For the best experience, open
https://m.punjabitribuneonline.com
on your mobile browser.
Advertisement

ਨਵਾਂ ਸਾਲ ਨਵੀਆਂ ਸ਼ੁਰੂਆਤਾਂ

07:24 AM Dec 31, 2023 IST
ਨਵਾਂ ਸਾਲ ਨਵੀਆਂ ਸ਼ੁਰੂਆਤਾਂ
Advertisement

ਅਰੁਣ ਮੈਰਾ

Advertisement

ਸੰਸਦ ’ਤੇ ਅਤਿਵਾਦੀ ਹਮਲੇ ਤੋਂ ਪੂਰੇ ਬਾਈ ਸਾਲਾਂ ਬਾਅਦ ਲੰਘੀ 13 ਦਸੰਬਰ ਨੂੰ ਲੋਕ ਸਭਾ ਵਿਚ ਧੂੰਏਂ ਦੇ ਕਨੱਸਤਰ ਖੋਲ੍ਹਣ ਵਾਲੇ ਪ੍ਰਦਰਸ਼ਨਕਾਰੀ ਪੜ੍ਹੇ ਲਿਖੇ ਬੇਰੁਜ਼ਗਾਰ ਹਨ। ਉਨ੍ਹਾਂ ਨੂੰ ਸ਼ਿਕਾਇਤ ਸੀ ਕਿ ਭਾਰਤ ਦੀ ਜੀਡੀਪੀ ਵਿਚ ਭਰਵਾਂ ਵਾਧਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਪਾ ਰਿਹਾ। ਉਹ ਖ਼ੁਦ ਨੂੰ ਭਗਤ ਸਿੰਘ ਦੇ ਫੈਨ ਕਲੱਬ ਦੇ ਮੈਂਬਰ ਦੱਸਦੇ ਹਨ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਅਪਰੈਲ 1929 ਵਿਚ ਕੇਂਦਰੀ ਸਭਾ ਵਿਚ ਧੂੰਆਂ ਫੈਲਾਉਣ ਵਾਲੇ ਬੰਬ ਸੁੱਟੇ ਸਨ। ਕੌਮੀ ਨਾਇਕ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਅੰਗਰੇਜ਼ ਸਰਕਾਰ ਨੇ 23 ਮਾਰਚ 1931 ਨੂੰ ਫ਼ਾਂਸੀ ਦੇ ਦਿੱਤੀ ਸੀ।
ਭਗਤ ਸਿੰਘ ਬਾਰੇ ਮਸ਼ਹੂਰ ਕਿਤਾਬ ‘ਮੇਕਿੰਗ ਦਿ ਡੈੱਫ ਹੀਅਰ’ (ਬੋਲ਼ਿਆਂ ਨੂੰ ਸੁਣਾਉਣ ਲਈ) ਦੇ ਲੇਖਕ ਅਤੇ ਉੱਘੇ ਇਤਿਹਾਸਕਾਰ ਪ੍ਰੋ. ਇਰਫ਼ਾਨ ਹਬੀਬ ਦਾ ਕਹਿਣਾ ਹੈ ਕਿ ਭਗਤ ਸਿੰਘ ਨੂੰ ਅਧਿਐਨ ਦੀ ਬਹੁਤ ਆਦਤ ਸੀ ਅਤੇ ਇਹੀ ਗੱਲ ਉਸ ਨੂੰ ਉਸ ਦੇ ਹੋਰਨਾਂ ਸਾਥੀਆਂ ਨਾਲੋਂ ਵਿਲੱਖਣ ਬਣਾਉਂਦੀ ਸੀ। ਉਸ ਨੇ ਵੱਖ-ਵੱਖ ਕਿਸਮ ਦੀਆਂ ਕਿਤਾਬਾਂ ਪੜ੍ਹੀਆਂ ਸਨ। ਉਹ ਆਪਣੀ ਪੈਂਟ ਦੀਆਂ ਜੇਬ੍ਹਾਂ ਵਿਚ ਕਿਤਾਬਾਂ ਪਾ ਲੈਂਦਾ ਸੀ ਜਿਨ੍ਹਾਂ ਨਾਲ ਕਈ ਵਾਰ ਜੇਬ੍ਹ ਪਾਟ ਜਾਂਦੀ ਸੀ। ਭਗਤ ਸਿੰਘ ਲੇਖਕ ਵੀ ਸੀ। ਤੇਈ ਸਾਲ ਦੀ ਉਮਰ ਵਿਚ ਫ਼ਾਂਸੀ ਚੜ੍ਹਨ ਤੋਂ ਕੁਝ ਮਹੀਨੇ ਪਹਿਲਾਂ ਉਸ ਨੇ ਆਪਣਾ ਮਸ਼ਹੂਰ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਲਿਖਿਆ ਸੀ ਜਿਸ ਵਿਚ ਉਸ ਨੇ ਆਪਣੇ ਸਮਾਜਵਾਦੀ ਵਿਚਾਰਾਂ ਦਾ ਖੁਲਾਸਾ ਕੀਤਾ ਸੀ ਜਿਨ੍ਹਾਂ ਤੋਂ ਬਰਤਾਨਵੀ ਸਰਕਾਰ ਡਰਦੀ ਸੀ।
ਅੱਜਕੱਲ੍ਹ ਜ਼ਿਆਦਾਤਰ ਸਮਾਂ ਸਮਾਰਟਫੋਨ ਵਿਚ ਖੁੱਭੇ ਰਹਿਣ ਵਾਲੇ ਨੌਜਵਾਨ ਕੀ ਪੜ੍ਹਦੇ ਹਨ? ਮੈਂ ਮਹੀਨੇ ਵਿਚ ਦੋ ਕਿਤਾਬਾਂ ਪੜ੍ਹ ਲੈਂਦਾ ਹਾਂ, ਇਸ ਤੋਂ ਇਲਾਵਾ ਰਸਾਲਿਆਂ ਵਿਚ ਦਰਸ਼ਨ, ਅਰਥਸ਼ਾਸਤਰ, ਸਾਇੰਸ ਅਤੇ ਸਿਆਸੀ ਸ਼ਾਸਨ ਬਾਰੇ ਲੇਖ ਵੀ ਪੜ੍ਹਦਾ ਹਾਂ। ਮੈਂ ਇਸ ਕਿਸਮ ਦੇ ਲੇਖਾਂ ਵਿਚ ਆਪਣੇ ਵਿਚਾਰ ਸਾਂਝੇ ਕਰਦਾ ਹਾਂ ਅਤੇ ਲੰਮੇ ਲੇਖ ਅਤੇ ਕਿਤਾਬਾਂ ਵੀ ਲਿਖਦਾ ਹਾਂ। ਮੇਰੇ ਪ੍ਰਕਾਸ਼ਕ ਪੁੱਛਦੇ ਹਨ ਕਿ ਮੈਂ ਕਿਨ੍ਹਾਂ ਲੋਕਾਂ ਲਈ ਲਿਖਦਾ ਹਾਂ? ਉਹ ਕਹਿੰਦੇ ਹਨ ਕਿ ਮੈਂ ਜਿਨ੍ਹਾਂ ਵਿਸ਼ਿਆਂ ’ਤੇ ਲਿਖਦਾ ਹਾਂ, ਉਨ੍ਹਾਂ ’ਚ ਨੌਜਵਾਨਾਂ ਦੀ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਅਜਿਹੇ ਵਿਸ਼ਿਆਂ ਬਾਰੇ ਕੁਝ ਵੀ ਪੜ੍ਹਨ ਜਾਂ ਸੁਣਨ ਦਾ ਮਾਦਾ ਹੈ ਜਿਨ੍ਹਾਂ ਵਿਚ ਉਨ੍ਹਾਂ ਦੀ ਦਿਲਚਸਪੀ ਨਹੀਂ ਹੁੰਦੀ। ਇਕ ਕਾਰੋਬਾਰੀ ਅਖ਼ਬਾਰ ਲਈ ਮੈਂ ਕਈ ਸਾਲਾਂ ਤੋਂ ਮਹੀਨਾਵਾਰੀ ਕਾਲਮ ਲਿਖਿਆ ਕਰਦਾ ਸਾਂ ਅਤੇ ਸੰਨ 2008 ਵਿਚ ਅਖ਼ਬਾਰ ਦੇ ਨਵੇਂ ਆਏ ਸੰਪਾਦਕ ਨੇ ਮੈਨੂੰ ਆਪਣੇ ਕਾਲਮ ਦੀ ‘ਬੌਧਿਕ ਪੁੱਠ’ ਘੱਟ ਕਰ ਕੇ ਇਸ ਨੂੰ ਵਧੇਰੇ ਚਲਵਾਂ ਬਣਾਉਣ ਲਈ ਆਖਿਆ ਤਾਂ ਕਿ ਨੌਜਵਾਨ ਪਾਠਕਾਂ ਨੂੰ ਵੱਧ ਤੋਂ ਵੱਧ ਜੋੜਿਆ ਜਾ ਸਕੇ। ਆਖ਼ਰ, ਮੇਰਾ ਕਾਲਮ ਬੰਦ ਹੋ ਗਿਆ ਕਿਉਂਕਿ ਮੈਂ ਆਪਣੇ ਆਪ ਨੂੰ ਮਨੋਰੰਜਨਕਾਰੀ ਨਹੀਂ ਬਣਾ ਸਕਿਆ ਸਾਂ।
ਲੇਖਕਾਂ ਨੂੰ ਕਿਤਾਬਾਂ ਅਤੇ ਰਸਾਲਿਆਂ ਦੇ ਪ੍ਰਕਾਸ਼ਕਾਂ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾ ਸਕਣ। ਆਪਣੇ ਗਾਹਕਾਂ ਨੂੰ ਲੋਕਪ੍ਰਿਯ ਸਮੱਗਰੀ ਪਰੋਸਣੀ ਇਕ ਵਧੀਆ ਕਾਰੋਬਾਰੀ ਤਰੀਕਾਕਾਰ ਹੁੰਦਾ ਹੈ। ਕਿਤਾਬਾਂ ਦਾ ਪ੍ਰਕਾਸ਼ਨ ਵੀ ਇਕ ਕਾਰੋਬਾਰ ਹੁੰਦਾ ਹੈ। 1996 ਵਿਚ ਅਮਰੀਕਾ ਵਿਚ ਮੈਂ ਜਿਸ ਮੈਨੇਜਮੈਂਟ ਕਨਸਲਟਿੰਗ ਕੰਪਨੀ ਵਿਚ ਕੰਮ ਕਰ ਰਿਹਾ ਸੀ, ਉਸ ਨੇ ਮੈਨੂੰ ਆਪਣੀ ਪਹਿਲੀ ਕਿਤਾਬ ਲਿਖਣ ਲਈ ਰਾਜ਼ੀ ਕਰ ਲਿਆ। ਅਮਰੀਕਾ ਦੇ ਸਭ ਤੋਂ ਵੱਡੇ ਮੈਨੇਜਮੈਂਟ ਬੁੱਕ ਪ੍ਰਕਾਸ਼ਕਾਂ ’ਚ ਸ਼ੁਮਾਰ ਇਕ ਪ੍ਰਕਾਸ਼ਕ ਨੇ ਇਹ ਕਿਤਾਬ ਪ੍ਰਕਾਸ਼ਿਤ ਕਰਨ ਦੀ ਪੇਸ਼ਕਸ਼ ਕੀਤੀ। ਉਸ ਨੇ ਮੈਨੂੰ ਮਾਡਲ ਦੇ ਤੌਰ ’ਤੇ ਦੋ ਕਿਤਾਬਾਂ ਦਿੱਤੀਆਂ। ਇਕ ਸੀ ਕੈਨ ਬਲੈਂਚਾਰਡ ਦੀ ‘ਦਿ ਵਨ ਮਿਨਟ ਮੈਨੇਜਰ’ ਜੋ ਪਹਿਲੀ ਵਾਰ 1982 ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਜੋ ਤਦ ਤੀਕ ਲੱਖਾਂ ਦੀ ਤਾਦਾਦ ਵਿਚ ਵਿਕ ਚੁੱਕੀ ਸੀ। ਦੂਜੀ ਕਿਤਾਬ ਸੀ 1990 ਵਿਚ ਛਪੀ ਪੀਟਰ ਸੈਂਗੇ ਦੀ ‘ਦਿ ਫਿਫਥ ਡਿਸਿਪਲਿਨ’। ਸੀਈਓਜ਼ ਅਤੇ ਸੀਨੀਅਰ ਅਫ਼ਸਰਾਂ ਨੇ ਆਪੋ ਆਪਣੇ ਮੇਜ਼ਾਂ ਅਤੇ ਕਿਤਾਬਾਂ ਵਾਲੀਆਂ ਅਲਮਾਰੀਆਂ ’ਚ ਸੈਂਗੇ ਦੀ ਕਿਤਾਬ ਸਜਾਈ ਹੋਈ ਸੀ।
ਸੈਂਗੇ ਦੀ ਕਿਤਾਬ ਬਹੁਤ ਠੋਸ ਗਿਣੀ ਜਾਂਦੀ ਸੀ ਪਰ ਉਸ ਵੇਲੇ ਸਭ ਤੋਂ ਘੱਟ ਪੜ੍ਹੀ ਜਾਣ ਵਾਲੀ ਮੈਨੇਜਮੈਂਟ ਦੀ ਕਿਤਾਬ ਮੰਨੀ ਜਾਂਦੀ ਸੀ। ਪ੍ਰਕਾਸ਼ਕ ਨੇ ਮੈਨੂੰ ‘ਦਿ ਵਨ ਮਿਨਟ ਮੈਨੇਜਰ’ ਦੀ ਤਰਜ਼ ਵਿਚ ਲਿਖਣ ਲਈ ਕਿਹਾ। 1990ਵਿਆਂ ਵਿਚ ਕਨਸਲਟੈਂਟਾਂ ਨੂੰ ਆਪਣੇ ਵਿਚਾਰ ‘ਐਲੀਵੇਟਰ ਸਪੀਚਜ਼’ ਦੇ ਰੂਪ ਵਿਚ ਸੰਜੋਣ ਲਈ ਸਿਖਲਾਈ ਦਿੱਤੀ ਜਾਂਦੀ ਸੀ ਤਾਂ ਕਿ ਉਹ ਕੰਪਨੀਆਂ ਦੇ ਚੋਟੀ ਦੇ ਕਾਰਮੁਖਤਾਰਾਂ ਦੇ ਧਿਆਨ ਦੇ ਸੰਖੇਪ ਸਮੇਂ ਵਿਚ ਫਿੱਟ ਹੋ ਸਕਣ। ਉਨ੍ਹਾਂ ਨੂੰ ਹਰ ਸਮੇਂ ਇਹ ਕਿਆਸ ਲਾਉਣ ਲਈ ਕਿਹਾ ਜਾਂਦਾ ਸੀ ਕਿ ਕੋਈ ਸੀਈਓ ਉਨ੍ਹਾਂ ਨੂੰ ਆਪਣੇ ਦਫ਼ਤਰ ਦੀ ਜ਼ਮੀਨੀ ਮੰਜ਼ਿਲ ਤੋਂ ਸਿਖਰਲੀ ਮੰਜ਼ਿਲ ਤੱਕ ਜਾਂਦਿਆਂ ਇਕ ਜਾਂ ਦੋ ਮਿੰਟ ਦਾ ਸਮਾਂ ਹੀ ਦੇ ਸਕੇਗਾ। ਮੈਂ ਆਪਣੀ ਕਿਤਾਬ ਭਾਵੇਂ ਬਲੈਂਚਾਰਡ ਵਾਂਗ ਤਾਂ ਨਹੀਂ ਪਰ ‘ਹਾਓ ਟੂ’ (ਕਿਵੇਂ) ਦੇ ਸਰਲ ਅੰਦਾਜ਼ ਵਿਚ ਲਿਖੀ ਸੀ। ਮੈਂ ਆਪਣੇ ਮਿੱਤਰ ਸੈਂਗੇ ਨੂੰ ਮੇਰੀ ਕਿਤਾਬ ਦਾ ਮੁੱਖਬੰਦ ਲਿਖਣ ਲਈ ਕਿਹਾ। ਉਹ ਮੇਰੇ ਵਿਚਾਰਾਂ ਨਾਲ ਸਹਿਮਤ ਤਾਂ ਸੀ, ਪਰ ਉਸ ਨੇ ਮੁੱਖਬੰਦ ਲਿਖਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਕੰਪਨੀਆਂ ਦੇ ਉਨ੍ਹਾਂ ਅਧਿਕਾਰੀਆਂ ਦੀ ਖੁਸ਼ਾਮਦ ਕਰਨ ਦੇ ਹੱਕ ਵਿਚ ਨਹੀਂ ਸੀ ਜੋ ਹਕੀਕਤ ’ਚੋਂ ਜਟਿਲਤਾ ਕੱਢ ਦੇਣਾ ਚਾਹੁੰਦੇ ਸਨ ਅਤੇ ਪੜ੍ਹਨ ਤੇ ਸਿੱਖਣ ਲਈ ਸਮਾਂ ਨਹੀਂ ਦਿੰਦੇ ਸਨ।
ਜ਼ਰੂਰੀ ਨਹੀਂ ਕਿ ਸਾਰੇ ਸੀਨੀਅਰ ਐਗਜ਼ੈਕਟਿਵ ਜਾਂ ਭਾਰਤੀ ਨੌਜਵਾਨ ਆਪਣੇ ਸਮਾਰਟਫੋਨਾਂ ਨਾਲ ਹੀ ਚਿੰਬੜੇ ਰਹਿੰਦੇ ਹਨ, ਕੁਝ ਕੁ ਸੰਖੇਪ ਟਵੀਟ ਹੀ ਪੜ੍ਹਦੇ ਹਨ, ਇਕ ਮਿੰਟ ਦੀ ਵੀਡਿਓ ਹੀ ਦੇਖਦੇ ਹਨ ਜਾਂ ਆਪਣੀਆਂ ਛੁੱਟੀਆਂ ਦੇ ਪਲਾਂ ਦੀਆਂ ਤਸਵੀਰਾਂ ਅਤੇ ਫਿਲਮੀ/ਖੇਡ ਸਿਤਾਰਿਆਂ ਨਾਲ ਆਪਣੀਆਂ ਸੈਲਫੀਆਂ ਪੋਸਟ ਕਰਦੇ ਰਹਿੰਦੇ ਹਨ। ਬਹੁਤ ਸਾਰੇ ਨੌਜਵਾਨ ਅਤੇ ਬਜ਼ੁਰਗ ਭਾਰਤੀ ਹਾਲੇ ਵੀ ਪੜ੍ਹਦੇ ਹਨ। ਉਨ੍ਹਾਂ ’ਚੋਂ ਕੁਝ ਸਾਂਝੀਵਾਲਤਾ ਅਤੇ ਵਾਤਾਵਰਨ ਨਾਲ ਮੇਲ ਖਾਂਦੇ ਸਾਵੇਂ ਵਿਕਾਸ ਦੇ ਅਜਿਹੇ ਨਵੇਂ ਸਿਧਾਂਤਾਂ ਦੀ ਤਲਾਸ਼ ਕਰ ਰਹੇ ਹਨ ਜਿਨ੍ਹਾਂ ਦੇ ਜਵਾਬ ਮੌਜੂਦਾ ਵਿਗਿਆਨ ਅਤੇ ਅਰਥਸ਼ਾਸਤਰ ਮੁਹੱਈਆ ਨਹੀਂ ਕਰਵਾ ਰਿਹਾ। ਇਨ੍ਹਾਂ ’ਚੋਂ ਕੁਝ ਲੋਕ ਮਹਾਤਮਾ ਗਾਂਧੀ ਬਾਰੇ ਦੁਬਾਰਾ ਖੋਜ ਕਰ ਰਹੇ ਹਨ। ਮੈਨੂੰ ਜਾਪਦਾ ਹੈ ਕਿ ਮਹਾਤਮਾ ਗਾਂਧੀ ਵੀ ਇਨਕਲਾਬੀ ਸੀ, ਭਾਵੇਂ ਉਹ ਅਹਿੰਸਾ ਦੇ ਮਾਰਗ ਦਾ ਪਾਂਧੀ ਸੀ। ਗਾਂਧੀ ਬਹੁਤ ਵੱਡਾ ਪਾਠਕ, ਸਿਖਿਆਰਥੀ ਅਤੇ ਸਰੋਤਾ ਅਤੇ ਨਾਲ ਹੀ ਪ੍ਰਤਿਭਾਵਾਨ ਲੇਖਕ ਵੀ ਸੀ। ਉਸ ਨੇ ਆਪਣੀ ਸਵੈ ਜੀਵਨੀ ‘The Story of My Experiments with Truth’ (ਸੱਚ ਨਾਲ ਮੇਰੇ ਪ੍ਰਯੋਗਾਂ ਦੀ ਕਥਾ) ਲਿਖੀ ਸੀ। ਜਦੋਂ ਗਾਂਧੀ ਨੂੰ ਪੱਛਮੀ ਸੱਭਿਅਤਾ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ, ‘‘ਇਹ ਇਕ ਅੱਛਾ ਵਿਚਾਰ ਹੋਵੇਗਾ।’’
ਫ਼ਲਸਤੀਨ ਵਿਚ ਇਜ਼ਰਾਈਲ ਵੱਲੋਂ ਅਮਰੀਕਾ ਦੀ ਮਦਦ ਨਾਲ ਕੀਤਾ ਜਾ ਰਿਹਾ ਕਤਲੇਆਮ ਇਕ ਹੋਰ ਚਿਤਾਵਨੀ ਹੈ ਕਿ ਮਨੁੱਖਤਾ ਨੂੰ ਆਪਣੀਆਂ ਸੱਭਿਅਤਾਵਾਂ ਅਤੇ ਆਗੂਆਂ ਦੇ ਨਵੇਂ ਰੋਲ ਮਾਡਲ ਅਤੇ ਪੱਛਮ ਦੇ ਪ੍ਰਭਾਵ ਹੇਠਲੇ ਸਿੱਖਿਆ ਅਤੇ ਮੀਡੀਆ ਤੋਂ ਪਰ੍ਹੇ ਤਰੱਕੀ ਦੇ ਨਵੇਂ ਵਿਚਾਰ ਤਲਾਸ਼ ਕਰਨੇ ਪੈਣਗੇ। 2008 ਤੋਂ ਬਾਅਦ ਆਲਮੀ ਵਿੱਤੀ ਸੰਕਟ ਤੋਂ ਬਾਅਦ ਜਦੋਂ ਅਰਥਸ਼ਾਸਤਰੀਆਂ ਨੇ ਆਰਥਿਕ ਵਿਕਾਸ ਦੀ ਆਮ ਰਣਨੀਤੀ ਤਲਾਸ਼ ਕਰਨ ਦਾ ਵਾਅਦਾ ਕੀਤਾ ਸੀ। ਸਾਲ 2010 ਵਿਚ ਲਿਓਨਲ ਰੌਬਿਨਜ਼ ਮੈਮੋਰੀਅਲ ਲੈਕਚਰ ਦਿੰਦਿਆਂ ਬਰਤਾਨਵੀ ਅਰਥਸ਼ਾਸਤਰੀ ਅਡੇਅਰ ਟਰਨਰ ਨੇ ਧਿਆਨ ਦਿਵਾਇਆ ਸੀ ਕਿ ‘‘ਅਰਥਸ਼ਾਸਤਰੀਆਂ ਦੇ ਮਾਡਲਾਂ ਵਿਚ ਹਕੀਕਤ ਦਾ ਬਹੁਤ ਵੱਡਾ ਹਿੱਸਾ ਛੱਡ ਦਿੱਤਾ ਜਾਂਦਾ ਹੈ ਜਿਸ ਬਾਰੇ ਦੁਨੀਆ ਨੂੰ ਕੋਈ ਪਤਾ ਨਹੀਂ ਚਲਦਾ।’’ ਕੇਨਜ਼ ਦੇ ਇਸ ਕਥਨ ‘‘ਵਿਹਾਰਕ ਆਦਮੀ ਆਮ ਤੌਰ ’ਤੇ ਕਿਸੇ ਨਾ ਕਿਸੇ ਨਖਿੱਧ ਅਰਥਸ਼ਾਸਤਰੀ ਦੇ ਗ਼ੁਲਾਮ ਹੁੰਦੇ ਹਨ’’, ਨੂੰ ਤੋੜ ਮਰੋੜਦੇ ਹੋਏ ਉਸ ਨੇ ਚਿਤਾਵਨੀ ਦਿੱਤੀ ਸੀ ਕਿ ‘‘ਇਸ ਸਮੇਂ ਕੇਂਦਰੀ ਬੈਂਕਾਂ ਅਤੇ ਸਰਕਾਰਾਂ ਦੇ ਨੀਤੀਸਾਜ਼ੀ ਵਿਭਾਗਾਂ ਵਿਚ ਕੰਮ ਕਰਦੇ ਕਾਫ਼ੀ ਬੁੱਧੀਮਾਨ ਪੁਰਸ਼ਾਂ ਅਤੇ ਔਰਤਾਂ ਤੋਂ ਬਹੁਤ ਵੱਡਾ ਖ਼ਤਰਾ ਹੈ ਜੋ ਹਾਲੇ ਤੱਕ ਵੀ ਜ਼ਿੰਦਾ ਅਰਥਸ਼ਾਸਤਰੀਆਂ ਦੇ ਭਾਰੂ ਵਿਸ਼ਵਾਸਾਂ ਦੇ ਬਹੁਤ ਹੀ ਸਿੱਧ-ਪੱਧਰੇ ਰੂਪਾਂ ਨੂੰ ਮਹਾਨ ਬਣਾ ਕੇ ਪੇਸ਼ ਕਰਦੇ ਰਹਿੰਦੇ ਹਨ।’’
ਪੈਸਾ ਬੋਲਦਾ ਹੈ, ਭਾਈ! ਬੀਨ ਵਜਾਉਣ ਵਾਲੇ ਦੀ ਜੇਬ੍ਹ ਵਿਚ ਜਿਸ ਦਾ ਸਿੱਕਾ ਪੈਂਦਾ ਹੈ, ਉਸੇ ਦੀ ਪਸੰਦੀਦਾ ਧੁਨ ਵੱਜਦੀ ਹੈ। ਅਰਥਚਾਰੇ ਦੇ ਚਿਹਨ ਚੱਕਰ ਨੂੰ ਅਮਰੀਕਾ ਵੱਲੋਂ ਚਲਾਈਆਂ ਜਾਂਦੀਆਂ ਸੰਸਥਾਵਾਂ ਜਿਵੇਂ ਕਿ ਅਮਰੀਕੀ ਯੂਨੀਵਰਸਿਟੀਆਂ ਤੇ ਵਿਚਾਰਸ਼ੀਲ ਅਦਾਰੇ, ਵਿਸ਼ਵ ਬੈਂਕ ਅਤੇ ਆਈਐਮਐਫ ਆਦਿ ਵੱਲੋਂ ਘੜਿਆ ਜਾਂਦਾ ਹੈ। ਕਾਰੋਬਾਰ ਦੇ ਸਿਧਾਂਤਾਂ ਉਪਰ ਅਮਰੀਕੀ ਕਾਰੋਬਾਰੀ ਸਕੂਲਾਂ ਦਾ ਦਬਦਬਾ ਹੈ। ਯੁਵਾ ਮੈਨੇਜਰਾਂ ਦੀ ਸੋਚ ਦਾ ਖਾਕਾ ਫਾਰਚੂਨ-500 ਕੰਪਨੀਆਂ ਦੇ ਅਮਰੀਕੀ ਕਾਰੋਬਾਰੀ ਮੋਹਰੀਆਂ ਜੈਕ ਵੈਲਸ਼, ਸਟੀਵ ਜਾਬਸ, ਐਲਨ ਮਸਕ ਆਦਿ ਦੀਆਂ ਕਹਾਣੀਆਂ ਸਿਰਜਦੀਆਂ ਹਨ। ਪੂੰਜੀਵਾਦ ਅਤੇ ਲੋਕਰਾਜ ਦੇ ਅਮਰੀਕੀ ਵਿਚਾਰਾਂ ਨੂੰ ਅਮਰੀਕਾ ਦੇ ਹਥਿਆਰਾਂ ਤੇ ਧਨ ਦੀ ਧੌਂਸ ਨਾਲ ਦੂਜੇ ਦੇਸ਼ਾਂ ਉਪਰ ਥੋਪਿਆ ਜਾਂਦਾ ਹੈ। ਦੁਨੀਆ ਨੂੰ ਸਭਨਾਂ ਲਈ ਇਕ ਬਿਹਤਰ ਜਗ੍ਹਾ ਬਣਾਉਣ ਦਾ ਸੁਫ਼ਨਾ ਲੈਣ ਵਾਲੇ ਬਹੁਤ ਸਾਰੇ ਯੁਵਾ ਤੇ ਬਜ਼ੁਰਗ ਲੋਕ ਨਵੇਂ ਵਿਚਾਰਾਂ ਦੀ ਤਲਾਸ਼ ਕਰ ਰਹੇ ਹਨ ਤਾਂ ਕਿ ਆਰਥਿਕ ਪ੍ਰਗਤੀ ਨੂੰ ਸਮਾਵੇਸ਼ੀ ਤੇ ਪਾਏਦਾਰ ਅਤੇ ਸ਼ਾਸਨ ਨੂੰ ਵਧੇਰੇ ਨਿਆਂਪੂਰਨ ਬਣਾਇਆ ਜਾ ਸਕੇ। ਉਹ ਜੇਸੀ ਕੁਮਾਰੱਪਾ, ਹੇਜ਼ਲ ਹੈਂਡਰਸਨ, ਈਐਫ ਸ਼ੂਮਾਕਰ ਅਤੇ ਐਲੀਨੋਰ ਓਸਟ੍ਰਾਮ ਜਿਹੇ ਜ਼ਿੰਦਗੀ ਪ੍ਰਤੀ ਗਾਂਧੀਵਾਦੀ ਅਤੇ ਨਾਰੀਵਾਦੀ ਵਿਚਾਰਵਾਨਾਂ ਨੂੰ ਪੜ੍ਹ ਕੇ ਲਾਭ ਉਠਾ ਸਕਦੇ ਹਨ ਅਤੇ ਉਨ੍ਹਾਂ ਨੂੰ ਮਾਈਕਲ ਸੈਂਡਲ, ਬਿਉਂਗ-ਚੁਲ ਹਾਨ ਅਤੇ ਥਾਮਸ ਫੁਕਸ ਜਿਹੇ ਇੱਕੀਵੀਂ ਸਦੀ ਦੇ ਚਿੰਤਕਾਂ ਨੂੰ ਵੀ ਪੜ੍ਹਨਾ ਚਾਹੀਦਾ ਹੈ।
ਕਈ ਵਾਰ ਕੋਈ ਇਕ ਚੰਗੀ ਕਿਤਾਬ ਕਿਸੇ ਹੋਰ ਚੰਗੀ ਕਿਤਾਬ ਵੱਲ ਤੋਰ ਦਿੰਦੀ ਹੈ। ਨਵਾਂ ਸਾਲ ਆਉਣ ਵਾਲਾ ਹੈ ਤੇ ਪ੍ਰਣ ਲੈਣ ਦਾ ਵੇਲਾ ਆ ਗਿਆ ਹੈ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਤੁਹਾਨੂੰ ਜ਼ਿਹਨੀ ਤੌਰ ’ਤੇ ਅਮੀਰ ਬਣਾਉਂਦੀ ਹੈ ਅਤੇ ਤੁਹਾਡੀ ਮਾਨਵੀ ਰੂਹ ਨੂੰ ਤਰੋਤਾਜ਼ਾ ਕਰਦੀ ਹੈ। ਕੀ ਤੁਸੀਂ ਦਿਨ ਵਿਚ ਕੁਝ ਘੰਟੇ ਆਪਣੇ ਸਮਾਰਟਫੋਨ ਦਾ ਖਹਿੜਾ ਛੱਡ ਕੇ ਕੁਝ ਚੰਗੀਆਂ ਕਿਤਾਬਾਂ ਦੇ ਲੇਖੇ ਲਾ ਸਕਦੇ ਹੋ?
* ਸਾਬਕਾ ਮੈਂਬਰ, ਭਾਰਤੀ ਯੋਜਨਾ ਕਮਿਸ਼ਨ।

Advertisement

Advertisement
Author Image

Advertisement