ਨਿਊਯਾਰਕ: ਮੋਦੀ ਦੇ ਈਵੈਂਟ ਲਈ 24000 ਭਾਰਤੀ-ਅਮਰੀਕੀਆਂ ਵੱਲੋਂ ਰਜਿਸਟਰੇਸ਼ਨ
* 22 ਨੂੰ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਸਮ ’ਚ ਹੋਵੇਗਾ ਸਮਾਗਮ
* 26 ਨੂੰ ਯੂਐੱਨ ਮਹਾਸਭਾ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ
ਨਿਊ ਯਾਰਕ, 28 ਅਗਸਤ
ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਵਾਲੇ ਵੱਡੇ ਭਾਈਚਾਰਕ ਸਮਾਗਮ ਲਈ ਅਮਰੀਕਾ ਰਹਿੰਦੇ ਭਾਰਤੀ ਭਾਈਚਾਰੇ ਦੇ 24000 ਤੋਂ ਵੱਧ ਮੈਂਬਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ‘ਮੋਦੀ ਐਂਡ ਯੂਐੱਸ ਪ੍ਰੋਗਰੈੱਸ ਟੁਗੈਦਰ’ ਈਵੈਂਟ 22 ਸਤੰਬਰ ਨੂੰ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਸਮ ਵਿਖੇ ਹੋਵੇਗਾ, ਜਿੱਥੇ 15000 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਅਮਰੀਕਾ ਦੇ ਭਾਰਤੀ-ਅਮਰੀਕੀ ਭਾਈਚਾਰੇ (ਆਈਏਸੀਯੂ) ਨੇ ਮੰਗਲਵਾਰ ਨੂੰ ਕਿਹਾ ਕਿ 24000 ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਇਸ ਵੱਡੇ ਸਮਾਗਮ ਵਿਚ ਸ਼ਾਮਲ ਹੋਣ ਲਈ ਰਜਿਸਟਰੇਸ਼ਨ ਕਰਵਾਈ ਹੈ, ਜਿਸ ਨੂੰ ਮੋਦੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੀ ਆਪਣੀ ਫੇਰੀ ਦੌਰਾਨ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਇਜਲਾਸ ਨੂੰ ਵੀ ਸੰਬੋਧਨ ਕਰਨਗੇ। ਯੂਐੱਨ ਵੱਲੋਂ ਜਾਰੀ ਬੁਲਾਰਿਆਂ ਦੀ ਆਰਜ਼ੀ ਸੂਚੀ ਵਿਚ ਸ੍ਰੀ ਮੋਦੀ ਦਾ ਨਾਮ ਵੀ ਸ਼ਾਮਲ ਹੈ। ਆਈਏਸੀਯੂ ਨੇ ਇਕ ਬਿਆਨ ਵਿਚ ਕਿਹਾ ਕਿ ਯੂਨੀਅਨਡੇਲ, ਲੌਂਗ ਆਈਲੈਂਡ ਵਿਖੇੇ ਹੋਣ ਵਾਲੇ ਈਵੈਂਟ ਲਈ ਰਜਿਸਟਰੇਸ਼ਨਾਂ (ਭਾਰਤੀ ਭਾਈਚਾਰੇ ਨਾਲ ਸਬੰਧਤ) 590 ਭਾਈਚਾਰਕ ਜਥੇਬੰਦੀਆਂ ਵੱਲੋਂ ਕਰਵਾਈਆਂ ਗਈਆਂ ਹਨ। ਇਨ੍ਹਾਂ ਨੇ ਪੂਰੇ ਅਮਰੀਕਾ ਵਿਚੋਂ ‘ਵੈਲਕਮ ਪਾਰਟਨਰਜ਼’ ਵਜੋਂ ਆਪਣੇ ਨਾਮ ਦਰਜ ਕੀਤੇ ਹਨ। ਆਈਏਸੀਯੂ ਨੇ ਕਿਹਾ ਕਿ ਸਮਾਗਮ ਵਿਚ ਘੱਟੋ-ਘੱਟ 42 ਰਾਜਾਂ ਤੋਂ ਭਾਰਤੀ ਅਮਰੀਕੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਤੇ ਹੁਣ ਤੱਕ ਇਸ ਮੁਹਿੰਮ ਨੂੰ ਬਹੁਤ ਵਧੀਆ ਹੁਲਾਰਾ ਮਿਲਿਆ ਹੈ। -ਪੀਟੀਆਈ