ਐੱਨਆਈਏ ਵੱਲੋਂ ਜਾਸੂਸੀ ਦੇ ਮਾਮਲੇ ’ਚ 7 ਸੂਬਿਆਂ ’ਚ ਛਾਪੇ
ਨਵੀਂ ਦਿੱਲੀ, 29 ਅਗਸਤ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਜਾਸੂਸੀ ਰਾਹੀਂ ਜਲ ਸੈਨਾ ਬਾਰੇ ਜਾਣਕਾਰੀ ਹਾਸਲ ਕਰਨ ਦੇ ਮਾਮਲੇ ’ਚ ਸੱਤ ਸੂਬਿਆਂ ’ਚ 16 ਥਾਵਾਂ ’ਤੇ ਛਾਪੇ ਮਾਰੇ। ਐੱਨਆਈਏ ਨੇ ਬਿਆਨ ’ਚ ਕਿਹਾ ਕਿ ਇਹ ਛਾਪੇ ਹਰਿਆਣਾ, ਗੁਜਰਾਤ, ਕਰਨਾਟਕ, ਕੇਰਲ, ਤਿਲੰਗਾਨਾ, ਉੱਤਰ ਪ੍ਰਦੇਸ਼, ਅਤੇ ਬਿਹਾਰ ’ਚ ਮਾਰੇ ਗਏ ਹਨ। ਤਲਾਸ਼ੀ ਦੌਰਾਨ 22 ਮੋਬਾਈਲ ਫੋਨ ਅਤੇ ਹੋਰ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ’ਚ ਜਾਸੂਸੀ ਸਰਗਰਮੀਆਂ ਚਲਾਉਣ ਵਾਲਿਆਂ ਨੂੰ ਪਾਕਿਸਤਾਨ ਤੋਂ ਪੈਸੇ ਮਿਲੇ ਸਨ। ਐੱਨਆਈਏ ਨੇ ਇਹ ਮਾਮਲਾ ਜੁਲਾਈ 2023 ’ਚ ਆਪਣੇ ਹੱਥਾਂ ’ਚ ਲਿਆ ਸੀ, ਜਦਕਿ ਆਂਧਰਾ ਪ੍ਰਦੇਸ਼ ਦੇ ਕਾਊਂਟਰ ਇੰਟੈਲੀਜੈਂਸ ਸੈੱਲ ਵੱਲੋਂ ਜਨਵਰੀ 2021 ’ਚ ਕੇਸ ਦਰਜ ਕੀਤਾ ਗਿਆ ਸੀ। ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਇਹ ਮਾਮਲਾ ਭਾਰਤੀ ਜਲ ਸੈਨਾ ਦੀ ਸੰਵੇਦਨਸ਼ੀਲ ਅਹਿਮ ਜਾਣਕਾਰੀ ਲੀਕ ਕਰਨ ਨਾਲ ਜੁੜਿਆ ਹੋਇਆ ਹੈ, ਜਿਸ ਦੀ ਸਾਜ਼ਿਸ਼ ਸਰਹੱਦ ਪਾਰ ਤੋਂ ਘੜੀ ਗਈ ਸੀ। ਐੱਨਆਈਏ ਨੇ 19 ਜੁਲਾਈ, 2023 ਨੂੰ ਭਗੌੜੇ ਪਾਕਿਸਤਾਨੀ ਨਾਗਰਿਕ ਮੀਰ ਬਾਲਜ ਖ਼ਾਨ ਸਮੇਤ ਦੋ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਗ੍ਰਿਫ਼ਤਾਰ ਕੀਤਾ ਗਿਆ ਆਕਾਸ਼ ਸੋਲੰਕੀ ਵੀ ਜਾਸੂਸੀ ’ਚ ਸ਼ਾਮਲ ਹੈ। ਐੱਨਆਈਏ ਨੇ ਦੋ ਹੋਰ ਮੁਲਜ਼ਮਾਂ ਮਨਮੋਹਨ ਸੁਰੇਂਦਰ ਪਾਂਡਾ ਅਤੇ ਐਲਵੇਨ ਖ਼ਿਲਾਫ਼ 6 ਨਵੰਬਰ, 2023 ’ਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਪਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦਾ ਕਾਰਕੁਨ ਐਲਵੇਨ ਭਗੌੜਾ ਹੈ। ਐੱਨਆਈਏ ਨੇ ਮੌਜੂਦਾ ਵਰ੍ਹੇ ਮਈ ਵਿੱਚ ਇਕ ਹੋਰ ਮੁਲਜ਼ਮ ਅਮਾਨ ਸਲੀਮ ਸ਼ੇਖ਼ ਖ਼ਿਲਾਫ਼ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਸੀ। -ਪੀਟੀਆਈ