ਘਨੌਰੀ ਕਲਾਂ-ਰਾਜੋਮਾਜਰਾ ਤੱਕ ਨਵੀਂ ਬਣੀ ਸੜਕ ਧਸੀ
ਬੀਰਬਲ ਰਿਸ਼ੀ
ਸ਼ੇਰਪੁਰ, 1 ਸਤੰਬਰ
ਘਨੌਰੀ ਕਲਾਂ-ਰਾਜੋਮਾਜਰਾ ਸੜਕ ਪਿੰਡ ਬਾਦਸ਼ਾਹਪੁਰ ਨੇੜੇ ਇੱਕ ਪਾਸਿਓਂ ਬੁਰੀ ਤਰ੍ਹਾਂ ਧਸ ਗਈ ਹੈ, ਜਿਸ ਮਗਰੋਂ ਵਿਭਾਗ ਨੇ ਹਾਲ ਦੀ ਘੜੀ ਇਸ ਸੜਕ ਨੂੰ ਆਮ ਲੋਕਾਂ ਤੋਂ ਲੁਕਾ ਕੇ ਰੱਖਣ ਲਈ ਇਸ ’ਤੇ ਵੱਟੇ ਪਾ ਕੇ ਇਸ ਨੂੰ ਬਕਾਇਦਾ ਢਕਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘਨੌਰੀ ਕਲਾਂ ਤੋਂ ਬਾਦਸ਼ਾਹਪੁਰ ਨੂੰ ਜਾਂਦੀ ਸੜਕ ਹਾਲੇ ਡੇਢ ਕੁ ਮਹੀਨਾ ਪਹਿਲਾਂ ਹੀ ਬਣੀ ਹੈ ਅਤੇ ਇਹ ਸੜਕ ਦੇ ਪਿੰਡ ਬਾਦਸ਼ਾਹਪੁਰ ਦੇ ਬਾਹਰਵਾਰ ਉਸ ਸਮੇਂ ਇੱਕ ਪਾਸਿਓਂ ਧਸ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ’ਤੇ ਮਹਿਜ਼ ਤਿੰਨ ਕਿੱਲੋਮੀਟਰ ਦੇ ਘੇਰੇ ਵਿੱਚ ਘੱਟੋ-ਘੱਟ ਅੱਧੀ ਦਰਜ਼ਨ ਅਜਿਹੀਆਂ ਥਾਵਾਂ ਹਨ, ਜਿੱਥੋਂ ਸੜਕ ਵਿੱਚ ਟੋਏ ਪੈਣ ਜਾਂ ਟੁੱਟਣ ਦੀ ਸ਼ੁਰੂਆਤ ਹੋ ਗਈ ਹੈ। ਅਕਾਲੀ ਦਲ ਅਮ੍ਰਿਤਸਰ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਬਾਦਸ਼ਾਹਪੁਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਨਾਲ ਸਬੰਧਤ ਸੜਕਾਂ ਦਾ ਬਣਦਿਆਂ ਹੀ ਅਜਿਹਾ ਹਾਲ ਹੋਣਾ ਨਿੰਦਣਯੋਗ ਕਾਰਵਾਈ ਹੈ। ਪਿੰਡ ਬਾਦਸ਼ਾਹਪੁਰ ਦੇ ਸਾਬਕਾ ਸਰਪੰਚ ਰਾਮਸਰੂਪ ਸਿੰਘ ਨੇ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਲੋਕ ਨਿਰਮਾਣ ਵਿਭਾਗ ਦੀ ਦੇਖ-ਰੇਖ ਹੇਠ ਬਣ ਰਹੀ ਇਸ ਸੜਕ ਤੋਂ ਪਹਿਲਾਂ ਹਾਲ ਹੀ ਦੌਰਾਨ ਬਣੀ ਪਿੰਡ ਕਾਤਰੋਂ-ਹਥਨ ਸੜਕ ਦੇ ਸ਼ੁਰੂਆਤੀ ਦੌਰ ’ਚ ਪਿਆ ਟੋਆ, ਪਾਈਆਂ ਪੂਲੀਆਂ ’ਤੇ ਸੁਰੱਖਿਆ ਦੀਵਾਰਾਂ ਦੀ ਅਣਹੋਂਦ, ਸੜਕ ਦੀਆਂ ਬਰਮਾਂ ’ਤੇ ਮਿੱਟੀ ਨਾ ਪਾਉਣ ਸਮੇਤ ਕੁੱਝ ਹੋਰ ਘਾਟਾਂ ਕਮਜ਼ੋਰੀਆਂ ਸਬੰਧੀ ਪਿੰਡ ਚਾਂਗਲੀ ਦੇ ਲੋਕ ਆਵਾਜ਼ ਉਠਾ ਚੁੱਕੇ ਹਨ।
ਬਰਮਾਂ ’ਤੇ ਮਿੱਟੀ ਨਾ ਹੋਣ ਕਾਰਨ ਸੜਕ ਧਸੀ: ਜੇਈ
ਲੋਕ ਨਿਰਮਾਣ ਵਿਭਾਗ ਦੇ ਜੇਈ ਬਲਪ੍ਰੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੁਨਿਆਦ ਕਰਾਰ ਦਿੰਦਿਆਂ ਮੰਨਿਆ ਕਿ ਬਾਦਸ਼ਾਹਪੁਰ ਨੇੜੇ ਇੱਕ ਪਾਸਿਓਂ ਧਸੀ ਸੜਕ ਉਨ੍ਹਾਂ ਦੇ ਹੀ ਵੱਟਿਆਂ ਨਾਲ ਭਰੇ ਟਰੱਕ ਕਾਰਨ ਬਰਮਾ ’ਤੇ ਮਿੱਟੀ ਨਾ ਹੋਣ ਕਾਰਨ ਧੱਸੀ ਹੈ। ਉਨ੍ਹਾਂ ਦੱਸਿਆ ਕਿ ਝੋਨਾ ਲੱਗਿਆ ਹੋਣ ਕਰ ਕੇ ਹਾਲੇ ਬਰਮਾ ’ਤੇ ਮਿੱਟੀ ਨਹੀਂ ਪੈ ਸਕਦੀ। ਜੇਈ ਨੇ ਕਿਹਾ ਕਿ ਪੰਜ ਸਾਲ ਤੱਕ ਕੋਈ ਵੀ ਸਮੱਸਿਆ ਆਉਂਦੀ ਤਾਂ ਸੜਕ ਰਿਪੇਅਰ ਠੇਕੇਦਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਾਤਰੋਂ-ਹਥਨ ਸੜਕ ’ਚ ਕੋਈ ਸਮੱਸਿਆ ਨਾ ਹੋਣ ਦਾ ਦਾਅਵਾ ਕਰਦਿਆਂ ਇਹ ਸੜਕਾਂ ਠੇਕੇਦਾਰ ਵੱਲੋਂ ਅੱਗੇ ਸਬ-ਠੇਕੇਦਾਰਾਂ ਨੂੰ ਦੇਣ ਦੇ ਚਰਚਿਆਂ ਨੂੰ ਨਿਰਅਧਾਰ ਦੱਸਿਆ।