ਮਾਮਲਾ: ਖਾਲਿਸਤਾਨੀਆਂ ਦੇ ਓਸੀਆਈ ਕਾਰਡ ਰੱਦ ਕਰਨ ’ਤੇ ਵਿਚਾਰ

08:10 AM Sep 25, 2023 IST
ਨਿੱਝਰ ਮਾਮਲਾ  ਖਾਲਿਸਤਾਨੀਆਂ ਦੇ ਓਸੀਆਈ ਕਾਰਡ ਰੱਦ ਕਰਨ ’ਤੇ ਵਿਚਾਰ
Advertisement

ਕੇਂਦਰ ਸਰਕਾਰ ਨੇ ਵਿਦੇਸ਼ਾਂ ’ਚ ਬੈਠੇ 19 ਜਣਿਆਂ ਦੀ ਸੂਚੀ ਕੀਤੀ ਤਿਆਰ

ਨਵੀਂ ਦਿੱਲੀ, 24 ਸਤੰਬਰ
ਭਾਰਤ ਵੱਲੋਂ ਅਤਿਵਾਦੀ ਐਲਾਨੇ ਗਏ ਗੁਰਪਤਵੰਤ ਸਿੰਘ ਪੰਨੂ ਦੀ ਜਾਇਦਾਦ ਐੱਨਆਈਏ ਵੱਲੋਂ ਜ਼ਬਤ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਰਕਾਰ ਨੇ ਹੁਣ ਏਜੰਸੀਆਂ ਨੂੰ ਅਜਿਹੇ ਹੋਰਾਂ ਦਹਿਸ਼ਤਗਰਦਾਂ ਦੀ ਸੰਪਤੀ ਦੀ ਸ਼ਨਾਖ਼ਤ ਕਰਨ ਲਈ ਕਿਹਾ ਹੈ ਜੋ ਭਾਰਤ ਨੂੰ ਲੋੜੀਂਦੇ ਹਨ ਤੇ ਬਾਹਰਲੇ ਮੁਲਕਾਂ ਵਿਚ ਬੈਠੇ ਹਨ। ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਸਰਕਾਰ ਨੇ ਏਜੰਸੀਆਂ ਨੂੰ ਬਾਹਰ ਬੈਠੇ ਅਜਿਹੇ ਅਨਸਰਾਂ ਦੀ ਜਾਇਦਾਦ ਦੀ ਸੂਚੀ ਬਣਾਉਣ ਲਈ ਕਹਿ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਏਜੰਸੀਆਂ ਨੂੰ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟਰੇਲੀਆ ਵਿਚ ਰਹਿ ਰਹੇ ਖਾਲਿਸਤਾਨੀ ਦਹਿਸ਼ਤਗਰਦਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦੇ ‘ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ’ (ਓਸੀਆਈ) ਕਾਰਡ ਰੱਦ ਕਰਨ ਬਾਰੇ ਕਿਹਾ ਹੈ ਤਾਂ ਕਿ ਉਹ ਭਾਰਤ ਨਾ ਆ ਸਕਣ। ਸੂਤਰਾਂ ਮੁਤਾਬਕ ਇਸ ਕਦਮ ਨਾਲ ਸਰਕਾਰ ਇਨ੍ਹਾਂ ਨੂੰ ਭਾਰਤ ਤੋਂ ਮਿਲਦੀ ਵਿੱਤੀ ਮਦਦ ਬੰਦ ਕਰਨਾ ਚਾਹੁੰਦੀ ਹੈ ਤੇ ਨਾਲ ਹੀ ਇਨ੍ਹਾਂ ਦਾ ਭਾਰਤ ਵਿਚ ਦਾਖਲਾ ਰੋਕਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਅਮਰੀਕਾ, ਬਰਤਾਨੀਆ, ਕੈਨੇਡਾ, ਯੂਏਈ, ਪਾਕਿਸਤਾਨ ਤੇ ਹੋਰ ਮੁਲਕਾਂ ਵਿਚ ਫਰਾਰ ਹੋਏ 19 ਜਣਿਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਵਿਚ ਬਰਤਾਨੀਆ ਬੈਠਾ ਪਰਮਜੀਤ ਸਿੰਘ ਪੰਮਾ, ਪਾਕਿਸਤਾਨ ’ਚ ਬੈਠਾ ਵਧਾਵਾ ਸਿੰਘ ਬੱਬਰ ਉਰਫ਼ ਚਾਚਾ, ਕੁਲਵੰਤ ਸਿੰਘ ਮੁਠੱਡਾ (ਬਰਤਾਨੀਆ), ਜੇਐੱਸ ਧਾਲੀਵਾਲ (ਅਮਰੀਕਾ), ਸੁਖਪਾਲ ਸਿੰਘ (ਬਰਤਾਨੀਆ), ਹਰੀਤ ਸਿੰਘ ਉਰਫ਼ ਰਾਣਾ ਸਿੰਘ (ਅਮਰੀਕਾ), ਸਰਬਜੀਤ ਸਿੰਘ ਬੇਨੂਰ (ਬਰਤਾਨੀਆ), ਕੁਲਵੰਤ ਸਿੰਘ (ਬਰਤਾਨੀਆ), ਹਰਜਾਪ ਸਿੰਘ (ਅਮਰੀਕਾ), ਰਣਜੀਤ ਸਿੰਘ ਨੀਟਾ (ਪਾਕਿਸਤਾਨ), ਗੁਰਮੀਤ ਸਿੰਘ ਉਰਫ਼ ਬੱਗਾ, ਗੁਰਪ੍ਰੀਤ ਸਿੰਘ ਉਰਫ਼ ਬਾਗੀ (ਬਰਤਾਨੀਆ), ਜਸਮੀਨ ਸਿੰਘ ਹਕੀਮਜ਼ਾਦਾ (ਯੂਏਈ), ਗੁਰਜੰਟ ਸਿੰਘ ਢਿੱਲੋਂ (ਆਸਟਰੇਲੀਆ), ਜਸਬੀਰ ਸਿੰਘ ਰੋਡੇ (ਯੂਰਪ ਤੇ ਕੈਨੇਡਾ), ਅਮਰਦੀਪ ਸਿੰਘ ਪੁਰੇਵਾਲ (ਅਮਰੀਕਾ), ਜਤਿੰਦਰ ਸਿੰਘ ਗਰੇਵਾਲ (ਕੈਨੇਡਾ) ਦਪਿੰਦਰ ਜੀਤ (ਬਰਤਾਨੀਆ) ਤੇ ਐੱਸ ਹਿੰਮਤ ਸਿੰਘ (ਅਮਰੀਕਾ) ਸ਼ਾਮਲ ਹਨ।
ਸੂਤਰਾਂ ਮੁਤਾਬਕ ਇਨ੍ਹਾਂ ਦੀ ਸੰਪਤੀ ਯੂਏਪੀਏ ਦੀ ਧਾਰਾ 33(5) ਤਹਿਤ ਜ਼ਬਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ 11 ਜਣਿਆਂ ਦੀ ਸ਼ਨਾਖ਼ਤ ਕੀਤੀ ਸੀ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਸੀ ਕਿ ਇਹ ਗੈਂਗਸਟਰ ਤੇ ਅਤਿਵਾਦੀ ਹਨ, ਤੇ ਇਸ ਵੇਲੇ ਕੈਨੇਡਾ, ਅਮਰੀਕਾ ਤੇ ਪਾਕਿਸਤਾਨ ਵਿਚ ਬੈਠੇ ਹਨ। ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਇਨ੍ਹਾਂ ਵਿਚੋਂ 8 ਜਣੇ ਕੈਨੇਡਾ ਤੋਂ ਸਰਗਰਮੀਆਂ ਕਰ ਰਹੇ ਹਨ।
ਇਸ ਸੂਚੀ ਵਿਚ ਹਰਵਿੰਦਰ ਸੰਧੂ ਉਰਫ਼ ਰਿੰਦਾ (ਪਾਕਿਸਤਾਨ), ਲਖਬੀਰ ਸਿੰਘ ਉਰਫ਼ ਲੰਡਾ, ਸੁਖਦੂਲ ਸਿੰਘ ਉਰਫ਼ ਸੁੱਖਾ ਦੁਨੇਕੇ (ਜੋ ਕਿ ਤਿੰਨ ਦਿਨ ਪਹਿਲਾਂ ਮਾਰਿਆ ਗਿਆ ਸੀ), ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ਼ ਰਮਨ ਜੱਜ, ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ, ਸਨਾਵਰ ਢਿੱਲੋਂ ਤੇ ਗੁਰਪਿੰਦਰ ਸਿੰਘ ਉਰਫ਼ ਬਾਬਾ ਡੱਲਾ ਸ਼ਾਮਲ ਹਨ। ਸੂਚੀ ਵਿਚ ਗੈਂਗਸਟਰ-ਦਹਿਸ਼ਤਗਰਦ ਗੌਰਵ ਪਟਿਆਲ ਲੱਕੀ ਤੇ ਅਨਮੋਲ ਬਿਸ਼ਨੋਈ ਦਾ ਨਾਂ ਵੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਅਮਰੀਕਾ ਵਿਚ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਕਾਰਵਾਈ ਨਾਲ ਭਾਰਤ ਵਿਚ ਇਨ੍ਹਾਂ ਦੀਆਂ ਸਰਗਰਮੀਆਂ ਰੋਕਣਾ ਚਾਹੁੰਦੀ ਹੈ ਤਾਂ ਕਿ ਇਹ ਇੱਥੇ ਹੋਰਾਂ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਆਪਣੇ ਨਾਲ ਨਾ ਜੋੜ ਸਕਣ, ਤੇ ਨੌਜਵਾਨ ਕੱਟੜਵਾਦ ਦੇ ਰਾਹ ਪੈਣ ਤੋਂ ਬਚ ਸਕਣ। ਸੂਤਰਾਂ ਦਾ ਕਹਿਣਾ ਹੈ ਕਿ ਪੰਨੂ ਕੇਸ ਵਿਚ ਐੱਨਆਈਏ ਦੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ‘ਸਿੱਖਸ ਫਾਰ ਜਸਟਿਸ’ ਸੰਗਠਨ ਸਾਈਬਰਸਪੇਸ ਦੀ ਵਰਤੋਂ ਕਰ ਕੇ ਨੌਜਵਾਨਾਂ ਨੂੰ ਕੱਟੜਵਾਦ ਵੱਲ ਤੋਰਨ ਤੇ ਅਪਰਾਧ ਕਰਨ ਲਈ ਭੜਕਾ ਰਿਹਾ ਹੈ। ਦੱਸਣਯੋਗ ਹੈ ਕਿ ‘ਸਿੱਖਸ ਫਾਰ ਜਸਟਿਸ’ ਉਤੇ ਭਾਰਤ ਵਿਚ ਪਾਬੰਦੀ ਹੈ। -ਆਈਏਐੱਨਐੱਸ

Advertisement

ਕੈਨੇਡਾ ਨੇ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ: ਭਾਰਤੀ ਵਿਦੇਸ਼ ਮੰਤਰਾਲਾ

ਕੈਨੇਡਾ ਵੱਲੋਂ ਇਸ ਮਾਮਲੇ ਵਿਚ ਕੋਈ ਸੂਚਨਾ ਭਾਰਤ ਨਾਲ ਸਾਂਝੀ ਕੀਤੇ ਜਾਣ ਬਾਰੇ ਪੁੱਛਣ ’ਤੇ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ, ‘ਕੈਨੇਡਾ ਨੇ ਇਸ ਮਾਮਲੇ ’ਤੇ ਉਦੋਂ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ। ਤੁਸੀਂ ਜਾਣਦੇ ਹੋ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਹੈ ਤੇ ਸਪੱਸ਼ਟ ਕੀਤਾ ਹੈ ਕਿ ਅਸੀਂ ਕਿਸੇ ਵੀ ਵਿਸ਼ੇਸ਼ ਸੂਚਨਾ ਉਤੇ ਵਿਚਾਰ ਕਰਨ ਲਈ ਤਿਆਰ ਹਾਂ।’ ਗੌਰਤਲਬ ਹੈ ਕਿ ਟਰੂਡੋ ਦੇ ਦੋਸ਼ਾਂ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਟਕਰਾਅ ਸਿਖ਼ਰਾਂ ’ਤੇ ਹੈ। ਇਸ ਘਟਨਾਕ੍ਰਮ ਤੋਂ ਬਾਅਦ ਭਾਰਤ ਤੇ ਕੈਨੇਡਾ ਇਕ-ਦੂਜੇ ਦੇ ਡਿਪਲੋਮੈਟ ਨੂੰ ਮੁਲਕ ਛੱਡਣ ਲਈ ਵੀ ਕਹਿ ਚੁੱਕੇ ਹਨ। ਭਾਰਤ ਨੇ ਕੈਨੇਡਾ ਵਿਚਲੀਆਂ ਆਪਣੀਆਂ ਵੀਜ਼ਾ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ ਤੇ ਕੈਨੇਡਾ ਨੂੰ ਨਵੀਂ ਦਿੱਲੀ ਵਿਚਲਾ ਆਪਣਾ ਮਿਸ਼ਨ ਸਟਾਫ਼ ਵੀ ਘਟਾਉਣ ਲਈ ਕਿਹਾ ਹੈ। -ਪੀਟੀਆਈ

ਅਮਰੀਕਾ ਵਿਚਲੇ ਸਿੱਖਾਂ ਨੂੰ ਵੀ ਐਫਬੀਆਈ ਨੇ ਕੀਤਾ ਸੀ ਚੌਕਸ

ਵਾਸ਼ਿੰਗਟਨ: ‘ਦਿ ਇੰਟਰਸੈਪਟ’ ਵਿਚ ਛਪੀ ਇਕ ਰਿਪੋਰਟ ਮੁਤਾਬਕ ਹਰਦੀਪ ਨਿੱਝਰ ਦੀ ਕੈਨੇਡਾ ਵਿਚ ਹੋਈ ਹੱਤਿਆ ਤੋਂ ਬਾਅਦ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਨੇ ਅਮਰੀਕਾ ਵਿਚਲੇ ਕਈ ਸਿੱਖ ਆਗੂਆਂ ਨੂੰ ਮਿਲ ਕੇ ਉਨ੍ਹਾਂ ਨੂੰ ਚੌਕਸ ਕੀਤਾ ਸੀ। ਏਜੰਸੀ ਨੇ ਉਨ੍ਹਾਂ ਨੂੰ ‘ਜਾਨ ਦੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਸੀ’। ‘ਅਮੈਰੀਕਨ ਸਿੱਖ ਕਾਕਸ ਕਮੇਟੀ’ ਦੇ ਕੋਆਰਡੀਨੇਟਰ ਤੇ ਸਿਆਸੀ ਕਾਰਕੁਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਤੇ ਦੋ ਹੋਰ ਸਿੱਖ ਅਮਰੀਕੀਆਂ ਨੂੰ ਕੈਲੀਫੋਰਨੀਆ ਤੋਂ ਫੋਨ ਆਏ ਸਨ ਤੇ ਨਿੱਝਰ ਦੀ ਮੌਤ ਤੋਂ ਬਾਅਦ ਐਫਬੀਆਈ ਉਨ੍ਹਾਂ ਨੂੰ ਮਿਲਣ ਵੀ ਆਈ ਸੀ। ਕੈਲੀਫੋਰਨੀਆ ਦੇ ਹੀ ਇਕ ਗਰੁੱਪ ‘ਇਨਸਾਫ਼’ ਦੇ ਕੋ-ਡਾਇਰੈਕਟਰ ਸੁਖਮਨ ਧਾਮੀ ਨੇ ਦੱਸਿਆ ਕਿ ਪੂਰੇ ਅਮਰੀਕਾ ’ਚ ਸਿੱਖਾਂ ਨੂੰ ਪੁਲੀਸ ਨੇ ਸੰਭਾਵੀ ਖ਼ਤਰਿਆਂ ਬਾਰੇ ਚਿਤਾਵਨੀ ਦਿੱਤੀ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਲੇ ਕੂਟਨੀਤਕ ਤਣਾਅ ਹੈ। -ਆਈਏਐੱਨਐੱਸ

ਕੈਨੇਡਾ ਨੂੰ ਅਮਰੀਕਾ ਤੋਂ ਮਿਲੀ ਸੀ ਖੁਫ਼ੀਆ ਜਾਣਕਾਰੀ

ਵਾਸ਼ਿੰਗਟਨ, 24 ਸਤੰਬਰ
ਅਮਰੀਕੀ ਅਖ਼ਬਾਰ ‘ਦਿ ਨਿਊਯਾਰਕ ਟਾਈਮਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਜੂਨ ਵਿੱਚ ਸਰੀ (ਕੈਨੇਡਾ) ਦੇ ਇਕ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਦੇ ਮਾਮਲੇ ਵਿੱਚ ਅਮਰੀਕਾ ਨੇ ਕੈਨੇਡਾ ਨੂੰ ਖੁਫ਼ੀਆ ਜਾਣਕਾਰੀ ਮੁਹੱਈਆ ਕਰਵਾਈ ਸੀ। ਹਾਲਾਂਕਿ ਕੈਨੇਡਾ ਨੇ ਜਿਹੜੀ ਜਾਣਕਾਰੀ (ਗੱਲਬਾਤ) ਇਕੱਠੀ ਕੀਤੀ ਹੈ, ਉਹ ਵਧੇਰੇ ਠੋਸ ਹੈ ਤੇ ਉਸੇ ਦੇ ਅਧਾਰ ’ਤੇ ਕੈਨੇਡਾ ਨੇ ਭਾਰਤ ’ਤੇ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਲਾਏ ਹਨ। ਭਾਰਤ ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਨੂੰ ‘ਬੇਬੁਨਿਆਦ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਚੁੱਕਾ ਹੈ। ਇਹ ਖ਼ਬਰ ਸ਼ਨਿਚਰਵਾਰ ਨੂੰ ਉਦੋਂ ਪ੍ਰਕਾਸ਼ਿਤ ਹੋਈ ਜਦ ਕੈਨੇਡਾ ਵਿਚ ਅਮਰੀਕਾ ਦੇ ਇਕ ਚੋਟੀ ਦੇ ਡਿਪਲੋਮੈਟ ਨੇ ਪੁਸ਼ਟੀ ਕੀਤੀ ਕਿ, ‘ਫਾਈਵ ਆਈਜ਼ ਦੇ ਭਾਈਵਾਲਾਂ ਵਿਚਾਲੇ ਖੁਫ਼ੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ’, ਜਿਸ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਸਦ ਵਿਚ ਇਕ ਖਾਲਿਸਤਾਨੀ ਵੱਖਵਾਦੀ ਦੀ ਕੈਨੇਡਾ ਦੀ ਧਰਤੀ ਉਤੇ ਹੋਈ ਹੱਤਿਆ ਵਿਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦਾ ਦੋਸ਼ ਲਾਉਣ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੇ 2020 ਵਿੱਚ ਨਿੱਝਰ ਨੂੰ ਦਹਿਸ਼ਤਗਰਦ ਐਲਾਨਿਆ ਸੀ।
ਅਮਰੀਕਾ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦਾ ਜਾਂਚ ਵਿਚ ਸਹਿਯੋਗ ਕਰੇ। ‘ਨਿਊਯਾਰਕ ਟਾਈਮਜ਼’ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ, ‘ਹੱਤਿਆ ਤੋਂ ਬਾਅਦ ਅਮਰੀਕੀ ਖ਼ੁਫੀਆ ਏਜੰਸੀਆਂ ਨੇ ਕੈਨੇਡੀਅਨ ਏਜੰਸੀਆਂ ਦੇ ਅਧਿਕਾਰੀਆਂ ਨੂੰ ਅਜਿਹੀ ਜਾਣਕਾਰੀ ਉਪਲੱਬਧ ਕਰਵਾਈ ਜਿਸ ਨਾਲ ਕੈਨੇਡਾ ਨੂੰ ਇਹ ਸਿੱਟਾ ਕੱਢਣ ਵਿਚ ਮਦਦ ਮਿਲੀ ਕਿ ਇਸ ਵਿਚ ਭਾਰਤ ਦਾ ਹੱਥ ਸੀ।’ ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਕੈਨੇਡਾ ਦੇ ਅਧਿਕਾਰੀਆਂ ਨੇ ਭਾਰਤੀ ਡਿਪਲੋਮੈਟਾਂ ਦੀ ਗੱਲਬਾਤ ਉਤੇ ਨਜ਼ਰ ਰੱਖੀ ਸੀ ਤੇ ਇਹੀ ਉਹ ‘ਸਬੂਤ’ ਹੈ ਜਿਸ ਨਾਲ ਭਾਰਤ ਦੀ ਇਸ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਸੰਕੇਤ ਮਿਲਦਾ ਹੈ। ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਨੇ ਸੀਟੀਵੀ ਨਿਊਜ਼ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ, ‘ਫਾਈਵ ਆਈਜ਼ ਭਾਈਵਾਲਾਂ ਵਿਚਾਲੇ ਖੁਫ਼ੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ’, ਜਿਸ ਦੇ ਅਧਾਰ ਉਤੇ ਟਰੂਡੋ ਨੇ ਭਾਰਤ ਸਰਕਾਰ ’ਤੇ ਇਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚਾਲੇ ‘ਸੰਭਾਵੀ’ ਲਿੰਕ ਦੇ ਦੋਸ਼ਾਂ ਬਾਰੇ ਜਨਤਕ ਤੌਰ ’ਤੇ ਬਿਆਨ ਦਿੱਤਾ। ਕੋਹੇਨ ਨੇ ਕਿਹਾ, ‘ਮੈਂ ਕਹਾਂਗਾ ਕਿ ਇਹ ਸਾਂਝੀ ਕੀਤੀ ਗਈ ਖੁਫ਼ੀਆ ਸੂਚਨਾ ਦਾ ਮਾਮਲਾ ਹੈ। ਇਸ ਬਾਰੇ ਕੈਨੇਡਾ ਤੇ ਅਮਰੀਕਾ ਵਿਚਾਲੇ ਕਾਫ਼ੀ ਸੰਵਾਦ ਹੋਇਆ ਹੈ।’ ਅਖ਼ਬਾਰ ਵਿਚ ਕਿਹਾ ਗਿਆ ਹੈ ਕਿ ਨਿੱਝਰ ਦੀ ਹੱਤਿਆ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਦੇ ਆਪਣੇ ਹਮਰੁਤਬਾ ਅਧਿਕਾਰੀਆਂ ਨੂੰ ਦੱਸਿਆ ਕਿ ਵਾਸ਼ਿੰਗਟਨ ਕੋਲ ਇਸ ਸਾਜ਼ਿਸ਼ ਬਾਰੇ ਪਹਿਲਾਂ ਤੋਂ ਕੋਈ ਸੂਚਨਾ ਨਹੀਂ ਸੀ ਤੇ ਜੇਕਰ ਉਨ੍ਹਾਂ ਦੇ ਕੋਲ ਅਜਿਹੀ ਕੋਈ ਜਾਣਕਾਰੀ ਹੁੰਦੀ ਤਾਂ ਉਹ ਫੌਰੀ ਕੈਨੇਡਾ ਨਾਲ ਸਾਂਝੀ ਕਰਦੇ।
ਖ਼ਬਰ ਮੁਤਾਬਕ, ਨਾਂ ਉਜਾਗਰ ਨਾ ਕਰਨ ਦੀ ਸ਼ਰਤ ਉਤੇ ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ ਨਿੱਝਰ ਨੂੰ ਆਮ ਚਿਤਾਵਨੀ ਦਿੱਤੀ ਸੀ, ਪਰ ਉਸ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਹ ਭਾਰਤ ਸਰਕਾਰ ਦੀ ਕਿਸੇ ਸਾਜ਼ਿਸ਼ ਦੇ ਨਿਸ਼ਾਨੇ ਉਤੇ ਹੈ। -ਪੀਟੀਆਈ

ਭਾਰਤ-ਕੈਨੇਡਾ ਵਿਵਾਦਵਿੱਚ ਹੁਣ ਅਮਰੀਕਾ ਦੇ ਵੀ ਉਲਝਣ ਦਾ ਖ਼ਤਰਾ

ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਨੇ ਸੀਟੀਵੀ ਨੂੰ ਇਕ ਇੰਟਰਵਿਊ ਕਿਹਾ ਕਿ ਅਮਰੀਕਾ ਇਨ੍ਹਾਂ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਤੇ ਤੁਸੀਂ ਜਾਣਦੇ ਹੋ ਕਿ ਜੇਕਰ ਇਹ ਸਹੀ ਸਾਬਿਤ ਹੁੰਦੇ ਹਨ ਤਾਂ ਨਿਯਮਾਂ ਅਧਾਰਿਤ ਕੌਮਾਂਤਰੀ ਢਾਂਚੇ ਦਾ ਸੰਭਾਵੀ ਰੂਪ ਵਿਚ ਬਹੁਤ ਗੰਭੀਰ ਉਲੰਘਣ ਹੋਵੇਗਾ।’ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦਾ ਜਾਂਚ ਵਿਚ ਸਹਿਯੋਗ ਕਰੇ, ਪਰ ਅਮਰੀਕੀ ਅਧਿਕਾਰੀ ਮੋਟੇ ਤੌਰ ’ਤੇ ਭਾਰਤ ਨਾਲ ਕਿਸੇ ਕੂਟਨੀਤਕ ਤਣਾਅ ਵਿਚ ਪੈਣ ਤੋਂ ਬਚ ਰਹੇ ਹਨ। ‘ਦਿ ਨਿਊਯਾਰਕ ਟਾਈਮਜ਼’ ਨੇ ਕਿਹਾ ਹੈ ਕਿ ਅਮਰੀਕੀ ਖੁਫ਼ੀਆ ਤੰਤਰ ਦੇ ਇਸ ਮਾਮਲੇ ਵਿਚ ਸ਼ਾਮਲ ਹੋਣ ਦੇ ਖੁਲਾਸੇ ਨਾਲ ਹੁਣ ਕੈਨੇਡਾ ਤੇ ਭਾਰਤ ਵਿਚਾਲੇ ਉਪਜੇ ਕੂਟਨੀਤਕ ਵਿਵਾਦ ’ਚ ਵਾਸ਼ਿੰਗਟਨ ਦੇ ਉਲਝਣ ਦਾ ਵੀ ਖ਼ਤਰਾ ਪੈਦਾ ਹੋ ਗਿਆ ਹੈ।

Advertisement
Author Image

Advertisement
Advertisement
×