ਯੂਪੀ ਤੇ ਬਿਹਾਰ ਵਿੱਚ ਐੱਨਆਈਏ ਦੇ ਛਾਪੇ
ਨਵੀਂ ਦਿੱਲੀ, 6 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਭਾਰਤ-ਵਿਰੋਧੀ ਸਾਜ਼ਿਸ਼ ਮਾਮਲੇ ਵਿੱਚ ਸੀਪੀਆਈ (ਮਾਓਵਾਦੀ) ਖ਼ਿਲਾਫ਼ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੱਖ-ਵੱਖ ਥਾਵਾਂ ’ਤੇ ਅੱਜ ਛਾਪੇ ਮਾਰੇ। ਐੱਨਆਈਏ ਦੀਆਂ ਟੀਮਾਂ ਨੇ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ 11 ਅਤੇ ਬਿਹਾਰ ਦੇ ਕੈਮੂਰ ਜ਼ਿਲ੍ਹੇ ਵਿੱਚ ਇਕ ਸਥਾਨ ’ਤੇ ਮੁਲਜ਼ਮਾਂ ਅਤੇ ਸ਼ੱਕੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਐੱਨਆਈਏ ਦੇ ਇਕ ਤਰਜਮਾਨ ਨੇ ਕਿਹਾ ਕਿ ਛਾਪਿਆਂ ਦੌਰਾਨ ਮੋਬਾਈਲ ਫੋਨ, ਸਿਮ ਕਾਰਡ ਤੇ ਮੈਮਰੀ ਕਾਰਡਾਂ ਸਣੇ ਕਈ ਡਿਜੀਟਲ ਉਪਕਰਨ ਅਤੇ ਪਾਬੰਦੀਸ਼ੁਦਾ ਨਕਸਲੀ ਜਥੇਬੰਦੀਆਂ ਦੇ ਪਰਚਿਆਂ ਵਰਗੇ ਦਸਤਾਵੇਜ਼ ਜ਼ਬਤ ਕੀਤੇ ਗਏ।ਐੱਨਆਈਏ ਨੇ ਪਿਛਲੇ ਸਾਲ 10 ਨਵੰਬਰ ਨੂੰ ਬਲੀਆ ਵਿੱਚ ਸੀਪੀਆਈ (ਮਾਓਵਾਦੀ) ਦੇ ਹਥਿਆਰਾਂ ਤੇ ਗੋਲਾ-ਬਾਰੂਦ, ਇਤਰਾਜ਼ਯੋਗ ਦਸਤਾਵੇਜ਼, ਸਾਹਿਤ ਅਤੇ ਕਿਤਾਬਾਂ ਦੀ ਬਰਾਮਦਗੀ ਤੋਂ ਬਾਅਦ ਪੰਜ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲਈ ਸੀ। ਏਜੰਸੀ ਨੇ 9 ਫਰਵਰੀ 2024 ਨੂੰ ਮਾਮਲੇ ’ਚ ਚਾਰ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ। ਐੱਨਆਈਏ ਦੀ ਹੁਣ ਤੱਕ ਦੀ ਜਾਂਚ ਮੁਤਾਬਕ, ਪਾਬੰਦੀਸ਼ੁਦਾ ਜਥੇਬੰਦੀ ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਣੇ ਉੱਤਰੀ ਖੇਤਰ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਸਰਗਰਮੀ ਨਾਲ ਕੋਸ਼ਿਸ਼ ਕਰ ਰਹੀ ਹੈ। ਤਰਜਮਾਨ ਨੇ ਕਿਹਾ ਕਿ ਸੀਪੀਆਈ (ਮਾਓਵਾਦੀ) ਦੇ ਆਗੂ, ਕਾਰਕੁਨ ਅਤੇ ਇਸ ਨਾਲ ਹਮਦਰਦੀ ਰੱਖਣ ਵਾਲੇ ਸਰਗਰਮ ਵਰਕਰ ਇਸ ਖੇਤਰ ਵਿੱਚ ਜਥੇਬੰਦੀ ਦੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। -ਪੀਟੀਆਈ