NIGERIA-STAMPEDE: ਨਾਈਜੀਰੀਆ ’ਚ ਕ੍ਰਿਸਮਸ ਸਮਾਗਮ ’ਚ ਭਗਦੜ; 32 ਹਲਾਕ
ਅਬੂਜਾ, 22 ਦਸੰਬਰ
ਨਾਈਜੀਰੀਆ ’ਚ ਕ੍ਰਿਸਮਸ ਮੌਕੇ ਦੋ ਸਮਾਗਮਾਂ ਦੌਰਾਨ ਭਗਦੜ ਮਚ ਗਈ ਜਿਸ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਖੁਰਾਕ ਸਮੱਗਰੀ ਲੈਣ ਲਈ ਅਚਾਨਕ ਭਾਰੀ ਭੀੜ ਇਕੱਠੀ ਹੋ ਗਈ ਅਤੇ ਇਸ ਦੌਰਾਨ ਕਈ ਲੋਕ ਇਕ ਦੂਜੇ ਉਤੇ ਡਿੱਗ ਗਏ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਪਹਿਲੀ ਘਟਨਾ ਦੱਖਣੀ-ਪੂਰਬੀ ਅਲੰਬਰਾ ਸੂਬੇ ਦੇ ਓਕਿਜਾ ਸ਼ਹਿਰ ਅਤੇ ਦੂਜੀ ਘਟਨਾ ਰਾਜਧਾਨੀ ਅਬੂਜਾ ਦੇ ਗਿਰਜਾਘਰ ’ਚ ਵਾਪਰੀ। ਸਥਾਨਕ ਪੁਲੀਸ ਦੇ ਬੁਲਾਰੇ ਤੋਚੁਕਵੂ ਇਕੇਂਗਾ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਦੱਖਣ-ਪੂਰਬੀ ਅਨਾਮਬਰਾ ਰਾਜ ਦੇ ਓਕਿਜਾ ਕਸਬੇ ਵਿੱਚ 22 ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜਧਾਨੀ ਅਬੂਜਾ ਵਿੱਚ ਚਰਚ ਵਿਚ ਚੈਰਿਟੀ ਸਮਾਗਮ ਦੌਰਾਨ 10 ਹੋਰਾਂ ਦੀ ਮੌਤ ਹੋ ਗਈ।
ਪੁਲੀਸ ਨੇ ਕਿਹਾ ਕਿ ਉਹ ਦੋ ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਅਫ਼ਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਵਿਚ ਕ੍ਰਿਸਮਿਸ ਤੋਂ ਪਹਿਲਾਂ ਕਈ ਚੈਰਿਟੀ ਸਮਾਗਮ ਹੋ ਰਹੇ ਹਨ। ਅਬੂਜਾ ਵਿਚ ਚਸ਼ਮਦੀਦਾਂ ਨੇ ਏਜੰਸੀ ਨੂੰ ਦੱਸਿਆ ਕਿ ਚਰਚ ਦੇ ਇੱਕ ਗੇਟ ’ਤੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਸਾਮਾਨ ਲੈਣ ਲਈ ਇਮਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਭਗਦੜ ਮਚੀ। ਇਨ੍ਹਾਂ ਵਿੱਚ ਕੁਝ ਬਜ਼ੁਰਗ ਵੀ ਸ਼ਾਮਲ ਹਨ ਜੋ ਭੋਜਨ ਲੈਣ ਲਈ ਰਾਤ ਭਰ ਉਡੀਕ ਕਰਦੇ ਰਹੇ ਸਨ। ਏਪੀ