Punjab News: ਪੰਜਾਬ ’ਚ ਐੱਨਐੱਚਏਆਈ ਨੂੰ ਹੋਰ ਜ਼ਮੀਨ ਦੀ ਲੋੜ
* ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦਾ ਕੰਮ ਰੁਕਿਆ
ਨਿਤਿਨ ਜੈਨ
ਲੁਧਿਆਣਾ, 2 ਜਨਵਰੀ
ਭਾਰਤੀ ਕੌਮੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੂੰ ਪੰਜਾਬ ’ਚ 15 ਪ੍ਰਾਜੈਕਟ ਪੂਰੇ ਕਰਨ ਲਈ ਅਜੇ 103 ਕਿਲੋਮੀਟਰ ਹੋਰ ਜ਼ਮੀਨ ਦੀ ਲੋੜ ਹੈ। ਇਹੀ ਨਹੀਂ ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦੇ ਤਿੰਨ ਛੋਟੇ ਹਿੱਸਿਆਂ ’ਤੇ ਵੀ ਕੰਮ ਰੁਕਿਆ ਹੋਇਆ ਹੈ, ਜਦਕਿ ਜ਼ਮੀਨ ਸੌਂਪੀ ਜਾ ਚੁੱਕੀ ਹੈ। ਐੱਨਐੱਚਏਆਈ ਨੇ ਪ੍ਰਸ਼ਾਸਨ ਤੇ ਪੁਲੀਸ ਤੋਂ ਇਸ ਲਈ ਮਦਦ ਮੰਗੀ ਹੈ। ਐੱਨਐੱਚਏਆਈ ਨੂੰ ਜਿਨ੍ਹਾਂ ਰਾਜਮਾਰਗਾਂ ਲਈ ਜ਼ਮੀਨ ਮਿਲ ਗਈ ਹੈ, ਉੱਥੇ ਕੰਮ ਜ਼ੋਰਾਂ ’ਤੇ ਹੈ। ਐੱਨਐੱਚਏਆਈ ਪੰਜਾਬ ’ਚ 1,344 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ 37 ਪ੍ਰਾਜੈਕਟਾਂ ’ਤੇ ਕੰਮ ਕਰ ਰਿਹਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਜ਼ਮੀਨ ਦੀ ਘਾਟ ਤੇ ਕਿਸਾਨਾਂ ਦੇ ਵਿਰੋਧ ਕਾਰਨ ਲੰਮੇ ਸਮੇਂ ਤੋਂ ਰੁਕੇ ਹੋਏ ਹਨ। ਇਸ ਤੋਂ ਪਹਿਲਾਂ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਰਾਜ ਸਰਕਾਰ ਜ਼ਮੀਨ ਮੁਹੱਈਆ ਕਰਾਉਣ ’ਚ ਨਾਕਾਮ ਰਹੀ ਤਾਂ ਵੱਡੇ ਪ੍ਰਾਜੈਕਟ ਜਾਂ ਤਾਂ ਰੱਦ ਕਰਨੇ ਪੈਣਗੇ ਜਾਂ ਇਹ ਵਾਪਸ ਲੈ ਲਏ ਜਾਣਗੇ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਤਤਕਾਲੀ ਮੁੱਖ ਸਕੱਤਰ ਅਨੁਰਾਗ ਵਰਮਾ ਤੇ ਡੀਜੀਪੀ ਗੌਰਵ ਯਾਦਵ ਹਰਕਤ ’ਚ ਆਏ ਕਿਸਾਨਾਂ ਨਾਲ ਗੱਲਬਾਤ ਕਰਕੇ ਤੇ ਉਨ੍ਹਾਂ ਨੂੰ ਜ਼ਮੀਨ ਲਈ ਵਧਿਆ ਹੋਇਆ ਮੁਆਵਜ਼ਾ ਦੇ ਕੇ ਸੂਬੇ ’ਚ ਐੱਨਐੱਚਏਆਈ ਦੇ ਪ੍ਰਾਜੈਕਟਾਂ ਲਈ 94 ਫੀਸਦ ਤੋਂ ਵੱਧ ਐਕੁਆਇਰ ਜ਼ਮੀਨ ਮੁਹੱਈਆ ਕਰਵਾਈ।
ਇਨ੍ਹਾਂ ਪ੍ਰਾਜੈਕਟਾਂ ਲਈ ਚਾਹੀਦੀ ਹੈ ਜ਼ਮੀਨ
ਐੱਨਐੱਚਏਆਈ ਨੂੰ ਜਿਨ੍ਹਾਂ ਸੜਕੀ ਪ੍ਰਾਜੈਕਟਾਂ ਲਈ ਜ਼ਮੀਨ ਦੀ ਲੋੜ ਹੈ ਉਨ੍ਹਾਂ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ, ਬਿਆਸ-ਡੇਰਾ ਬਾਬਾ ਨਾਨਕ, ਅੰਮ੍ਰਿਤਸਰ, ਅਬੋਹਰ-ਫਾਜ਼ਿਲਕਾ, ਅੰਮ੍ਰਿਤਸਰ ਬਾਈਪਾਸ, ਮੋਗਾ-ਬਾਜਾਖਾਨਾ, ਅੰਮ੍ਰਿਤਸਰ-ਬਠਿੰਡਾ, ਦੱਖਣੀ ਲੁਧਿਆਣਾ ਬਾਈਪਾਸ, ਲੁਧਿਆਣਾ-ਬਠਿੰਡਾ, ਲੁਧਿਆਣਾ-ਰੋਪੜ ਮਾਰਗ ਸ਼ਾਮਲ ਹਨ।