ਨਿਕਾਰਾਗੁਆ ਉਡਾਣ ਮਾਮਲਾ: ਫੜੇ ਜਾਣ ’ਤੇ ਅਮਰੀਕੀ ਸਰਹੱਦ ’ਤੇ ਖ਼ੁਦ ਨੂੰ ਖਾਲਿਸਤਾਨੀ ਦੱਸਦੇ ਪੰਜਾਬੀ ਯਾਤਰੀ
ਗਾਂਧੀਨਗਰ: ਭਾਰਤੀ ਨਾਗਰਿਕਾਂ ਨਾਲ ਭਰਿਆ ਨਿਕਾਰਾਗੁਆ ਜਾ ਰਿਹਾ ਜਹਾਜ਼ ਫਰਾਂਸ ’ਚ ਰੋਕੇ ਜਾਣ ਤੋਂ ਕਈ ਹਫਤਿਆਂ ਬਾਅਦ ਗੁਜਰਾਤ ਪੁਲੀਸ (ਸੀਆਈਡੀ) ਨੇ 14 ਏਜੰਟਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਮਨੁੱਖੀ ਤਸਕਰੀ ਦੇ ਦੋਸ਼ ਹੇਠ ਰੋਕੇ ਗਏ ਜਹਾਜ਼ ਨੂੰ ਮਗਰੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਇਸ ਮਾਮਲੇ ਵਿਚ 10 ਜਨਵਰੀ ਨੂੰ ਐਫਆਈਆਰ ਕੀਤੀ ਗਈ ਹੈ। ਇਨ੍ਹਾਂ 14 ਵਿਚੋਂ ਤਿੰਨ ਏਜੰਟ ਦਿੱਲੀ ਦੇ ਹਨ ਤੇ ਬਾਕੀ ਗੁਜਰਾਤ ਦੇ ਹਨ। ਗੁਜਰਾਤ ਸੀਆਈਡੀ ਦੇ ਏਡੀਜੀਪੀ ਰਾਜ ਕੁਮਾਰ ਪਾਂਡਿਅਨ ਨੇ ਕਿਹਾ ਕਿ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਜਾਰੀ ਹੈ। ਪੁਲੀਸ ਨੇ ਦੱਸਿਆ ਕਿ ਗੁਜਰਾਤ ਤੋਂ ਦੁਬਈ ਗਏ 66 ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਦੁਬਈ ਤੋਂ ਇਹ ਯੂਰੋਪੀਅਨ ਯੂਨੀਅਨ ਵਿਚ ਦਾਖਲ ਹੋਏ ਸਨ। ਏਡੀਜੀਪੀ ਨੇ ਦੱਸਿਆ ਕਿ ਏਜੰਟਾਂ ਨੇ ਫੜੇ ਜਾਣ ਦੀ ਸੂਰਤ ਵਿਚ ਯਾਤਰੀਆਂ ਨੂੰ ਸਕ੍ਰਿਪਟ ਦਿੱਤੀ ਹੋਈ ਸੀ, ਜਿਸ ਦੀ ਮਦਦ ਨਾਲ ਯਾਤਰੀਆਂ ਨੇ ਬਾਰਡਰ ਕੰਟਰੋਲ ਅਥਾਰਿਟੀ ਨੂੰ ਸ਼ਰਨ ਦੇਣ ਲਈ ਮਨਾਉਣਾ ਸੀ। ਉਨ੍ਹਾਂ ਦੱਸਿਆ, ‘ਜੇਕਰ ਉਹ ਗੈਰਕਾਨੂੰਨੀ ਪ੍ਰਵਾਸ ਵਿਚ ਨਾ ਫੜੇ ਜਾਂਦੇ ਤਾਂ ਉਨ੍ਹਾਂ ਅਮਰੀਕਾ ਵਿਚਲੇ ਵਿਅਕਤੀਆਂ ਨਾਲ ਸੰਪਰਕ ਕਰਨਾ ਸੀ। ਜੇਕਰ ਫੜੇ ਜਾਂਦੇ ਤਾਂ ਉਨ੍ਹਾਂ ਕੋਲ ਸਕ੍ਰਿਪਟ ਸੀ। ਉਦਾਹਰਨ ਦੇ ਤੌਰ ’ਤੇ ਪੰਜਾਬ ਵਿਚ ਉਨ੍ਹਾਂ ਨੂੰ ਸਕ੍ਰਿਪਟ ਦੇ ਕੇ ਕਿਹਾ ਗਿਆ ਸੀ ਉਹ ਸਰਹੱਦ ਉਤੇ ਖ਼ੁਦ ਨੂੰ ਖਾਲਿਸਤਾਨੀ ਗਰੁੱਪ ਨਾਲ ਸਬੰਧਤ ਦੱਸਣ, ਤਾਂ ਕਿ ਉਨ੍ਹਾਂ ਨੂੰ ਸ਼ਰਨ ਮਿਲ ਸਕੇ। ਗੁਜਰਾਤ ’ਚੋਂ ਗਏ ਵਿਅਕਤੀਆਂ ਨੂੰ ਹੋਰ ਕਹਾਣੀਆਂ ਦੱਸਣ ਲਈ ਕਿਹਾ ਗਿਆ ਸੀ। ਏਜੰਟਾਂ ਦੇ ਕੰਮ ਕਰਨ ਦੇ ਢੰਗ ਬਾਰੇ ਗੱਲ ਕਰਦਿਆਂ ਏਡੀਜੀਪੀ ਨੇ ਕਿਹਾ ਕਿ ਮਨੁੱਖੀ ਤਸਕਰੀ ਦਾ ਇਹ ਕੰਮ ਦਿੱਲੀ ’ਚ ਕੇਂਦਰਤ ਸੀ ਤੇ ਜ਼ਿਆਦਾਤਰ ਏਜੰਟ ਪੰਜਾਬ ਤੋਂ ਹਨ। -ਏਐੱਨਆਈ