ਐੱਨਆਈਏ ਵੱਲੋਂ ਆਈਐੱਸਆਈਐੱਸ ਖ਼ਿਲਾਫ਼ 31 ਥਾਵਾਂ ’ਤੇ ਛਾਪੇ
ਨਵੀਂ ਦਿੱਲੀ, 16 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਬੰਦੀਸ਼ੁਦਾ ਅਤਿਵਾਦੀ ਸਮੂਹ ਆਈਐੱਸਆਈਐੱਸ ਦੀ ਭਰਤੀ ਮੁਹਿੰਮ ਨਾਕਾਮ ਕਰਨ ਲਈ ਅੱਜ ਤਾਮਿਲ ਨਾਡੂ ਤੇ ਤਿਲੰਗਾਨਾ ’ਚ 31 ਥਾਵਾਂ ’ਤੇ ਛਾਪੇ ਮਾਰੇ। ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਵੱਖ ਵੱਖ ਥਾਵਾਂ ’ਤੇ ਤਲਾਸ਼ੀ ਦੌਰਾਨ ਕਈ ਡਿਜੀਟਲ ਉਪਕਰਨ, ਦਸਤਾਵੇਜ਼, ਸਥਾਨਕ ਅਤੇ ਅਰਬੀ ਭਾਸ਼ਾਵਾਂ ’ਚ ਇਤਰਾਜ਼ਯੋਗ ਕਿਤਾਬਾਂ ਅਤੇ 60 ਲੱਖ ਰੁਪਏ ਦੇ ਨਾਲ ਨਾਲ 18,200 ਅਮਰੀਕੀ ਡਾਲਰ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਏਜੰਸੀ ਜ਼ਬਤ ਕੀਤੇ ਗਏ ਮੋਬਾਈਲ ਫੋਨਾਂ, ਲੈਪਟਾਪਾਂ ਅਤੇ ਹਾਰਡ ਡਿਸਕਾਂ ਦੀ ਪੜਤਾਲ ਕਰ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਐਨਆਈਏ ਦੀਆਂ ਕਈ ਟੀਮਾਂ ਨੇ ਤਾਮਿਲ ਨਾਡੂ ਦੇ ਕੋਇੰਬਟੂਰ ’ਚ 22 ਥਾਵਾਂ, ਚੇਨੱਈ ’ਚ ਤਿੰਨ ਅਤੇ ਤੈਂਕਾਸੀ ਜ਼ਿਲ੍ਹੇ ’ਚ ਇੱਕ ’ਤੇ ਅਤੇ ਤਿਲੰਗਾਨਾ ਦੇ ਹੈਦਰਾਬਾਦ ’ਚ ਪੰਜ ਥਾਵਾਂ ’ਤੇ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ ਐੱਨਆਈਏ ਨੇ ਇਹ ਕਾਰਵਾਈ ਚੇਨੱਈ ’ਚ ਆਈਸੀਪੀ ਤੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਦਰਜ ਕੇਸ ਦੇ ਸਬੰਧ ਵਿੱਚ ਕੀਤੀ ਹੈ। ਇਹ ਕੇਸ ਭੋਲੇ-ਭਾਲੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਚਲਾਈਆਂ ਜਾ ਰਹੀਆਂ ਗੁਪਤ ਮੁਹਿੰਮਾਂ ਨਾਲ ਸਬੰਧਤ ਹੈ। -ਪੀਟੀਆਈ