ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ
ਨਵੀਂ ਦਿੱਲੀ, 24 ਨਵੰਬਰ
ਸੰਸਦ ਦਾ ਸਰਦ ਰੁੱਤ ਇਜਲਾਸ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਹੰਗਾਮਾਖੇਜ਼ ਰਹਿਣ ਦੇ ਪੂਰੇ ਆਸਾਰ ਹਨ। ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਅਡਾਨੀ ਗਰੁੱਪ ’ਤੇ ਅਮਰੀਕੀ ਅਦਾਲਤ ’ਚ ਲੱਗੇ ਦੋਸ਼ਾਂ ਅਤੇ ਮਨੀਪੁਰ ਦੇ ਤਣਾਅਪੂਰਨ ਹਾਲਾਤ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ’ਚ ਚਰਚਾ ਕਰਾਉਣ ਲਈ ਕਿਹਾ ਹੈ। ਉਂਜ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕੀਤਾ ਹੈ ਕਿ ਦੋਵੇਂ ਸਦਨਾਂ ਦੀਆਂ ਕੰਮਕਾਰ ਬਾਰੇ ਕਮੇਟੀਆਂ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਦੀ ਸਹਿਮਤੀ ਨਾਲ ਚਰਚਾ ਲਈ ਮਾਮਲਿਆਂ ਬਾਰੇ ਫ਼ੈਸਲਾ ਲੈਣਗੀਆਂ। ਸਰਦ ਰੁੱਤ ਇਜਲਾਸ 20 ਦਸੰਬਰ ਤੱਕ ਜਾਰੀ ਰਹੇਗਾ ਅਤੇ ਸਰਕਾਰ ਵੱਲੋਂ 16 ਬਿੱਲ ਪੇਸ਼ ਕੀਤੇ ਜਾ ਸਕਦੇ ਹਨ। ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਅੱਜ ਸਰਬ ਪਾਰਟੀ ਮੀਟਿੰਗ ਹੋਈ ਜਿਸ ’ਚ ਸੰਸਦੀ ਮਾਮਿਲਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸਾਰੀਆਂ ਪਾਰਟੀਆਂ ਨੂੰ ਦੋਵੇਂ ਸਦਨਾਂ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਭਾਜਪਾ ਦੇ ਸੀਨੀਅਰ ਆਗੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ 30 ਪਾਰਟੀਆਂ ਦੇ 42 ਆਗੂ ਹਾਜ਼ਰ ਸਨ। ਕਾਂਗਰਸ ਨੇ ਮਨੀਪੁਰ ’ਚ ਗੜਬੜੀ ਸਮੇਤ ਅਡਾਨੀ ਮੁੱਦੇ ’ਤੇ ਚਰਚਾ ਤਰਜੀਹ ਦੇ ਆਧਾਰ ’ਤੇ ਕਰਾਉਣ ਦੀ ਮੰਗ ਕੀਤੀ ਹੈ। ਮੀਟਿੰਗ ’ਚ ਕਾਂਗਰਸ ਦੇ ਲੋਕ ਸਭਾ ’ਚ ਉਪ ਆਗੂ ਗੌਰਵ ਗੋਗੋਈ ਨੇ ਅਡਾਨੀ ਦੇ ਮੁੱਦੇ ਨੂੰ ਘੁਟਾਲਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੀ ਮੰਗ ਨੂੰ ਕਿਸੇ ਤਕਨੀਕੀ ਆਧਾਰ ’ਤੇ ਰੱਦ ਜਾਂ ਅਣਗੌਲਿਆ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਭਾਰਤੀ ਸੰਸਥਾਵਾਂ ਅਤੇ ਨਿਵੇਸ਼ਕ ਫਿਕਰਮੰਦ ਹਨ। ਮਨੀਪੁਰ ਹਿੰਸਾ ਦਾ ਮਾਮਲਾ ਚੁਕਦਿਆਂ ਗੋਗੋਈ ਨੇ ਕਿਹਾ ਕਿ ਹੁਕਮਰਾਨ ਧਿਰ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ’ਚ ਸੁੱਟ ਦਿੱਤਾ ਸੀ ਅਤੇ ਜੰਮੂ ਕਸ਼ਮੀਰ ’ਚ ਕਈ ਬਦਲਾਅ ਕੀਤੇ ਹਨ ਪਰ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੀ ਹਿੰਸਾ ’ਚ ਕਥਿਤ ਸ਼ਮੂਲੀਅਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਕ ਹੋਰ ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਵੀ ਕਿਹਾ ਕਿ ਸਰਕਾਰ ਨੂੰ ਸੰਸਦ ਦਾ ਹੋਰ ਕੰਮਮਾਰ ਛੱਡ ਕੇ ਤਰਜੀਹੀ ਆਧਾਰ ’ਤੇ ਮੁੱਦੇ ਉਪਰ ਚਰਚਾ ਕਰਨੀ ਚਾਹੀਦੀ ਹੈ। ਰਾਜ ਸਭਾ ਮੈਂਬਰ ਨੇ ਕਿਹਾ, ‘‘ਅਡਾਨੀ ਮੁੱਦਾ ਦੇਸ਼ ਦੇ ਆਰਥਿਕ ਅਤੇ ਸੁਰੱਖਿਆ ਹਿੱਤਾਂ ਨਾਲ ਜੁੜਿਆ ਗੰਭੀਰ ਮੁੱਦਾ ਹੈ ਕਿਉਂਕਿ ਗਰੁੱਪ ਨੇ ਸੂਰਜੀ ਊਰਜਾ ਪ੍ਰਾਜੈਕਟਾਂ ਦੇ ਠੇਕੇ ਲੈਣ ਲਈ ਸਿਆਸਤਦਾਨਾਂ ਅਤੇ ਅਫ਼ਸਰਾਂ ਨੂੰ 2,300 ਕਰੋੜ ਰੁਪਏ ਤੋਂ ਵਧ ਦੀ ਰਕਮ ਅਦਾ ਕੀਤੀ ਹੈ।’’ ਮੀਟਿੰਗ ’ਚ ਭਾਜਪਾ ਪ੍ਰਧਾਨ ਜੇਪੀ ਨੱਢਾ, ਕਾਂਗਰਸ ਆਗੂ ਜੈਰਾਮ ਰਮੇਸ਼, ਡੀਐੱਮਕੇ ਦੇ ਤਿਰੂਚੀ ਸ਼ਿਵਾ, ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਐੱਲਜੇਪੀ (ਰਾਮ ਵਿਲਾਸ) ਦੇ ਅਰੁਣ ਭਾਰਤੀ ਸਮੇਤ ਹੋਰ ਆਗੂ ਹਾਜ਼ਰ ਸਨ। ਸ਼ਿਵਾ ਨੇ ਕੇਂਦਰ ਨੂੰ ਵਕਫ਼ ਸੋਧ ਬਿੱਲ ਵਾਪਸ ਲੈਣ ਲਈ ਕਿਹਾ ਜਿਸ ਨੂੰ ਸਰਕਾਰ ਵੱਲੋਂ ਇਜਲਾਸ ਦੌਰਾਨ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਭਾਰਤੀ ਨੇ ਬਿਹਾਰ ’ਚ ਹੜ੍ਹਾਂ ਦਾ ਮੁੱਦਾ ਚੁੱਕਿਆ ਅਤੇ ਸੂਬੇ ਲਈ ਰਾਹਤ ਪੈਕੇਜ ਦੀ ਮੰਗ ਕੀਤੀ। -ਪੀਟੀਆਈ
ਆਂਧਰਾ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਜਾਣ: ਟੀਡੀਪੀ
ਮੀਟਿੰਗ ਦੌਰਾਨ ਭਾਜਪਾ ਦੇ ਦੋ ਭਾਈਵਾਲਾਂ ਆਂਧਰਾ ਪ੍ਰਦੇਸ ਤੋਂ ਤੇਲਗੂ ਦੇਸਮ ਪਾਰਟੀ (ਟੀਡੀਪੀ) ਅਤੇ ਜਨ ਸੈਨਾ ਪਾਰਟੀ ਨੇ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਤਹਿਤ 2014 ’ਚ ਸੂਬੇ ਦੀ ਕੀਤੀ ਗਈ ਵੰਡ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਦਾ ਮੁੱਦਾ ਚੁੱਕਿਆ। ਟੀਡੀਪੀ ਆਗੂ ਐੱਲ ਸ੍ਰੀ ਕ੍ਰਿਸ਼ਨਾ ਦੇਵਰਾਲਿਊ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕੁਝ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਅਤੇ ਕੁਝ ਨੂੰ ਪੂਰਾ ਕੀਤਾ ਜਾ ਰਿਹਾ ਹੈ ਪਰ ਕੁਝ ਹੋਰ ਅਜੇ ਵੀ ਬਕਾਇਆ ਪਏ ਹਨ। ਜਨ ਸੈਨਾ ਆਗੂ ਬਾਲਾਸ਼ੌਰੀ ਵੱਲਭਾਨੇਨੀ ਨੇ ਵੀ ਇਹੋ ਮੁੱਦੇ ਚੁੱਕੇ। ਅਡਾਨੀ ਮੁੱਦੇ ਬਾਰੇ ਟੀਡੀਪੀ ਦੇ ਸਟੈਂਡ ਬਾਰੇ ਪੁੱਛੇ ਜਾਣ ’ਤੇ ਦੇਵਰਾਲਿਊ ਨੇ ਕਿਹਾ ਕਿ ਕੁਝ ਹੋਰ ਵੇਰਵੇ ਸਾਹਮਣੇ ਆਉਣੇ ਚਾਹੀਦੇ ਹਨ ਪਰ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਇਸ ਨਾਲ ਸੂਬੇ ਦੇ ਅਕਸ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਹੈ।